ਕੈਪਟਨ ਨੂੰ ਲਾਈ ਗੁਹਾਰ, ਕੁੱਝ ਤਾਂ ਕਰੋ ਸਰਕਾਰ!
Wednesday, Mar 13, 2019 - 06:20 PM (IST)
ਹੁਸ਼ਿਆਰਪੁਰ (ਘੁੰਮਣ)— ਸਿਹਤ ਵਿਭਾਗ ਦੇ ਉਪਕ੍ਰਮ ਪੰਜਾਬ ਏਡਜ਼ ਕੰਟਰੋਲ ਸੋਸਾਇਟੀ 'ਚ ਲੰਬੇ ਅਰਸੇ ਤੋਂ ਸੇਵਾਵਾਂ ਦੇ ਰਹੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤੇ ਜਾਣ ਕਰਕੇ ਇਨ੍ਹਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਵਫਦ 'ਚ ਸ਼ਾਮਲ ਮਨਦੀਪ ਕੌਰ, ਸਰਬਜੀਤ ਸਿੰਘ, ਸ਼ਮਿੰਦਰ ਸਿੰਘ, ਪੂਜਾ ਰਾਣੀ, ਤਜਿੰਦਰ ਸਿੰਘ, ਕਾਜਲ ਕਿਰਨ, ਮਨੂੰ ਕੌਸ਼ਲ, ਹਰਪ੍ਰੀਤ ਕੌਰ ਆਦਿ ਨੇ ਕਿਹਾ ਕਿ ਉਹ ਆਪਣੀ ਇਸ ਮੰਗ ਨੂੰ ਲੈ ਕੇ ਪਿਛਲੇ 2 ਸਾਲ ਤੋਂ ਸੰਘਰਸ਼ ਕਰ ਰਹੇ ਹਨ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਪਟਿਆਲਾ ਤੇ ਚੰਡੀਗੜ੍ਹ ਗ੍ਰਹਿ ਵਿਖੇ ਅਤੇ 2 ਹੋਰ ਮੀਟਿੰਗਾਂ ਪੈਨਲ ਮੀਟਿੰਗ ਰਾਹੀਂ ਉਨ੍ਹਾਂ ਦੇ ਦਫਤਰ 'ਚ ਹੋਈਆਂ ਹਨ ਅਤੇ ਹਰ ਮੀਟਿੰਗ 'ਚ ਮੰਤਰੀ ਜੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਜਲਦ ਰੈਗੂਲਰ ਕਰ ਦਿੱਤਾ ਜਾਵੇਗਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਭਰੋਸਿਆਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਹੁਣ ਵੀ ਸਾਡੀ ਗੁਹਾਰ 'ਤੇ ਗੌਰ ਨਾ ਕੀਤਾ ਗਿਆ ਤਾਂ ਮੁਲਾਜ਼ਮ ਕੰਮਕਾਜ ਛੱਡ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।