ਸਾਬਕਾ CM ਚੰਨੀ ਤੋਂ ਵਿਜੀਲੈਂਸ ਵੱਲੋਂ ਕੀਤੀ ਗਈ ਪੁੱਛਗਿੱਛ ਨੂੰ ਲੈ ਕੇ ਵਿਧਾਇਕ ਕੋਟਲੀ ਨੇ ਕਹੀ ਇਹ ਗੱਲ
Saturday, Apr 15, 2023 - 12:33 PM (IST)
ਜਲੰਧਰ (ਚੋਪੜਾ, ਮਹੇਸ਼)–ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀਂ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਨਾਮਜ਼ਦਗੀ ਕਾਗਜ਼ ਭਰਨ ਉਪਰੰਤ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਉਠਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜਵਾਬ ਮੰਗੇ ਸਨ, ਜਿਸ ਨਾਲ ਸਰਕਾਰ ਘਬਰਾ ਗਈ ਹੈ। ਇਹੀ ਕਾਰਨ ਹੈ ਕਿ ਖ਼ੌਫ਼ਜ਼ਦਾ ‘ਆਪ’ ਸਰਕਾਰ ਵਿਜੀਲੈਂਸ ਦੀ ਆੜ ਵਿਚ ਸਾਬਕਾ ਮੁੱਖ ਮੰਤਰੀ ਚੰਨੀ ਦੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ ਕਰ ਰਹੀ ਹੈ। ਇਸੇ ਕਾਰਨ ਚੰਨੀ ਨੂੰ 20 ਅਪ੍ਰੈਲ ਨੂੰ ਪੱਖ ਰੱਖਣ ਦੀ ਬਜਾਏ ਅਚਾਨਕ ਜਾਣਬੁੱਝ ਕੇ ਵਿਸਾਖੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਸੰਮਨ ਭੇਜ ਕੇ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ : ਟਾਂਡਾ ਵਿਖੇ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, ਦੋ ਸਕੂਲੀ ਬੱਚੀਆਂ ਸਣੇ 5 ਲੋਕ ਜ਼ਖ਼ਮੀ
ਕਾਂਗਰਸ ਦੇ ਵਿਧਾਇਕ ਅਤੇ ਬੁਲਾਰੇ ਸੁਖਵਿੰਦਰ ਕੋਟਲੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ ਲਾਏ ਕਿ ਮੁੱਖ ਮੰਤਰੀ ਮਾਨ ਵਿਜੀਲੈਂਸ ਜ਼ਰੀਏ ਸਾਜ਼ਿਸ਼ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਜੇਲ ਵਿਚ ਸੁੱਟਿਆ ਜਾ ਸਕੇ। ਕੋਟਲੀ ਨੇ ਕਿਹਾ ਕਿ ਦਲਿਤ ਸਮਾਜ ਇਸ ਧੱਕੇਸ਼ਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ 14 ਮਹੀਨਿਆਂ ਵਿਚ ਸਰਕਾਰ ਨੂੰ ਚੰਨੀ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਪਰ ਹੁਣ ਜ਼ਿਮਨੀ ਚੋਣ ਦੌਰਾਨ ਵਿਜੀਲੈਂਸ ਦੇ ਸੰਮਨ ਦੀ ਟਾਈਮਿੰਗ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਦੀ ਇਕਜੁੱਟਤਾ ‘ਆਪ’ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਪਾ ਰਹੀ। ਕੋਟਲੀ ਨੇ ਕਿਹਾ ਕਿ ਵਿਦੇਸ਼ ਜਾਣਾ ਹਰੇਕ ਵਿਅਕਤੀ ਦਾ ਹੱਕ ਹੈ। ਚੰਨੀ ਨੂੰ ਪੰਜਾਬ ਵਾਪਸ ਆਇਆਂ 5 ਮਹੀਨੇ ਹੋ ਗਏ ਹਨ ਪਰ ਉਨ੍ਹਾਂ ਨੂੰ ਕੋਈ ਸੰਮਨ ਨਹੀਂ ਕੀਤਾ।
ਹੁਣ ਜਲੰਧਰ ਦੀ ਜ਼ਿਮਨੀ ਚੋਣ ਵਿਚ ਸਰਕਾਰ ਡਰ ਗਈ ਹੈ। ਕੋਟਲੀ ਨੇ ਭਗਵੰਤ ਮਾਨ ਨੂੰ ਚੈਲੰਜ ਕੀਤਾ ਕਿ ਅਨੂਸੁਚਿਤ ਜਾਤੀ-ਸਿੱਖਾਂ ਨੂੰ ਦਬਾਉਣਾ ਤੁਹਾਡੇ ਵਸ ਦੀ ਗੱਲ ਨਹੀਂ ਹੈ। ਅਨੂਸੁਚਿਤ ਜਾਤੀ ਦਾ ਸਮਾਜ ਅਜਿਹੀਆਂ ਸਾਜ਼ਿਸ਼ਾਂ ਦਾ ਮੂੰਹ-ਤੋੜ ਜਵਾਬ ਦੇਵੇਗਾ ਅਤੇ ਕਾਂਗਰਸ ਜ਼ਿਮਨੀ ਚੋਣ ਨੂੰ ਵੱਡੇ ਮਾਰਜਨ ਨਾਲ ਜਿੱਤੇਗੀ। ਕਾਂਗਰਸ ਦੇ ਇਕ ਹੋਰ ਬੁਲਾਰੇ ਡਾ. ਸੁਖਬੀਰ ਸਲਾਰਪੁਰ ਨੇ ਕਿਹਾ ਕਿ ਜੇਕਰ ‘ਆਪ’ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਦਲਿਤ ਸਮਾਜ ਅੰਦੋਲਨ ਕਰਨ ’ਤੇ ਮਜਬੂਰ ਹੋ ਜਾਵੇਗਾ। ਇਸ ਮੌਕੇ ਲਖਬੀਰ ਸਿੰਘ ਕੋਟਲੀ, ਬਿਸ਼ਨਪਾਲ ਸੰਧੂ, ਸੋਮ ਲਾਲ, ਇੰਦਰਜੀਤ, ਕਿਸ਼ਨ ਸਿੰਘ, ਬੂਟਾ ਸਿੰਘ, ਦਲਬੀਰ ਸਿੰਘ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਮੋਹਿੰਦਰ ਭਗਤ ਦੇ ਘਰ ਪੁੱਜੀ ਭਾਜਪਾ ਲੀਡਰਸ਼ਿਪ, ਭਾਵੁਕ ਹੋ ਪਿਤਾ ਚੁੰਨੀ ਲਾਲ ਨੇ ਕਹੀ ਵੱਡੀ ਗੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।