ਗਲਤੀ ਨਾਲ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਔਰਤ ਦੀ ਮੌਤ
Tuesday, May 21, 2019 - 11:31 PM (IST)

ਬੰਗਾ, (ਚਮਨ ਲਾਲ/ਰਾਕੇਸ਼)— ਇਥੋਂ ਨਜ਼ਦੀਕੀ ਪਿੰਡ ਖਟਕੜ ਕਲਾਂ ਵਿਖੇ ਇਕ ਔਰਤ ਵੱਲੋਂ ਗਲਤੀ ਨਾਲ ਜ਼ਹਿਰੀਲੀ ਵਸਤੂ ਨਿਗਲਣ ਨਾਲ ਬੀਤੀ ਦੇਰ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਰੀਨਾ ਕੁਮਾਰੀ ਪਤਨੀ ਸੁਨੀਲ ਕੁਮਾਰ ਵਾਸੀ ਪਿੰਡ ਖਟਕੜ ਕਲਾਂ ਨੇ ਬੀਤੀ 19 ਮਈ ਨੂੰ ਘਰ ਵਿਚ ਪਈ ਕੋਈ ਜ਼ਹਿਰੀਲੀ ਵਸਤੂ ਭੁਲੇਖੇ ਨਾਲ ਖਾ ਲਈ ਸੀ। ਜਿਸ ਨਾਲ ਉਸ ਦੀ ਸਿਹਤ ਵਿਗੜ ਗਈ। ਜਿਸ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਪੈਂਦੇ ਹਸਪਤਾਲ ਢਾਹਾਂ ਕਲੇਰਾਂ ਵਿਚ ਦਾਖਲ ਕਰਵਾਇਆ ਗਿਆ। ਜਿਥੇ ਮਾਣਯੋਗ ਸਿਵਲ ਜੱਜ ਨਵਾਂਸ਼ਹਿਰ ਸ਼੍ਰੀਮਤੀ ਲਵਲੀਨ ਕੌਰ ਸੰਧੂ ਦੀ ਹਾਜ਼ਰੀ ਵਿਚ ਜ਼ੇਰੇ ਇਲਾਜ਼ ਔਰਤ ਨੇ ਦੱਸਿਆ ਕਿ ਉਸ ਕੋਲੋਂ ਗਲਤੀ ਨਾਲ ਕੋਈ ਜ਼ਹਿਰੀਲੀ ਵਸਤੂ ਖਾ ਹੋ ਗਈ ਹੈ, ਜਿਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਇਸ ਉਪੰਰਤ ਔਰਤ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਿਥੇ ਇਲਾਜ ਦੌਰਾਨ ਦੇਰ ਰਾਤ ਉਸ ਦੀ ਮੌਤ ਹੋ ਗਈ। ਬੰਗਾ ਪੁਲਸ ਦੇ ਏ. ਐੱਸ. ਆਈ. ਰਛਪਾਲ ਸਿੰਘ, ਐੱਚ. ਸੀ. ਸਤਵੀਰ ਸਿੰਘ ਨੇ ਔਰਤ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬੰਗਾ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਕਾਰਵਾਈ ਕਰਦੇ ਹੋਏ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।