ਬਦਮਾਸ਼ ਫਤਿਹ ਤੇ ਉਸ ਦੇ ਸਾਥੀਆਂ ਦੀ ਭਾਲ ''ਚ ਪੁਲਸ ਨੇ ਅੱਧਾ ਦਰਜਨ ਟਿਕਾਣਿਆਂ ''ਤੇ ਕੀਤੀ ਰੇਡ

07/02/2020 1:02:36 PM

ਜਲੰਧਰ (ਵਰੁਣ)— ਸੋਮਵਾਰ ਦੀ ਦੇਰ ਰਾਤ ਅਮਰ ਨਗਰ 'ਚ ਹੋਈ ਧੱਕੇਸ਼ਾਹੀ ਦੇ ਮਾਮਲੇ 'ਚ ਜਲੰਧਰ ਪੁਲਸ ਨੇ ਅੱਧਾ ਦਰਜਨ ਦੇ ਕਰੀਬ ਟਿਕਾਣਿਆਂ 'ਤੇ ਰੇਡ ਕੀਤੀ ਪਰ ਕਿਸੇ ਵੀ ਮੁਲਜ਼ਮ ਦਾ ਸੁਰਾਗ ਨਹੀਂ ਮਿਲਿਆ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਥਾਣਾ-1 ਦੇ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਫਤਿਹ ਨਿਵਾਸੀ ਭਾਰਗੋ ਕੈਂਪ, ਅਮਨ, ਸਾਗਰ ਅਤੇ ਟੀਨੂੰ ਦੇ ਮੋਬਾਇਲ ਬੰਦ ਹਨ। ਉਹ ਘਰੋਂ ਭੱਜ ਗਏ ਹਨ, ਉਨ੍ਹਾਂ ਦੇ ਪਰਿਵਾਰ ਵਾਲਿਆਂ 'ਤੇ ਵੀ ਦਬਾਅ ਪਾਇਆ ਜਾ ਰਿਹਾ ਹੈ ਤਾਂ ਕਿ ਉਹ ਆਪਣੇ ਆਪ ਪੇਸ਼ ਹੋ ਜਾਣ। ਉਨ੍ਹਾਂ ਕਿਹਾ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਉਨ੍ਹਾਂ ਦੀ ਭਾਲ 'ਚ ਕਾਫੀ ਥਾਵਾਂ 'ਤੇ ਰੇਡ ਕੀਤੀ ਗਈ ਪਰ ਕੋਈ ਸਬੂਤ ਨਾ ਮਿਲਿਆ। ਪੁਲਸ ਵੱਲੋਂ ਨਾਮਜ਼ਦ ਕੀਤਾ ਗਿਆ ਮੁੱਖ ਮੁਲਜ਼ਮ ਫਤਿਹ ਸਤੰਬਰ ਮਹੀਨੇ 'ਚ ਵੀ ਕਾਲਜ ਦੀ ਪ੍ਰਧਾਨਗੀ ਸਬੰਧੀ ਮਕਸੂਦਾਂ ਮੰਡੀ ਦੇ ਬਾਹਰ ਗੁੰਡਾਗਰਦੀ ਕਰ ਚੁੱਕਾ ਹੈ। ਦੂਸਰੀ ਿਧਰ ਦੇ ਪ੍ਰਧਾਨ ਬਣੇ ਇਕ ਨੌਜਵਾਨ ਨੂੰ ਫਤਿਹ ਨੇ ਲੜਾਈ ਲਈ ਮਕਸੂਦਾਂ ਮੰਡੀ ਦੇ ਬਾਹਰ ਬੁਲਾਇਆ ਸੀ। ਦੋਵਾਂ ਧਿਰਾਂ 'ਚ ਕੁੱਟਮਾਰ ਹੋਈ ਸੀ ਅਤੇ ਫਤਿਹ ਗਰੁੱਪ ਵੱਲੋਂ ਗੋਲੀ ਚਲਾਉਣ ਦੀ ਵੀ ਚਰਚਾ ਹੋਈ।
ਪੁਲਸ ਨੇ ਉਸ ਸਮੇਂ ਗੋਲੀ ਚੱਲਣ ਦੀ ਗੱਲ ਦੀ ਪੁਸ਼ਟੀ ਨਹੀਂ ਕੀਤੀ ਸੀ ਜਦਕਿ ਦੋਵਾਂ ਧਿਰਾਂ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਉਸ ਕੇਸ 'ਚ ਫਤਿਹ ਦੇ ਵਿਰੋਧੀ ਧਿਰ ਦੇ ਇਕ ਨੌਜਵਾਨ ਦੀ ਗ੍ਰਿਫਤਾਰੀ ਹੋਈ ਸੀ ਪਰ ਬਾਕੀ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਜਾਂਚ ਪੜਤਾਲ ਦੇ ਨਾਂ 'ਤੇ ਕੇਸ ਨੂੰ ਦਬਾ ਦਿੱਤਾ ਗਿਆ।

ਦੱਸ ਦਈਏ ਕਿ ਸੋਮਵਾਰ ਦੇਰ ਰਾਤ ਫਤਿਹ, ਅਮਨ, ਸਾਗਰ, ਟੀਨੂੰ ਅਤੇ ਇਕ ਨੌਜਵਾਨ ਸਫਾਰੀ ਗੱਡੀ 'ਚ ਆਕਾਸ਼ ਨਾਂ ਦੇ ਨੌਜਵਾਨ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਅਮਰ ਨਗਰ ਆ ਗਏ ਸਨ, ਜਿਨ੍ਹਾਂ ਨੇ ਆਕਾਸ਼ ਨੂੰ ਗੱਡੀ ਦੇ ਅੰਦਰ ਹੋਣ ਦੇ ਸ਼ੱਕ 'ਤੇ ਗੱਡੀ ਦੀ ਰੇਕੀ ਕਰਵਾਈ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਗੱਡੀ ਨੂੰ ਆਕਾਸ਼ ਦਾ ਦੋਸਤ ਗੈਰੀ ਚਲਾ ਕੇ ਆਪਣੇ ਘਰ ਲੈ ਆਇਆ ਸੀ। ਇਸ ਤਰ੍ਹਾਂ ਫਤਿਹ ਅਤੇ ਉਸਦੇ ਸਾਥੀਆਂ ਨੇ ਗੈਰੀ ਦੇ ਘਰ ਜਾ ਕੇ ਭੰਨਤੋੜ ਕਰ ਦਿੱਤੀ ਅਤੇ ਸਾਰੀ ਵਾਰਦਾਤ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਸੀ।

ਥਾਣਾ 1 ਦੀ ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਜ਼ਿਕਰਯੋਗ ਹੈ ਕਿ ਆਕਾਸ਼ ਅਤੇ ਫਤਿਹ ਜਦੋਂ ਕਪੂਰਥਲਾ ਜੇਲ 'ਚ ਸਨ ਤਾਂ ਆਕਾਸ਼ ਨੇ ਫਤਿਹ ਤੋਂ ਆਪਣੇ ਕੱਪੜੇ ਧੁਆਏ ਸਨ, ਜਿਸਦੀ ਰੰਜਿਸ਼ ਕੱਢਣ ਲਈ ਉਹ ਕਾਫੀ ਸਮੇਂ ਤੋਂ ਆਕਾਸ਼ ਦੀ ਰੇਕੀ ਕਰਵਾ ਰਿਹਾ ਸੀ। ਇਸ ਤੋਂ ਪਹਿਲਾਂ ਵੀ ਦੋਵੇਂ ਗਰੁੱਪ ਆਹਮਣੇ-ਸਾਹਮਣੇ ਹੋ ਚੁੱਕੇ ਹਨ ਪਰ ਜੇਲ ਦੀ ਗੱਲ ਕਾਰਨ ਫਤਿਹ ਆਕਾਸ਼ ਤੋਂ ਬਦਲਾ ਲੈਣ ਦੀ ਤਾੜ 'ਚ ਸੀ।


shivani attri

Content Editor

Related News