ਰੇਲਵੇ ਵਿਭਾਗ ਜਾਗਿਆ: 10 ਦਿਨਾਂ ਤੋਂ ਰੇਲਵੇ ਟ੍ਰੈਕ ’ਤੇ ਪਈ ਗਊ ਦੀ ਲਾਸ਼ ਨੂੰ ਦਫਨਾਇਆ

Thursday, Jan 09, 2025 - 12:12 PM (IST)

ਰੇਲਵੇ ਵਿਭਾਗ ਜਾਗਿਆ: 10 ਦਿਨਾਂ ਤੋਂ ਰੇਲਵੇ ਟ੍ਰੈਕ ’ਤੇ ਪਈ ਗਊ ਦੀ ਲਾਸ਼ ਨੂੰ ਦਫਨਾਇਆ

ਜਲੰਧਰ (ਚੋਪੜਾ)–ਜਲੰਧਰ-ਨਕੋਦਰ ਰੇਲਵੇ ਟ੍ਰੈਕ ’ਤੇ ਡੀ. ਐੱਮ. ਯੂ. ਇੰਜਣ ਵਿਚ ਫਸ ਕੇ ਗਊ ਦੇ ਮਰਨ ਦੇ 10 ਦਿਨਾਂ ਬਾਅਦ ਰੇਲਵੇ ਵਿਭਾਗ ਉਸ ਸਮੇਂ ਕੁੰਭਕਰਨੀ ਨੀਂਦ ਤੋਂ ਜਾਗਿਆ, ਜਦੋਂ ‘ਜਗ ਬਾਣੀ’ ਨੇ ਗਊ ਮਾਤਾ ਦੀ ਲਾਸ਼ ਨੂੰ ਆਵਾਰਾ ਕੁੱਤਿਆਂ ਅਤੇ ਪੰਛੀਆਂ ਵੱਲੋਂ ਨੋਚ-ਨੋਚ ਕੇ ਖਾਣ ਸਬੰਧੀ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ, ਜਿਸ ਤੋਂ ਬਾਅਦ ਰੇਲਵੇ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਹਿੰਦ ਕ੍ਰਾਂਤੀ ਦਲ ਦੇ ਪ੍ਰਧਾਨ ਅਤੇ ਗਊ ਰੱਖਿਅਕ ਮਨੋਜ ਨੰਨ੍ਹਾ ਦੇ ਸਾਥੀਆਂ ਅਨਿਲ ਸ਼ਰਮਾ, ਚਿਰਾਗ ਸ਼ਰਮਾ ਅਤੇ ਹੋਰ ਸਹਿਯੋਗੀਆਂ ਨਾਲ ਲਾਸ਼ ਨੂੰ ਵਿਧੀਪੂਰਵਕ ਦਫਨਾ ਦਿੱਤਾ।

ਅੱਜ ਰੇਲਵੇ ਵਿਭਾਗ ਦੇ ਕਰਮਚਾਰੀ ਹਿੰਦ ਕ੍ਰਾਂਤੀ ਦਲ ਦੇ ਅਨਿਲ ਸ਼ਰਮਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੇ. ਸੀ. ਬੀ. ਮਸ਼ੀਨ ਲੈ ਕੇ ਲਾਸ਼ ਕੋਲ ਪਹੁੰਚੇ ਅਤੇ ਉਨ੍ਹਾਂ ਨੇ ਉਥੇ ਜ਼ਮੀਨ ’ਤੇ ਵੱਡਾ ਸਾਰਾ ਖੱਡਾ ਪੁੱਟ ਕੇ ਲਾਸ਼ ਨੂੰ ਦਫਨਾ ਦਿੱਤਾ। ਇਸ ਦੌਰਾਨ ਅਨਿਲ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਹਿਲਾਂ ਲਾਸ਼ ਦੀ ਪੂਜਾ-ਅਰਚਨਾ ਕਰਕੇ ਉਸ ਨੂੰ ਗੰਗਾ ਜਲ ਨਾਲ ਨਹਾਇਆ, ਜਿਸ ਤੋਂ ਬਾਅਦ ਗਊ ਮਾਤਾ ਦੀ ਲਾਸ਼ ਨੂੰ ਮਸ਼ੀਨ ਦੀ ਮਦਦ ਨਾਲ ਖੱਡੇ ਵਿਚ ਪਾ ਕੇ ਉਸ ’ਤੇ ਮਿੱਟੀ ਪਾ ਦਿੱਤੀ ਗਈ।\

ਇਹ ਵੀ ਪੜ੍ਹੋ : ਜਲੰਧਰ 'ਚ ਮੇਅਰ ਤੇ ਹੋਰ ਨਾਵਾਂ ਦੇ ਲਿਫ਼ਾਫ਼ੇ ਤਿਆਰ, ਇਸ ਦਿਨ ਖੁੱਲ੍ਹੇਗਾ ਪਿਟਾਰਾ ਤੇ ਹੋਵੇਗਾ ਸਹੁੰ ਚੁੱਕ ਸਮਾਰੋਹ

ਇਸ ਦੌਰਾਨ ਅਨਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਸਾਰਾ ਮਾਮਲਾ ਆਉਣ ਤੋਂ ਬਾਅਦ ਉਨ੍ਹਾਂ ਨੇ ਅਧਿਕਾਰੀਆਂ ਨਾਲ ਲਾਸ਼ ਨੂੰ ਰੇਲਵੇ ਟ੍ਰੈਕ ’ਤੇ ਹੀ 10 ਦਿਨਾਂ ਤੋਂ ਸੁੱਟਣ ਦੇ ਸ਼ਰਮਨਾਕ ਕਾਰੇ ਨੂੰ ਲੈ ਕੇ ਗੱਲ ਕੀਤੀ ਪਰ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਹੜਬੜਾਏ ਅਧਿਕਾਰੀ ਇਸ ਮਾਮਲੇ ਤੋਂ ਅਣਜਾਣ ਹੋ ਕੇ ਆਪਣਾ ਪੱਲਾ ਝਾੜਦੇ ਵਿਖਾਈ ਦਿੱਤੇ। ਜਦੋਂ ਉਨ੍ਹਾਂ ਨੂੰ ਪ੍ਰਕਾਸ਼ਿਤ ਖ਼ਬਰ ਵਿਖਾ ਕੇ ਹਿੰਦ ਕ੍ਰਾਂਤੀ ਦਲ ਦੇ ਨੇਤਾਵਾਂ ਨੇ ਜਲੰਧਰ-ਨਕੋਦਰ ਰੇਲਵੇ ਟ੍ਰੈਕ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰਨ ਦੀ ਚਿਤਾਵਨੀ ਦਿੱਤੀ ਤਾਂ ਰੇਲਵੇ ਅਧਿਕਾਰੀ ਹਰਕਤ ਵਿਚ ਆਏ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਰੇਲਵੇ ਕਰਮਚਾਰੀਆਂ ਨੇ ਜੇ. ਸੀ. ਬੀ. ਦਾ ਪ੍ਰਬੰਧ ਕਰਕੇ ਹਿੰਦ ਕ੍ਰਾਂਤੀ ਦਲ ਦੇ ਨੇਤਾਵਾਂ ਨਾਲ ਜਾ ਕੇ ਗਊ ਮਾਤਾ ਦੀ ਲਾਸ਼ ਨੂੰ ਦਫਨਾਇਆ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ ਅਦਾਰੇ

ਬੌਬੀ ਸਹਿਗਲ ਨੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਮਾਮਲੇ ਦੀ ਭੇਜੀ ਸ਼ਿਕਾਇਤ
ਪੰਜਾਬ ਹੈਲਥ ਕੋਆਪ੍ਰੇਸ਼ਨ ਸਿਸਟਮ ਦੇ ਸਾਬਕਾ ਵਾਈਸ ਚੇਅਰਮੈਨ ਬੌਬੀ ਸਹਿਗਲ ਨੇ ਰੇਲ ਇੰਜਣ ਵਿਚ ਫਸ ਕੇ 100 ਮੀਟਰ ਦੇ ਲੱਗਭਗ ਘੜੀਸਦੀ ਆਈ ਗਊ ਮਾਤਾ ਦੀ ਲਾਸ਼ ਨਾਲ ਰੇਲਵੇ ਅਧਿਕਾਰੀਆਂ ਵੱਲੋਂ ਕੀਤੇ ਗਏ ਵਰਤਾਓ ਖ਼ਿਲਾਫ਼ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਸਾਰੇ ਘਟਨਾਕ੍ਰਮ ਦੀ ਸ਼ਿਕਾਇਤ ਭੇਜੀ ਹੈ। ਬੌਬੀ ਸਹਿਗਲ ਨੇ ਦੱਸਿਆ ਕਿ ਉਨ੍ਹਾਂ ਨੇ ਖਬਰ ਦੀ ਕਟਿੰਗ ਦੇ ਨਾਲ ਰਵਨੀਤ ਬਿੱਟੂ ਨੂੰ ਇਸ ਸਾਰੇ ਮਾਮਲੇ ਵਿਚ ਲਾਪ੍ਰਵਾਹ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੌਬੀ ਸਹਿਗਲ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਕਿ ਨੇੜ ਭਵਿੱਖ ਵਿਚ ਗਊ ਮਾਤਾ ਸਮੇਤ ਕਿਸੇ ਵੀ ਬੇਜ਼ੁਬਾਨ ਜਾਨਵਰ ਨਾਲ ਅਜਿਹਾ ਅਣਮਨੁੱਖੀ ਵਿਵਹਾਰ ਨਾ ਹੋਵੇ, ਇਸ ਸਬੰਧੀ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਜਾਣ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ! ਇਸ ਦਿਨ ਮਿਲੇਗਾ ਲੋਕਾਂ ਨੂੰ ਮੇਅਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News