ਜਲੰਧਰ ਕਮਿਸ਼ਨਰੇਟ ਪੁਲਸ ਨੇ 16 ਮਾਮਲਿਆਂ ’ਚ ਸ਼ਾਮਲ ਖ਼ਤਰਨਾਕ ਮੁਲਜ਼ਮ ਨੂੰ ਸਾਥੀ ਸਮੇਤ ਕੀਤਾ ਗ੍ਰਿਫ਼ਤਾਰ

Wednesday, Jul 10, 2024 - 10:37 AM (IST)

ਜਲੰਧਰ (ਸੁਧੀਰ)–ਸ਼ਹਿਰ ਵਿਚ ਮੁਲਜ਼ਮਾਂ ਨੂੰ ਨਕੇਲ ਪਾਉਣ ਦੀ ਕਵਾਇਦ ਤਹਿਤ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਸ ਨੇ 16 ਮਾਮਲਿਆਂ ਵਿਚ ਸ਼ਾਮਲ ਇਕ ਖ਼ਤਰਨਾਕ ਮੁਲਜ਼ਮ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਇਕ ਲੈਪਟਾਪ, 2 ਮੋਬਾਇਲ ਅਤੇ ਬਿਨਾਂ ਨੰਬਰ ਦੀ ਇਕ ਐਕਟਿਵਾ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਨਿਵਾਸੀ ਰਾਜੀਵ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 2 ਜੁਲਾਈ ਦੀ ਰਾਤ ਨੂੰ ਲਗਭਗ 10.15 ਵਜੇ 2 ਵਿਅਕਤੀ ਉਸ ਦੀ ਵਾਈਨ ਸ਼ਾਪ ਵਿਚ ਦਾਖ਼ਲ ਹੋਏ। ਦੋਵਾਂ ਨੌਜਵਾਨਾਂ ਨੇ ਆਪਣੇ ਮੂੰਹ ਰੁਮਾਲ ਨਾਲ ਢਕੇ ਹੋਏ ਸਨ ਅਤੇ ਉਹ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਜੋ ਕਾਊਂਟਰ ਵਿਚੋਂ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਦੀ Live Update: ਵੋਟਿੰਗ ਲਗਾਤਾਰ ਜਾਰੀ, 9 ਵਜੇ ਤੱਕ 10.30 ਫ਼ੀਸਦੀ ਹੋਈ ਵੋਟਿੰਗ

ਸੀ. ਪੀ. ਨੇ ਦੱਸਿਆ ਕਿ ਪੁਲਸ ਨੇ ਹਰਕਤ ਵਿਚ ਆਉਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਕਨੀਕੀ ਸਬੂਤਾਂ ਤੇ ਮਨੁੱਖੀ ਸਰੋਤਾਂ ਦੇ ਆਧਾਰ ’ਤੇ ਦੋਵਾਂ ਦੋਸ਼ੀਆਂ ਦੀ ਪਛਾਣ ਪਰਮਜੀਤ ਸਿੰਘ ਉਰਫ਼ ਪ੍ਰਿੰਸ ਬਾਬਾ ਪੁੱਤਰ ਸਰਬਜੀਤ ਸਿੰਘ ਨਿਵਾਸੀ ਮਕਾਨ ਨੰਬਰ 290/5 ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ, ਹਾਲ ਨਿਵਾਸੀ ਧੋਬੀ ਮੁਹੱਲਾ ਨਜ਼ਦੀਕ ਜੋਤੀ ਚੌਕ ਜਲੰਧਰ ਅਤੇ ਨੀਰਜ ਕੁਮਾਰ ਉਰਫ ਨੀਜੂ ਪੁੱਤਰ ਸੰਜੀਵ ਕੁਮਾਰ ਨਿਵਾਸੀ ਐੱਚ. ਐੱਨ. ਐੱਨ. ਐੱਮ. 390, ਮੁਹੱਲਾ ਕਰਾਰ ਖਾਂ, ਨੀਵੀਂ ਚੱਕੀ ਵਾਲੀ ਗਲੀ, ਨਜ਼ਦੀਕ ਪਟੇਲ ਚੌਕ ਜਲੰਧਰ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 2 ਚੋਰੀ ਦੇ ਮੋਬਾਇਲ, ਇਕ ਲੈਪਟਾਪ ਅਤੇ ਬਿਨਾਂ ਨੰਬਰ ਦੀ ਇਕ ਐਕਟਿਵਾ ਬਰਾਮਦ ਕਰ ਲਈ ਹੈ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਸ਼ਹਿਰ ਵਿਚ ਸਨੈਚਿੰਗ ਅਤੇ ਚੋਰੀ ਦੀਆਂ ਕਈ ਹੋਰਨਾਂ ਘਟਨਾਵਾਂ ਵਿਚ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪ੍ਰਿੰਸ ਦੇ ਖ਼ਿਲਾਫ਼ ਪਹਿਲਾਂ ਤੋਂ ਜਲੰਧਰ ਅਤੇ ਕਪੂਰਥਲਾ ਦੇ ਥਾਣਿਆਂ ਵਿਚ 16 ਮੁਕੱਦਮੇ ਦਰਜ ਹਨ। ਹਾਲਾਂਕਿ ਪੁਲਸ ਕਮਿਸ਼ਨਰ ਨੇ ਕਿਹਾ ਕਿ ਉਸਦੇ ਸਾਥੀ ਨੀਰਜ ਦਾ ਅਜੇ ਤਕ ਕੋਈ ਵੀ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜੇਕਰ ਕੋਈ ਹੋਰ ਵੇਰਵੇ ਸਾਹਮਣੇ ਆਏ ਤਾਂ ਭਵਿੱਖ ਵਿਚ ਸਾਂਝੇ ਕੀਤੇ ਜਾਣਗੇ। ਜਨਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਜੁਰਮ ਅਤੇ ਮੁਜਰਿਮਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ: ਪਿਤਾ ਚੁੰਨੀ ਲਾਲ ਭਗਤ ਦਾ ਆਸ਼ੀਰਵਾਦ ਲੈ ਕੇ 'ਆਪ' ਦੇ ਉਮੀਦਵਾਰ ਮੋਹਿੰਦਰ ਭਗਤ ਨੇ ਪਾਈ ਵੋਟ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News