ਜਲੰਧਰ ਵਿਖੇ ਕਿਸਾਨ ਆਗੂ ਦੇ ਬੇਟੇ ਤੇ ਪੋਤਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ
Friday, Oct 14, 2022 - 10:57 AM (IST)
ਜਲੰਧਰ (ਮਹੇਸ਼)– ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਰੁੜਕਾ ਕਲਾਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਕੰਗਣੀਵਾਲ ਦੇ 34 ਸਾਲਾ ਬੇਟੇ ਸਰਬਜੀਤ ਸਿੰਘ ਅਤੇ ਪੋਤਰੇ ਅਭਿਜੋਤ ਸਿੰਘ ’ਤੇ ਸਫਾਰੀ ਗੱਡੀ ਵਿਚ ਸਵਾਰ ਹੋ ਕੇ ਆਏ ਅੱਧੀ ਦਰਜਨ ਤੋਂ ਵੱਧ ਹਮਲਾਵਰਾਂ ਨੇ ਵੀਰਵਾਰ ਨੂੰ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਸਰਬਜੀਤ ਦੇ 7 ਸਾਲਾ ਬੇਟੇ ਅਭਿਜੋਤ ਵੱਲੋਂ ਰੌਲਾ ਪਾਉਣ ’ਤੇ ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਗੱਡੀ ਲੈ ਕੇ ਫ਼ਰਾਰ ਹੋ ਗਏ। ਕਿਸਾਨ ਆਗੂ ਜਸਵੰਤ ਸਿੰਘ ਕੰਗਣੀਵਾਲ ਆਪਣੇ ਬੇਟੇ ’ਤੇ ਹੋਏ ਹਮਲੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਅਤੇ ਸਰਬਜੀਤ ਨੂੰ ਜੰਡਿਆਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ।
ਐੱਸ. ਐੱਚ. ਓ. ਅਜਾਇਬ ਸਿੰਘ ਔਜਲਾ ਅਤੇ ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਮਹਿੰਦਰ ਸਿੰਘ ਪਹਿਲਾਂ ਸਿਵਲ ਹਸਪਤਾਲ ਪਹੁੰਚੇ ਅਤੇ ਸਰਬਜੀਤ ਦੇ ਅਨਫਿੱਟ ਹੋਣ ਕਾਰਨ ਉਸ ਦੇ ਪਿਤਾ ਜਸਵੰਤ ਸਿੰਘ ਦੇ ਬਿਆਨ ਲਏ। ਬਾਅਦ ਵਿਚ ਐੱਸ. ਐੱਚ. ਓ. ਔਜਲਾ ਆਪਣੀ ਟੀਮ ਨਾਲ ਹਮਲੇ ਵਾਲੀ ਥਾਂ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਨ ’ਤੇ ਕੁਝ ਹਮਲਾਵਰ ਅਤੇ ਉਨ੍ਹਾਂ ਦੀ ਕਾਲੇ ਰੰਗ ਦੀ ਸਫਾਰੀ ਗੱਡੀ ਉਸ ਵਿਚ ਕੈਦ ਪਾਈ ਗਈ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ...ਜਦੋਂ ਜਲੰਧਰ ਦੇ ਰੈਣਕ ਬਾਜ਼ਾਰ 'ਚ ਅੰਗਰੇਜ਼ ਨੇ ਚਲਾਇਆ ਰਿਕਸ਼ਾ, ਖੜ੍ਹ ਤਕਦੇ ਰਹੇ ਲੋਕ
ਦੇਰ ਸ਼ਾਮ ਸਰਬਜੀਤ ਸਿੰਘ ਦੀ ਹਾਲਤ ਵਿਚ ਸੁਧਾਰ ਹੋਣ ’ਤੇ ਉਸ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਹ ਦੁਪਹਿਰ 2.50 ਵਜੇ ਆਪਣੇ ਬੇਟੇ ਅਭਿਜੋਤ ਨਾਲ ਮੋਟਰਸਾਈਕਲ ’ਤੇ ਚਾਹ ਲੈ ਕੇ ਹਵੇਲੀ ਨੂੰ ਜਾ ਰਿਹਾ ਸੀ। ਜਦੋਂ ਉਹ ਕੰਗਣੀਵਾਲ ਦੇ ਅੱਡੇ ਨੇੜੇ ਪੁੱਜੇ ਤਾਂ ਉਥੇ ਪਹਿਲਾਂ ਤੋਂ ਖੜ੍ਹੇ 2 ਵਿਅਕਤੀਆਂ ਨੇ ਉਨ੍ਹਾਂ ’ਤੇ ਇੱਟਾਂ ਸੁੱਟੀਆਂ। ਕੁਝ ਮਿੰਟਾਂ ਵਿਚ ਹੀ ਇਕ ਕਾਲੇ ਰੰਗ ਦੀ ਸਫਾਰੀ ਗੱਡੀ ਆਈ, ਜਿਸ ਵਿਚੋਂ ਨਿਕਲੇ 4-5 ਲੋਕਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬੇਟੇ ਅਭਿਜੋਤ ਦੇ ਰੌਲਾ ਪਾਉਣ ’ਤੇ ਹਮਲਾਵਰ ਫ਼ਰਾਰ ਹੋ ਗਏ।
ਸਰਬਜੀਤ ਨੇ ਕਿਹਾ ਕਿ ਹਮਲਾਵਰ ਉਸ ਦਾ ਪਰਸ ਵੀ ਲੈ ਗਏ। ਇਸੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਦੋਆਬਾ ਜ਼ੋਨ ਦੇ ਕੋਆਰਡੀਨੇਟਰ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਅਤੇ ਰੁੜਕਾ ਕਲਾਂ ਦੇ ਬਲਾਕ ਪ੍ਰਧਾਨ ਤਰਲੋਕ ਸਿੰਘ ਦਾਦੂਵਾਲ ਨੇ ਜਸਵੰਤ ਸਿੰਘ ਕੰਗਣੀਵਾਲ ਦੇ ਬੇਟੇ ’ਤੇ ਕੀਤੇ ਜਾਨਲੇਵਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਜਥੇ. ਕਸ਼ਮੀਰ ਸਿੰਘ ਜੰਡਿਆਲਾ ਨੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਵਧਦੀ ਗੁੰਡਾਗਰਦੀ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਪਰਾਧਿਕ ਕਿਸਮ ਦੇ ਲੋਕ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਪੁੱਜੇ PM ਮੋਦੀ ਦਾ DGP ਗੌਰਵ ਯਾਦਵ ਤੇ ਭਾਜਪਾ ਆਗੂ ਰਾਜੇਸ਼ ਬਾਘਾ ਵੱਲੋਂ ਨਿੱਘਾ ਸੁਆਗਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ