ਜਿਹੜੇ ਨਿਗਮ ਕਰਮਚਾਰੀ ਆਨਲਾਈਨ ਕੰਮ ਨਹੀਂ ਕਰਨਗੇ, ਉਨ੍ਹਾਂ ਨੂੰ ਨਹੀਂ ਮਿਲੇਗੀ ਤਨਖਾਹ

Saturday, Sep 17, 2022 - 03:40 PM (IST)

ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਨੇ ਨਿਗਮਾਂ ’ਚ ਈ-ਗਵਰਨੈਂਸ ਅਤੇ ਈ-ਆਫਿਸ ਪ੍ਰਕਿਰਿਆ ਲਾਗੂ ਕਰਨ ਦੇ ਜਿਹੜੇ ਨਿਰਦੇਸ਼ ਭੇਜੇ ਹਨ, ਉਨ੍ਹਾਂ ਨੂੰ ਜਲੰਧਰ ਨਿਗਮ ’ਚ ਜਲਦ ਲਾਗੂ ਕੀਤਾ ਜਾਵੇਗਾ। ਇਹ ਜਾਣਕਾਰੀ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਜਿਹੜੇ ਨਿਗਮ ਕਰਮਚਾਰੀ ਈ-ਆਫਿਸ ਜ਼ਰੀਏ ਆਨਲਾਈਨ ਕੰਮ ਨਹੀਂ ਕਰਨਗੇ, ਉਨ੍ਹਾਂ ਦੀ ਤਨਖਾਹ ਤੱਕ ਰੋਕੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਬੀ. ਐਂਡ ਆਰ. ਵਿਭਾਗ ਵਿਚ ਐਸਟੀਮੇਟ ਬਣਾਉਣ ਦੀ ਪ੍ਰਕਿਰਿਆ ਵੀ ਵਿਸ਼ੇਸ਼ ਐਪ ਯਾਨੀ ਇੰਜੀਨੀਅਰਿੰਗ ਐਂਡ ਪ੍ਰੋਕਿਓਰਮੈਂਟ ਸਿਸਟਮ ਜ਼ਰੀਏ ਹੋਵੇਗੀ ਅਤੇ ਨਿਗਮ ਨੂੰ ਫਾਈਲਾਂ ਦੇ ਝੰਜਟ ਤੋਂ ਮੁਕਤੀ ਮਿਲੇਗੀ। ਨਿਗਮ ਦੇ ਹਰ ਵਿਭਾਗ ਨੂੰ ਈ-ਆਫਿਸ ਤਹਿਤ ਪ੍ਰਕਿਰਿਆਵਾਂ ਨੂੰ ਅਪਣਾਉਣਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਜਲਾਉਣ ਤੋਂ ਰੋਕਣ ਲਈ ਲਿਆ ਵੱਡਾ ਫ਼ੈਸਲਾ

 ਕਮਿਸ਼ਨਰ ਨੇ ਸਰਕਾਰ ਕੋਲੋਂ ਮੰਗੇ ਇਕ ਆਈ. ਏ. ਐੱਸ. ਅਤੇ 3 ਪੀ. ਸੀ. ਐੱਸ. ਅਧਿਕਾਰੀ

ਇਸੇ ਵਿਚਕਾਰ ਪਤਾ ਲੱਗਾ ਹੈ ਕਿ ਨਗਰ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲੰਧਰ ਨਿਗਮ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਆਈ. ਏ. ਐੱਸ. ਅਤੇ 3 ਪੀ. ਸੀ. ਐੱਸ. ਅਧਿਕਾਰੀਆਂ ਦੀ ਇਥੇ ਤਾਇਨਾਤੀ ਕੀਤੀ ਜਾਵੇ। ਨਿਗਮ ਕਮਿਸਨਰ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਇਕ ਹੀ ਪੀ. ਸੀ. ਐੱਸ. ਅਧਿਕਾਰੀ ਜ਼ਰੀਏ ਕੰਮ ਚਲਾਉਣਾ ਪੈ ਰਿਹਾ ਹੈ, ਜਿਨ੍ਹਾਂ ਨੂੰ ਲੱਗਭਗ ਸਾਰੇ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੂਜੀ ਪੀ. ਸੀ. ਐੱਸ. ਅਧਿਕਾਰੀ ਬੀਮਾਰ ਹੋਣ ਕਾਰਨ ਜ਼ਿਆਦਾ ਕੰਮ ਕਰ ਸਕਣ ਦੀ ਹਾਲਤ ਵਿਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਿਚ ਵੀ ਕਰਮਚਾਰੀਆਂ ਦੀ ਘਾਟ ਕਾਰਨ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਬਰਾੜ, ਇਯਾਲੀ ਸਣੇ ਹੋਰ ਵੱਡੇ ਆਗੂਆਂ ਨੂੰ ਜਥੇਬੰਦਕ ਢਾਂਚੇ ’ਚੋਂ ਬਾਹਰ ਰੱਖਣ ’ਤੇ ਬੋਲੇ ਭੂੰਦੜ, ਕਹੀ ਇਹ ਗੱਲ

 ਕਾਲਾ ਸੰਘਿਆਂ ਡਰੇਨ ਦੇ ਪ੍ਰਦੂਸ਼ਣ ’ਤੇ ਹੋਵੇਗੀ ਕਾਰਵਾਈ

ਪਿਛਲੇ ਦਿਨੀਂ ਕਿਸਾਨ ਸੰਗਠਨਾਂ ਨੇ ਕਾਲਾ ਸੰਘਿਆਂ ਡਰੇਨ ਦੇ ਪ੍ਰਦੂਸ਼ਣ ਨੂੰ ਲੈ ਕੇ ਹਾਈਵੇ ਜਾਮ ਕੀਤਾ ਸੀ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪੂਰੀ ਡਰੇਨ ਦਾ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਜਿਥੇ ਨਿਗਮ ਦੇ ਖੇਤਰ ’ਚ ਡਰੇਨ ਵਿਚ ਸੀਵਰ ਜਾਂ ਗੰਦਾ ਪਾਣੀ ਡਿੱਗਦਾ ਹੈ, ਉਸ ਦਾ ਪਤਾ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਫਿਲਹਾਲ ਨਿਗਮ ਦੇ ਵਿਭਾਗ ਦਾ ਕਹਿਣਾ ਹੈ ਕਿ 1-2 ਥਾਵਾਂ ’ਤੇ ਹੀ ਮੈਨਹੋਲ ਓਵਰਫਲੋਅ ਹੋਣ ਨਾਲ ਸੀਵਰੇਜ ਦਾ ਗੰਦਾ ਪਾਣੀ ਡਰੇਨ ’ਚ ਜਾ ਰਿਹਾ ਹੈ ਪਰ ਫਿਰ ਵੀ ਲਿਖਤੀ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਰੇਨ ਵਿਚ ਇੰਡਸਟਰੀਜ਼ ਦਾ ਪ੍ਰਦੂਸ਼ਣ ਵੀ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਕਾਰਵਾਈ ਵੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਜ਼ਰੀਏ ਕਾਲਾ ਸੰਘਿਆਂ ਡਰੇਨ ਨੂੰ ਪੱਕਾ ਕਰਨ ਅਤੇ ਇਸ ਨੂੰ ਸਾਫ ਤੇ ਸੁੰਦਰ ਬਣਾਉਣ ਲਈ ਲਗਭਗ 40 ਕਰੋੜ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਸੀ, ਜਿਸਦਾ ਫਿਲਹਾਲ ਕੋਈ ਅਤਾ-ਪਤਾ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ


Manoj

Content Editor

Related News