ਕੋਰੋਨਾ ਨੇ ਲਈ 2 ਹੋਰ ਮਰੀਜ਼ਾਂ ਦੀ ਜਾਨ, 44 ਦੀ ਰਿਪੋਰਟ ਆਈ ਪਾਜ਼ੇਟਿਵ

01/13/2021 11:07:25 AM

ਜਲੰਧਰ (ਰੱਤਾ)–ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਮੰਗਲਵਾਰ ਨੂੰ ਜ਼ਿਲ੍ਹੇ ਵਿਚ 38 ਸਾਲਾ ਕੋਰੋਨਾ ਪਾਜ਼ੇਟਿਵ ਮਰੀਜ਼ ਸਮੇਤ ਜਿੱਥੇ 2 ਨੇ ਕੋਰੋਨਾ ਨਾਲ ਲੜਦਿਆਂ ਦਮ ਤੋੜ ਦਿੱਤਾ, ਉਥੇ 44 ਹੋਰ ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਮੰਗਲਵਾਰ ਕੁੱਲ 53 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 7 ਲੋਕ ਦੂਜੇ ਜ਼ਿਲਿਆਂ ਨਾਲ ਸਬੰਧਤ ਪਾਏ ਗਏ।

ਇਹ ਵੀ ਪੜ੍ਹੋ :  ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ

ਜ਼ਿਲ੍ਹੇ ਦੇ ਪਾਜ਼ੇਟਿਵ ਪਾਏ ਗਏ 44 ਮਰੀਜ਼ਾਂ ਵਿਚੋਂ ਕੁਝ ਰਸੀਲਾ ਨਗਰ, ਗਾਂਧੀ ਕੈਂਪ, ਨਿਊ ਜਵਾਹਰ ਨਗਰ, ਆਦਰਸ਼ ਨਗਰ, ਭਾਰਗੋ ਕੈਂਪ, ਅਰਬਨ ਅਸਟੇਟ, ਸ਼ਿਵਾਜੀ ਪਾਰਕ, ਮਾਡਲ ਟਾਊਨ, ਗੁਰੂ ਗੋਬਿੰਦ ਸਿੰਘ ਐਵੇਨਿਊ, ਰਾਮਾ ਮੰਡੀ, ਨਕੋਦਰ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਜਿਸ 38 ਸਾਲਾ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋਈ, ਉਹ ਸ਼ੂਗਰ, ਬਲੱਡ ਪ੍ਰੈੱਸ਼ਰ ਅਤੇ ਕਿਡਨੀ ਦੀ ਬੀਮਾਰੀ ਤੋਂ ਪੀੜਤ ਸੀ।

ਇਹ ਵੀ ਪੜ੍ਹੋ :  ਪੰਜਾਬ ਦੇ ਟ੍ਰੈਵਲ ਏਜੰਟਾਂ ਦਾ ਕਾਰਨਾਮਾ, ਫਰਜ਼ੀਵਾੜਾ ਕਰਕੇ ਵਿਦਿਆਰਥੀਆਂ ਨੂੰ ਇੰਝ ਭੇਜਿਆ ਵਿਦੇਸ਼

ਇਨ੍ਹਾਂ ਨੇ ਤੋੜਿਆ ਦਮ
1. ਵਿਨੋਦ (38) ਗੁਰੂ ਤੇਗ ਬਹਾਦਰ ਨਗਰ
2. ਸਵਰਨ ਸਿੰਘ (72) ਨਿਊ ਸੰਤੋਖਪੁਰਾ

993 ਦੀ ਰਿਪੋਰਟ ਆਈ ਨੈਗੇਟਿਵ ਅਤੇ 15 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ 993 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 15 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ। ਦੂਜੇ ਪਾਸੇ ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4941 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਜਲੰਧਰ ਵਿਚ ਕੋਰੋਨਾ ਦੀ ਸਥਿਤੀ 
ਕੁੱਲ ਸੈਂਪਲ-509409
ਨੈਗੇਟਿਵ ਆਏ-466670
ਪਾਜ਼ੇਟਿਵ ਆਏ-20235
ਡਿਸਚਾਰਜ ਹੋਏ-19327
ਮੌਤਾਂ ਹੋਈਆਂ-653
ਐਕਟਿਵ ਕੇਸ-255

ਇਹ ਵੀ ਪੜ੍ਹੋ :  ਅਫ਼ਸੋਸਜਨਕ ਖ਼ਬਰ: ਕਿਸਾਨੀ ਸੰਘਰਸ਼ ਦੌਰਾਨ ਮੁਕਤਸਰ ਦੇ ਕਿਸਾਨ ਦੀ ਹੋਈ ਮੌਤ

ਅੱਜ ਜਲੰਧਰ ਪਹੁੰਚ ਜਾਵੇਗੀ ਕੋਰੋਨਾ ਵੈਕਸੀਨ
ਜ਼ਿਲ੍ਹੇ ਵਿਚ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਭਾਵੇਂ 16 ਜਨਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਕੋਰੋਨਾ ਵੈਕਸੀਨ 13 ਜਨਵਰੀ ਨੂੰ ਜਲੰਧਰ ਪਹੁੰਚ ਜਾਣ ਦੀ ਸੰਭਾਵਨਾ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਕੋਰੋਨਾ ਦੀ ਵੈਕਸੀਨ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚ ਗਈ ਸੀ ਅਤੇ ਉਥੋਂ ਇਹ ਹੁਸ਼ਿਆਰਪੁਰ ਪਹੁੰਚਣੀ ਹੈ ਅਤੇ ਇਸ ਉਪਰੰਤ ਇਹ ਜਲੰਧਰ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਜਲੰਧਰ ਜ਼ਿਲ੍ਹੇ ਵਿਚ ਇਹ ਵੈਕਸੀਨ 3 ਸਰਕਾਰੀ ਅਤੇ 2 ਪ੍ਰਾਈਵੇਟ ਹਸਪਤਾਲਾਂ ਵਿਚ ਉਨ੍ਹਾਂ ਲੋਕਾਂ ਨੂੰ ਲਾਈ ਜਾਵੇਗੀ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


shivani attri

Content Editor

Related News