ਭੁਲੱਥ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਸਬੰਧੀ ਵਿਸ਼ਾਲ ਮੌਕ ਡਰਿੱਲ

Saturday, Mar 14, 2020 - 02:14 PM (IST)

ਭੁਲੱਥ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਸਬੰਧੀ ਵਿਸ਼ਾਲ ਮੌਕ ਡਰਿੱਲ

ਭੁਲੱਥ (ਰਜਿੰਦਰ)— ਨੋਵਲ ਕੋਰੋਨਾ ਵਾਇਰਸ (ਕੋਵਿਡ-19) ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਐੱਸ. ਡੀ. ਐੱਮ. ਭੁਲੱਥ ਰਣਦੀਪ ਸਿੰਘ ਹੀਰ ਦੀ ਰਹਿਨੁਮਾਈ ਹੇਠ, ਸਬ ਡਿਵੀਜ਼ਨ ਹਸਪਤਾਲ ਭੁਲੱਥ ਦੇ ਐੱਸ. ਐੱਮ. ਓ. ਡਾ. ਦੇਸ ਰਾਜ ਭਾਰਤੀ ਦੀ ਟੀਮ ਅਤੇ ਪੁਲਸ ਵਿਭਾਗ ਦੇ ਸਹਿਯੋਗ ਨਾਲ ਪਿੰਡ ਖੱਸਣ ਵਿਖੇ ਇਕ ਵਿਸ਼ਾਲ ਮੌਕ ਡਰਿੱਲ ਕਰਵਾਈ ਗਈ। ਇਸ 'ਚ ਸਿਹਤ ਵਿਭਾਗ ਦੇ ਹੀ ਇਕ ਕਰਮੀ ਨੂੰ ਪਿੰਡ ਦਾ ਫਰਜ਼ੀ ਵਸਨੀਕ ਬਣਾ ਕੇ ਪੇਸ਼ ਕੀਤਾ ਗਿਆ। ਜਿਸ ਨੂੰ ਦਰਸਾਇਆ ਗਿਆ ਕਿ ਉਹ ਇਟਲੀ ਤੋਂ ਆਇਆ ਹੈ ਅਤੇ ਉਸ ਨੂੰ ਖਾਂਸੀ ਅਤੇ ਬੁਖਾਰ ਆਦਿ ਦੇ ਲੱਛਣ ਨਜ਼ਰ ਆਉਣ 'ਤੇ ਪਿੰਡ ਦੇ ਮੋਹਤਬਰ ਵਿਅਕਤੀ ਵੱਲੋਂ ਤੁਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਗਈ। ਇਸ 'ਤੇ ਸਿਹਤ ਵਿਭਾਗ ਦੇ ਅਧਿਕਾਰੀ ਐਂਬੂਲੈਂਸ ਅਤੇ ਆਪਣੀ ਪੂਰੀ ਟੀਮ ਸਮੇਤ ਪਿੰਡ ਖੱਸਣ ਪਹੁੰਚੇ ਅਤੇ ਉਸ ਨੂੰ ਇਕ ਵੱਖਰੇ ਕਮਰੇ 'ਚ ਲਿਜਾ ਕੇ ਉਸ ਦਾ ਚੈਕਅੱਪ ਕੀਤਾ ਗਿਆ ਅਤੇ ਉਸ ਦਾ ਪੂਰਾ ਬਿਓਰਾ ਲਿਆ ਗਿਆ।

PunjabKesari

ਇਸ ਦੌਰਾਨ ਉਸ ਦੇ ਸੰਪਰਕ 'ਚ ਰਹੇ ਲੋਕਾਂ ਦਾ ਵੀ ਪੂਰਾ ਵੇਰਵਾ ਇਕੱਤਰ ਕੀਤਾ ਗਿਆ। ਇਸ ਉਪਰੰਤ ਉਸ ਨੂੰ ਐਂਬੂਲੈਂਸ ਰਾਹੀਂ ਸਬ ਡਿਵੀਜ਼ਨ ਹਸਪਤਾਲ ਭੁਲੱਥ ਵਿਖੇ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਹਸਪਤਾਲ 'ਚ ਬਣਾਏ ਆਈਸੋਲੇਸ਼ਨ ਵਾਰਡ 'ਚ ਲਿਜਾ ਕੇ ਉਸਦਾ ਚੈਕਅਪ ਕੀਤਾ ਗਿਆ। ਮੌਕ ਡਰਿੱਲ ਦੌਰਾਨ ਪਿੰਡ ਖੱਸਣ ਦੇ ਇਲਾਕੇ ਨੂੰ ਕੌਨਟੇਨਮੈਂਟ ਜ਼ੋਨ ਅਤੇ ਬੱਫਰ ਜ਼ੋਨ 'ਚ ਵੰਡ ਕੇ ਇਨ੍ਹਾਂ ਇਲਾਕਿਆਂ 'ਤੇ ਪੁਲਸ ਦੀ ਸਖਤ ਨਾਕਾਬੰਦੀ ਕੀਤੀ ਗਈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਨੇ ਪਿੰਡ 'ਚ ਲੋਕਾਂ ਨੂੰ ਕੋਰੋਨਾ ਵਾਇਰਸ ਸੰਬੰਧੀ ਜਾਗਰੂਕ ਕਰਦਿਆਂ ਜਾਗਰੂਕਤਾ ਲਿਟਰੇਚਰ ਵੀ ਵੰਡਿਆ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਪੰਜਾਬ 'ਚ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ ਕਰਨ ਦੇ ਹੁਕਮ

ਇਸ ਮੌਕੇ ਐੱਸ. ਡੀ. ਐੱਮ. ਭੁਲੱਥ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਦੀਆਂ ਹਦਾਇਤਾਂ ਮੁਤਾਬਕ ਪਿੰਡ ਖੱਸਣ 'ਚ ਕੋਰੋਨਾ ਵਾਇਰਸ ਸੰਬੰਧੀ ਮੌਕ ਡਰਿੱਲ ਕਰਵਾਈ ਗਈ ਹੈ। ਜਿਸ ਦੌਰਾਨ ਸਿਹਤ ਵਿਭਾਗ ਦੇ ਇਕ ਕਰਮੀ ਨੂੰ ਇਟਲੀ ਤੋਂ ਆਇਆ ਮਰੀਜ਼ ਦਿਖਾ ਕੇ ਮੌਕ ਡਰਿੱਲ ਨੇਪਰੇ ਚਾੜੀ ਗਈ।

PunjabKesari

ਉਨ੍ਹਾਂ ਦਸਿਆ ਕਿ ਇਹ ਮੋਕ ਡਰਿੱਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਬ ਡਿਵੀਜ਼ਨ ਭੁਲੱਥ 'ਚ ਹਾਲੇ ਤੱਕ ਕੋਈ ਵੀ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨਾਂ ਕਿਹਾ ਕਿ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਫਰਜ਼ੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ, ਜਿਨਾਂ 'ਤੇ ਲੋਕਾਂ ਨੂੰ ਯਕੀਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੀੜ-ਭੜੱਕੇ ਵਾਲੀਆਂ ਥਾਵਾਂ ਅਤੇ ਭਾਰੀ ਇਕੱਠਾਂ ਵਾਲੇ ਸਮਾਗਮਾਂ 'ਤੇ ਜਾਣ ਤੋਂ ਗੁਰੇਜ ਕਰਨ ਅਤੇ ਨਿੱਜੀ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ। ਇਸ ਮੌਕੇ ਐੱਸ. ਐੱਮ. ਓ. ਡਾ. ਦੇਸ ਰਾਜ ਭਾਰਤੀ ਨੇ ਕਿਹਾ ਕਿ ਘਰ 'ਚ ਖਾਂਸੀ-ਜੁਕਾਮ ਦੇ ਮਰੀਜ਼ ਨੂੰ ਰੋਜ਼ਾਨਾ ਦੇਖਣ ਅਤੇ ਜੇਕਰ ਬੁਖਾਰ, ਸਾਹ ਲੈਣ 'ਚ ਦਿੱਕਤ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।

ਇਹ ਵੀ ਪੜ੍ਹੋ​​​​​​​: ਕੋਰੋਨਾ ਵਾਇਰਸ : ਵਿਦੇਸ਼ ਤੋਂ ਪੰਜਾਬ ਪੁੱਜੇ '335 ਲੋਕ' ਲਾਪਤਾ, ਪੁਲਸ ਵਲੋਂ ਵੱਡੇ ਪੱਧਰ 'ਤੇ ਛਾਪੇਮਾਰੀ

ਇਸ ਮੌਕੇ ਤਹਿਸੀਲਦਾਰ ਰਮੇਸ਼ ਕੁਮਾਰ, ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ, ਡਾ. ਨਵਪ੍ਰੀਤ ਕੌਰ, ਬੀ. ਡੀ. ਪੀ. ਓ. ਜਸਪ੍ਰੀਤ ਕੌਰ, ਐੱਸ. ਐੱਚ. ਓ. ਭੁਲੱਥ ਕਰਨੈਲ ਸਿੰਘ, ਖੱਸਣ ਦੇ ਸਰਪੰਚ ਸਤਵਿੰਦਰ ਸਿੰਘ ਨਸੀਬ ਸ਼ੇਰਗਿੱਲ, ਡਾ. ਐੱਨ. ਐੱਸ. ਕੰਗ, ਡਾ. ਮੋਹਿਤ, ਸਬ ਇੰਸਪੈਕਟਰ ਬਲਦੇਵ ਸਿੰਘ, ਰਘਬੀਰ ਸਿੰਘ ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ​​​​​​​:ਲੱਛਣ ਨਜ਼ਰ ਆਉਣ ਤੋਂ ਪਹਿਲਾਂ ਹੀ ਫੈਲ ਚੁੱਕਾ ਹੁੰਦਾ ਹੈ ਕੋਰੋਨਾ ਵਾਇਰਸ : ਮਾਹਿਰ​​​​​​​


author

shivani attri

Content Editor

Related News