ਫਿਰ ਤੋਂ ਅਦਾਲਤੀ ਚੱਕਰਾਂ ’ਚ ਪੈ ਸਕਦੀ ਹੈ PPR ਮਾਰਕੀਟ ਵੱਲ ਨਿਕਲਣ ਵਾਲੀ 120 ਫੁੱਟੀ ਰੋਡ
Thursday, Apr 14, 2022 - 05:38 PM (IST)

ਜਲੰਧਰ (ਖੁਰਾਣਾ) : ਮਾਡਲ ਟਾਊਨ ਸਥਿਤ ਡੇਅਰੀਆਂ ਤੋਂ ਪੀ. ਪੀ. ਆਰ. ਮਾਰਕੀਟ ਤੱਕ ਜੋ 120 ਫੁੱਟੀ ਰੋਡ ਤਜਵੀਜ਼ਤ ਹੈ, ਉਹ ਮਾਮਲਾ ਫਿਰ ਅਦਾਲਤੀ ਚੱਕਰਾਂ ਵਿਚ ਉਲਝ ਸਕਦਾ ਹੈ। ਅੱਜ ਇਸ ਮਾਮਲੇ 'ਚ ਰਣਜੀਤ ਹਸਪਤਾਲ ਦੇ ਮੁਖੀ ਡਾ. ਐੱਚ. ਜੇ. ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਇਸ ਪ੍ਰਾਜੈਕਟ ਤਹਿਤ ਨਗਰ ਨਿਗਮ ਇਨ੍ਹੀਂ ਦਿਨੀਂ ਜੋ ਸੜਕ ਬਣਾ ਰਿਹਾ ਹੈ, ਉਸ ਵਿਚ ਉਨ੍ਹਾਂ ਦੇ ਨਿੱਜੀ ਪਲਾਟ ਨੂੰ ਵੀ ਕਵਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਾਣੋ ਪੰਜਾਬ ਦੇ ਪਵਿੱਤਰ ਸਥਾਨਾਂ ਕਰਤਾਰਪੁਰ ਤੇ ਤਲਵੰਡੀ ਸਾਬੋ ਦਾ ਮਹੱਤਵ
ਡਾ. ਸਿੰਘ ਨੇ ਦਸਤਾਵੇਜ਼ੀ ਸਬੂਤ ਦਿੰਦਿਆਂ ਕਿਹਾ ਕਿ ਮਿੱਠਾਪੁਰ ਰੋਡ ਚੀਮਾ ਨਗਰ 'ਚ ਉਨ੍ਹਾਂ ਦਾ 64 ਨੰਬਰ ਪਲਾਟ ਹੈ, ਜੋ 8 ਮਰਲੇ ਦਾ ਹੈ। ਇਹ ਉਨ੍ਹਾਂ ਦੀ ਕਈ ਦਹਾਕਿਆਂ ਪੁਰਾਣੀ ਜੱਦੀ ਜ਼ਮੀਨ ਹੈ ਪਰ ਜਦੋਂ ਕਈ ਸਾਲ ਪਹਿਲਾਂ ਪੁੱਡਾ ਨੇ ਇਥੋਂ ਸੜਕ ਕੱਢਣੀ ਚਾਹੀ ਤਾਂ ਉਨ੍ਹਾਂ ਨੇ 2016 ਵਿਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਸਟੇਅ ਆਰਡਰ ਲੈ ਲਿਆ, ਜੋ ਅੱਜ ਤੱਕ ਚੱਲ ਰਿਹਾ ਹੈ। ਸਟੇਅ ਆਰਡਰ ਦੇ ਬਾਵਜੂਦ ਜਦੋਂ ਨਗਰ ਨਿਗਮ ਅਧਿਕਾਰੀਆਂ ਨੇ ਉਸ ਪਲਾਟ ਉਪਰੋਂ ਸੜਕ ਕੱਢਣੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਨੇ ਹਾਈ ਕੋਰਟ 'ਚ 15 ਨਵੰਬਰ 2021 ਨੂੰ ਉਲੰਘਣਾ ਦੀ ਅਰਜ਼ੀ ਦਾਇਰ ਕੀਤੀ, ਜਿਸ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ, ਚੀਫ ਸੈਕਰੇਟਰੀ ਪੰਜਾਬ, ਚੀਫ ਐਡਮਨਿਸਟ੍ਰੇਟਰ ਪੁੱਡਾ ਅਤੇ ਨਿਗਮ ਕਮਿਸ਼ਨਰ ਨੂੰ ਨੋਟਿਸ ਜਾਰੀ ਹੋਏ। ਅਦਾਲਤ ਦੀ ਉਲੰਘਣਾ ਦੇ ਮਾਮਲੇ ਦੀ ਅਗਲੀ ਮਿਤੀ ਅਗਸਤ ਮਹੀਨੇ 'ਚ ਹੈ ਪਰ ਨਿਗਮ ਇਸ ਦੀ ਪ੍ਰਵਾਹ ਕੀਤੇ ਬਿਨਾਂ ਉਥੋਂ ਸੜਕ ਕੱਢ ਰਿਹਾ ਹੈ।
ਇਹ ਵੀ ਪੜ੍ਹੋ : ਅਪ੍ਰੈਲ ਨੂੰ ਸਾਲਾਨਾ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣਗੇ ਕੈਨੇਡੀਅਨ ਸਿੱਖ
ਇਸ ਸਬੰਧੀ ਨਿਗਮ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਗਿਆ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪੁੱਡਾ ਨੇ ਇਸ ਕੇਸ ਸਬੰਧੀ ਦਸਤਾਵੇਜ਼ ਉਨ੍ਹਾਂ ਨੂੰ ਟਰਾਂਸਫਰ ਹੀ ਨਹੀਂ ਕੀਤੇ। ਹੁਣ ਦੇਖਣਾ ਹੈ ਕਿ ਡਾ. ਐੱਚ. ਜੇ. ਸਿੰਘ ਦੀ ਅਰਜ਼ੀ ਦੇ ਆਧਾਰ ’ਤੇ ਹਾਈ ਕੋਰਟ ਕੀ ਫੈਸਲਾ ਲੈਂਦੀ ਹੈ ਅਤੇ ਪੀ. ਪੀ. ਆਰ. ਮਾਰਕੀਟ ਤੱਕ ਨਿਕਲਣ ਵਾਲੀ 120 ਫੁੱਟੀ ਰੋਡ ’ਤੇ ਇਸ ਫੈਸਲੇ ਦਾ ਕੀ ਅਸਰ ਪੈਂਦਾ ਹੈ।