ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ

Sunday, Feb 06, 2022 - 10:24 AM (IST)

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸੂਬੇ ’ਚ ਕਾਂਗਰਸ ਪੂਰੀ ਤਰ੍ਹਾਂ ਇਕਮੁੱਠ ਹੈ ਅਤੇ ਉਸ ਦਾ ਇਕੋ-ਇਕ ਮਕਸਦ ਕੇਜਰੀਵਾਲ ਵਰਗੇ ਬਾਹਰੀ ਲੋਕਾਂ ਨੂੰ ਸੱਤਾ ’ਤੇ ਕਾਬਿਜ਼ ਹੋਣ ਤੋਂ ਰੋਕਣਾ ਹੈ, ਤਾਂ ਕਿ ਸੂਬੇ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਲਿਜਾਇਆ ਜਾ ਸਕੇ। ਮੁੱਖ ਮੰਤਰੀ ਚੰਨੀ ਨੇ ਅੱਜ ਆਪਣੇ ਵਿਧਾਨ ਸਭਾ ਖੇਤਰ ਸ੍ਰੀ ਚਮਕੌਰ ਸਾਹਿਬ ’ਚ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਕੇ ਕਾਂਗਰਸ ਲਈ ਵੋਟ ਮੰਗੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਹਰੀ ਲੋਕ ਪੰਜਾਬ ਪ੍ਰਤੀ ਕੋਈ ਹਮਦਰਦੀ ਨਹੀਂ ਰੱਖਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦਾ ਪੈਸਾ ਪੰਜਾਬ ’ਚ ਹੋਰਡਿੰਗਸ ਲਗਾਉਣ ’ਤੇ ਖਰਚ ਕੀਤਾ ਹੈ ਅਤੇ ਹੁਣ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆ ਗਈ ਤਾਂ ਉਹ ਪੰਜਾਬ ਦਾ ਪੈਸਾ ਬਾਹਰ ਲੈ ਜਾਣਗੇ। ਅਜਿਹੀ ਸਥਿਤੀ ’ਚ ਉਨ੍ਹਾਂ ਨੂੰ ਰੋਕਣ ਲਈ ਕਾਂਗਰਸ ਯਤਨਸ਼ੀਲ ਹੈ ਅਤੇ ਲੋਕਾਂ ਤੋਂ ਸਹਿਯੋਗ ਮੰਗ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਵੀ ਦੋਸ਼ੀ : ਸ਼ੇਖਾਵਤ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਉਨ੍ਹਾਂ ਨੇ 111 ਦਿਨਾਂ ਤੱਕ ਸ਼ਾਸਨ ਕੀਤਾ ਅਤੇ ਇਸ ਦੌਰਾਨ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਕਾਰਨ ਉਨ੍ਹਾਂ ਨੂੰ ਮਜ਼ਬੂਤੀ ਮਿਲੀ ਹੈ, ਜਿਸ ਕਾਰਨ ਉਹ ਨਾ ਸਿਰਫ ਪੰਜਾਬ, ਸਗੋਂ ਆਪਣੇ ਹਲਕੇ ਦੇ ਲੋਕਾਂ ਲਈ ਹੋਰ ਮਜ਼ਬੂਤੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਘੱਟ ਸਮੇਂ ’ਚ ਉਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ। ਉਨ੍ਹਾਂ ਨੇ ਗਰੀਬਾਂ, ਮੱਧ ਵਰਗ, ਐੱਸ. ਸੀ. ਵਰਗ, ਵਪਾਰੀਆਂ ਨੂੰ ਵੱਧ ਤੋਂ ਵੱਧ ਸਰਕਾਰ ਵੱਲੋਂ ਰਿਆਇਤਾਂ ਦਿਵਾਉਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਨੇਤਾ ਆਪਣੇ-ਆਪਣੇ ਹਲਕਿਆਂ ’ਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਾਫ਼ੀ ਮਹੱਤਵਪੂਰਨ ਹਨ, ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਨੂੰ ਤੈਅ ਕਰਨਾ ਹੈ, ਇਸ ਲਈ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਆਪਣੀ ਵੋਟ ਕਾਫ਼ੀ ਸੋਚ-ਵਿਚਾਰ ਕਰਨ ਤੋੋਂ ਬਾਅਦ ਪਾਉਣਗੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News