ਰਣਜੀਤ ਸਿੰਘ ਦੀ ਰਿਪੋਰਟ ਨੇ ਅਕਾਲੀ ਦਲ ਦੇ ਚਿਹਰੇ ਤੋਂ ਨਕਾਬ ਉਤਾਰਿਆ : ਆਹਲੂਵਾਲੀਆ

Sunday, Sep 09, 2018 - 03:50 PM (IST)

ਜਲੰਧਰ (ਚੋਪੜਾ)— ਬਹਿਬਲ ਕਲਾਂ ਗੋਲੀ ਕਾਂਡ ਦੇ ਸਾਰੇ ਦੋਸ਼ੀ ਜਦੋਂ ਤਕ ਜੇਲ 'ਚ ਨਹੀਂ ਹੋਣਗੇ ਤਦ ਤਕ ਪੰਜਾਬ ਦੀ ਜਨਤਾ ਦੇ ਦਿਲਾਂ 'ਚ ਲੱਗੀ ਅੱਗ ਨਹੀਂ ਬੁਝੇਗੀ। ਇਹ ਸ਼ਬਦ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਬਿੱਟਾ, ਅੰਮ੍ਰਿਤ ਖੋਸਲਾ, ਅਰੁਣ ਵਾਲੀਆ, ਸੂਬਾ ਸਕੱਤਰ ਅਸ਼ੋਕ ਗੁਪਤਾ, ਸੁਰਿੰਦਰ ਚੌਧਰੀ ਅਤੇ ਹੋਰਨਾਂ ਨੇ ਕਹੇ। ਆਹਲੂਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਿਟਾ. ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ 'ਚ ਲਿਆ ਕੇ ਅਕਾਲੀ ਦਲ ਦੇ ਚਿਹਰੇ ਤੋਂ ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਦਾ ਨਕਾਬ ਉਤਾਰ ਸੁੱਟਿਆ ਹੈ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਖਿਲਾਫ ਸਿੱਖ ਸੰਗਤ 'ਚ ਭਾਰੀ ਰੋਸ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਕਾਂਡ ਦੀ ਜਾਂਚ ਸੀ. ਬੀ. ਆਈ. ਦੀ ਬਜਾਏ ਪੰਜਾਬ ਪੁਲਸ ਤੋਂ ਕਰਵਾਉਣ ਦਾ ਬੇਹੱਦ ਸਹੀ ਫੈਸਲਾ ਲਿਆ ਹੈ ਕਿਉਂਕਿ ਇਸ ਨਾਲ ਇਸ ਗੋਲੀ ਕਾਂਡ 'ਚ ਸ਼ਾਮਲ ਸਾਰੇ ਰਾਜਸੀ ਆਗੂ ਅਤੇ ਅਧਿਕਾਰੀ ਜਲਦੀ ਹੀ ਸੀਖਾਂ ਪਿੱਛੇ ਹੋਣਗੇ।
ਆਹਲੂਵਾਲੀਆ ਨੇ ਕਿਹਾ ਕਿ ਮਹਿੰਗਾਈ ਹੱਦਾਂ ਟੱਪ ਚੁੱਕੀ ਹੈ। ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਨਾਲ ਦੇਸ਼ ਵਾਸੀਆਂ 'ਚ ਹਾਹਾਕਾਰ ਮਚੀ ਹੋਈ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ 'ਚ ਲੱਗੀ ਹੈ।

ਉਨ੍ਹਾਂ ਕਿਹਾ ਕਿ ਜੁਮਲੇਬਾਜ਼ ਨਰਿੰਦਰ ਮੋਦੀ ਨੂੰ ਲੋਕ 2019 ਦੀਆਂ ਲੋਕ ਸਭਾ ਚੋਣਾਂ 'ਚ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਮੌਕੇ ਨਿਰਵੈਲ ਸਿੰਘ ਕੰਗ, ਸੁਨੀਲ ਲੂੰਬਾ, ਸੰਦੀਪ ਖੋਸਲਾ, ਭੁਪੇਸ਼ ਸੁਗੰਧ, ਗੌਰਵ ਅਰੋੜਾ, ਰਾਜੀਵ ਕੱਕੜ, ਚਰਨਜੀਤ ਚੰਨੀ, ਸੰਜੂ ਅਰੋੜਾ, ਆਗਿਆਪਾਲ ਚੱਢਾ, ਪੰਕਜ ਚੱਢਾ ਤੇ ਹੋਰ ਵੀ ਮੌਜੂਦ ਸਨ।


Related News