'ਸਮਾਰਟ ਸਿਟੀ' ਜਲੰਧਰ ਦੇ ਖਾਤੇ ’ਚ ਪਏ ਕਰੋੜਾਂ ਰੁਪਏ ਦੇ ਫੰਡ ਕੇਂਦਰ ਸਰਕਾਰ ਨੇ ਮੰਗਵਾ ਲਏ ਵਾਪਸ

Tuesday, Jul 19, 2022 - 03:55 PM (IST)

'ਸਮਾਰਟ ਸਿਟੀ' ਜਲੰਧਰ ਦੇ ਖਾਤੇ ’ਚ ਪਏ ਕਰੋੜਾਂ ਰੁਪਏ ਦੇ ਫੰਡ ਕੇਂਦਰ ਸਰਕਾਰ ਨੇ ਮੰਗਵਾ ਲਏ ਵਾਪਸ

ਜਲੰਧਰ (ਖੁਰਾਣਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਲਗਭਗ 5 ਸਾਲ ਪਹਿਲਾਂ ਸਮਾਰਟ ਸਿਟੀ ਮਿਸ਼ਨ ਸ਼ੁਰੂ ਕਰ ਕੇ ਦੇਸ਼ ਦੇ ਪਹਿਲੇ 100 ਸਮਾਰਟ ਬਣਨ ਜਾ ਰਹੇ ਸ਼ਹਿਰਾਂ ਦੀ ਸੂਚੀ ਵਿਚ ਜਲੰਧਰ ਦਾ ਨਾਂ ਵੀ ਸ਼ਾਮਲ ਕੀਤਾ ਸੀ। ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਵਿਚ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਅਤੇ ਇਕ ਅੰਦਾਜ਼ੇ ਮੁਤਾਬਕ 1 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਜਾਂ ਤਾਂ ਚੱਲ ਰਹੇ ਹਨ ਜਾਂ ਪੂਰੇ ਹੋ ਚੁੱਕੇ ਹਨ ਜਾਂ ਟੈਂਡਰ ਪ੍ਰਕਿਰਿਆ ਦੇ ਅਧੀਨ ਹਨ।

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

ਕੇਂਦਰ ਅਤੇ ਸੂਬਾ ਸਰਕਾਰਾਂ ਜਲੰਧਰ ਸਮਾਰਟ ਸਿਟੀ ਕੰਪਨੀ ਨੂੰ ਹੁਣ ਤੱਕ ਵੱਖ-ਵੱਖ ਪ੍ਰਾਜੈਕਟਾਂ ਲਈ ਸੈਂਕੜੇ ਕਰੋੜ ਰੁਪਏ ਦੀ ਰਾਸ਼ੀ ਰਿਲੀਜ਼ ਵੀ ਕਰ ਚੁੱਕੀਆਂ ਹਨ ਪਰ ਇਸਦੇ ਬਾਵਜੂਦ ਜਲੰਧਰ ਵਿਚ ਇਕ ਵੀ ਅਜਿਹਾ ਪ੍ਰਾਜੈਕਟ ਨਹੀਂ, ਜਿਸ ਨੇ ਜਲੰਧਰ ਸ਼ਹਿਰ ਨੂੰ ਸਮਾਰਟ ਲੁਕ ਦਿੱਤੀ ਹੋਵੇ। ਸਮਾਰਟ ਸਿਟੀ ਜਲੰਧਰ ਦੇ ਵਧੇਰੇ ਪ੍ਰਾਜੈਕਟ ਇਨ੍ਹੀਂ ਦਿਨੀਂ ਕਮਿਸ਼ਨਬਾਜ਼ੀ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿਚ ਘਿਰੇ ਹੋਏ ਹਨ, ਜਿਸ ਦੀਆਂ ਸ਼ਿਕਾਇਤਾਂ ਲਗਾਤਾਰ ਕੇਂਦਰ ਤੇ ਸੂਬਾ ਸਰਕਾਰ ਤੱਕ ਪਹੁੰਚ ਵੀ ਰਹੀਆਂ ਹਨ।

ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

ਕੁਝ ਮਹੀਨੇ ਪਹਿਲਾਂ ਹੀ ਕੇਂਦਰ ਸਰਕਾਰ ਨੇ ਇਕ ਚਿੱਠੀ ਜਾਰੀ ਕਰ ਕੇ ਜਲੰਧਰ ਸਮਾਰਟ ਸਿਟੀ ਨੂੰ ਨਿਰਦੇਸ਼ ਭੇਜੇ ਸਨ ਕਿ 31 ਮਾਰਚ ਤੱਕ ਜਿਹੜੀ ਵੀ ਡੀ. ਪੀ. ਆਰ. ਫਾਈਨਲ ਹੋ ਜਾਵੇ, ਉਸ ਤੋਂ ਬਾਅਦ ਕੋਈ ਨਵੀਂ ਡੀ. ਪੀ. ਆਰ. ਨਾ ਬਣਾਈ ਜਾਵੇ। ਹੁਣ ਕੇਂਦਰ ਸਰਕਾਰ ਵੱਲੋਂ ਜਲੰਧਰ ਸਮਾਰਟ ਸਿਟੀ ਨੂੰ ਨਿਰਦੇਸ਼ ਆਏ ਹਨ ਕਿ ਉਸ ਕੋਲ ਜਿਹੜਾ ਵੀ ਪੈਸਾ ਬਿਨਾਂ ਖ਼ਰਚ ਹੋਇਆ (ਅਨ-ਯੂਟੀਲਾਈਜ਼ਡ) ਪਿਆ ਹੋਇਆ ਹੈ, ਉਹ ਕੇਂਦਰ ਸਰਕਾਰ ਨੂੰ ਵਾਪਸ ਭੇਜ ਦਿੱਤਾ ਜਾਵੇ।ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਦੇ ਇਨ੍ਹਾਂ ਨਿਰਦੇਸ਼ਾਂ ਮੁਤਾਬਕ ਜਲੰਧਰ ਸਮਾਰਟ ਸਿਟੀ ਨੂੰ ਲਗਭਗ 10 ਤੋਂ 15 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਸਰਕਾਰ ਨੂੰ ਮੋੜਨੀ ਪਵੇਗੀ। ਇਹ ਸਭ ਸਮਾਰਟ ਸਿਟੀ ਦੇ ਲਾਪ੍ਰਵਾਹ ਅਧਿਕਾਰੀਆਂ ਅਤੇ ਸ਼ਹਿਰ ਦੇ ਨਾਲਾਇਕ ਆਗੂਆਂ ਕਾਰਨ ਹੋ ਰਿਹਾ ਹੈ, ਜਿਹੜੇ ਸਹੀ ਪ੍ਰਾਜੈਕਟ ਹੀ ਨਹੀਂ ਬਣਵਾ ਸਕੇ। ਕੇਂਦਰ ਦਾ ਇਹ ਹੁਕਮ ਜਲੰਧਰ ਸ਼ਹਿਰ ਲਈ ਬਹੁਤ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਫਿਰ ਡੂੰਘਾ ਹੋ ਸਕਦੈ ਸਿੱਖ ਜਥੇਬੰਦੀਆਂ ਅਤੇ ਡੇਰਾ ਸਮਰਥਕਾਂ ਵਿਚਾਲੇ ਵਿਵਾਦ, ਪੁਲਸ ਅਲਰਟ

ਪੀ. ਐੱਮ. ਆਈ. ਡੀ. ਸੀ. ਨੇ ਵੱਖ-ਵੱਖ ਪ੍ਰਾਜੈਕਟਾਂ ਦੀ ਕੀਤੀ ਸਮੀਖਿਆ

ਇਸੇ ਵਿਚਕਾਰ ਅੱਜ ਚੰਡੀਗੜ੍ਹ ਵਿਚ ਪੀ. ਐੱਮ. ਆਈ. ਡੀ. ਸੀ. ਦੇ ਉੱਚ ਅਧਿਕਾਰੀਆਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਸਮਾਰਟ ਸਿਟੀਜ਼ ਦੇ ਸੀ. ਈ. ਓ. ਸ਼ਾਮਲ ਹੋਏ। ਇਸ ਦੌਰਾਨ ਤਿੰਨਾਂ ਸ਼ਹਿਰਾਂ ਵਿਚ ਸਮਾਰਟ ਸਿਟੀਜ਼ ਦੇ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ। ਜਲੰਧਰ ਦੀ ਗੱਲ ਕਰੀਏ ਤਾਂ ਵਧੇਰੇ ਜ਼ੋਰ ਕੰਟਰੋਲ ਐਂਡ ਕਮਾਂਡ ਸੈਂਟਰ ਸਬੰਧੀ ਪ੍ਰਾਜੈਕਟ ’ਤੇ ਦਿੱਤਾ ਗਿਆ, ਜਿਸ ’ਤੇ ਮੱਠੀ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਮਨਪ੍ਰੀਤ ਇਯਾਲੀ ਤੋਂ ਇਲਾਵਾ ਇਨ੍ਹਾਂ ਦੋ ਵਿਧਾਇਕਾਂ ਨੇ ਵੀ ਨਹੀਂ ਪਾਈ ਰਾਸ਼ਟਰਪਤੀ ਚੋਣਾਂ 'ਚ ਵੋਟ, ਜਾਣੋ ਵਜ੍ਹਾ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਇਸ ਪ੍ਰਾਜੈਕਟ ਦਾ ਦੇਸ਼ ਪੱਧਰੀ ਉਦਘਾਟਨ ਕਰਨਾ ਹੈ। ਫ਼ਿਲਹਾਲ ਪੀ. ਐੱਮ. ਆਈ. ਡੀ. ਸੀ. ਨੂੰ ਇਹ ਚਿੰਤਾ ਵੀ ਹੈ ਕਿ ਜਲੰਧਰ ਵਿਚ ਸਮਾਰਟ ਸਿਟੀ ਦਾ ਐੱਲ. ਈ. ਡੀ. ਪ੍ਰਾਜੈਕਟ ਗੰਭੀਰ ਦੋਸ਼ਾਂ ਵਿਚ ਘਿਰਿਆ ਹੋਇਆ ਹੈ ਅਤੇ ਸਮਾਰਟ ਰੋਡ, ਸਰਫੇਸ ਵਾਟਰ, ਸਟਾਰਮ ਵਾਟਰ, ਪਾਰਕ ਅਤੇ ਨਹਿਰ ਦੇ ਸੁੰਦਰੀਕਰਨ ਨਾਲ ਸਬੰਧਤ ਕੰਮਾਂ ਵਿਚ ਵੀ ਸ਼ਿਕਾਇਤਾਂ ਦੇ ਢੇਰ ਲੱਗੇ ਹੋਏ ਹਨ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News