ਕਾਂਗਰਸੀ ਵਿਧਾਇਕਾਂ ਤੱਕ ਦੀ ਪ੍ਰਵਾਹ ਨਹੀਂ ਕਰ ਰਹੇ ਨਿਗਮ ਅਧਿਕਾਰੀ

2/13/2020 12:00:06 PM

ਜਲੰਧਰ (ਖੁਰਾਣਾ)— ਅਕਸਰ ਜਦੋਂ ਕਿਸੇ ਸੂਬੇ ਵਿਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਸੂਬੇ ਦੀ ਅਫਸਰਸ਼ਾਹੀ ਨੂੰ ਹੀ ਇਸ ਗੱਲ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅਗਲੀ ਸਰਕਾਰ 'ਚ ਕਿਸ ਪਾਰਟੀ ਦਾ ਪਲੜਾ ਭਾਰੀ ਰਹੇਗਾ। ਇਸ ਲਈ ਅਕਸਰ ਉਸ ਸੂਬੇ ਦੀ ਅਫਸਰਸ਼ਾਹੀ ਉਸ ਪਾਰਟੀ ਵਲ ਝੁਕਣਾ ਸ਼ੁਰੂ ਕਰ ਦਿੰਦੀ ਹੈ ਤਾਂ ਜੋ ਨਵੀਂ ਸਰਕਾਰ ਵਿਚ ਵੀ ਉਨ੍ਹਾਂ ਦਾ ਦਬਦਬਾ ਆਦਿ ਬਣਿਆ ਰਹੇ ਤੇ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਆਵੇ। ਕੁਝ ਅਜਿਹਾ ਹੀ ਅੱਜਕਲ੍ਹ ਪੰਜਾਬ ਖਾਸ ਕਰਕੇ ਜਲੰਧਰ ਵਿਚ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਇਥੇ ਅਫਸਰਸ਼ਾਹੀ ਪਿਛਲੇ ਕੁਝ ਸਮੇਂ ਤੋਂ ਸੱਤਾਧਾਰੀ ਭਾਵ ਕਾਂਗਰਸ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਅਜੇ ਇਹ ਸਮਝ ਨਹੀਂ ਆ ਰਿਹਾ ਕਿ ਇਹ ਅਫਸਰਸ਼ਾਹੀ ਵਿਰੋਧੀ ਧਿਰ ਵੱਲ ਝੁਕ ਰਹੀ ਹੈ ਜਾਂ ਨਹੀਂ ਪਰ ਇੰਨਾ ਪੱਕਾ ਹੈ ਕਿ ਜਲੰਧਰ ਨਗਰ ਨਿਗਮ ਵਿਚ ਕਾਂਗਰਸੀਆਂ ਦੀ ਸੁਣਵਾਈ ਨਹੀਂ ਹੋ ਰਹੀ। ਸ਼ਹਿਰ ਦੇ ਕਾਂਗਰਸੀ ਆਗੂਆਂ ਦੀ ਗੱਲ ਤਾਂ ਛੱਡੋ, ਜਲੰਧਰ ਨਗਰ ਨਿਗਮ 'ਚ ਸ਼ਹਿਰ ਦੇ ਕਾਂਗਰਸੀ ਵਿਧਾਇਕਾਂ ਦੀ ਵੀ ਕਿੰਨੀ ਸੁਣਵਾਈ ਹੁੰਦੀ ਹੈ, ਇਸ ਦੀਆਂ ਦਰਜਨਾਂ ਮਿਸਾਲਾਂ ਗਿਣਾਈਆਂ ਜਾ ਸਕਦੀਆਂ ਹਨ

ਵਿਧਾਇਕ ਰਿੰਕੂ ਦੀ ਪਤਨੀ ਦੇ ਕਹਿਣ 'ਤੇ ਵੀ ਤਿਰਪਾਲਾਂ ਤੱਕ ਨਹੀਂ ਖਰੀਦ ਸਕਿਆ ਨਿਗਮ
ਵਿਧਾਇਕ ਰਿੰਕੂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਖਾਸਮਖਾਸ ਅਤੇ ਤੇਜ਼ਤਰਾਰ ਵਿਧਾਇਕ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦੀ ਪਤਨੀ ਦੇ ਕਹਿਣ 'ਤੇ ਵੀ ਜਲੰਧਰ ਨਗਰ ਨਿਗਮ ਆਪਣੀਆਂ ਕੂੜੇ ਵਾਲੀਆਂ ਗੱਡੀਆਂ ਨੂੰ ਢਕਣ ਲਈ ਤਿਰਪਾਲਾਂ ਤੱਕ ਨਹੀਂ ਖਰੀਦ ਸਕਿਆ। ਜ਼ਿਕਰਯੋਗ ਹੈ ਕਿ ਵਿਧਾਇਕ ਰਿੰਕੂ ਦੀ ਪਤਨੀ ਡਾ. ਸੁਨੀਤਾ ਰਿੰਕੂ ਨਾ ਸਿਰਫ ਜਲੰਧਰ ਨਿਗਮ ਵਿਚ ਕੌਂਸਲਰ ਹੈ, ਸਗੋਂ ਆਪਣੇ ਵਾਰਡ ਵਿਚ ਕਾਫੀ ਸਰਗਰਮ ਵੀ ਰਹਿੰਦੀ ਹੈ। ਉਨ੍ਹਾਂ ਕਰੀਬ ਤਿੰਨ ਮਹੀਨੇ ਪਹਿਲਾਂ ਹੋਈ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਇਹ ਮੁੱਦਾ ਜ਼ੋਰਾਂ-ਸ਼ੋਰਾਂ ਨਾਲ ਉਠਾਇਆ ਸੀ ਕਿ ਸ਼ਹਿਰ ਵਿਚ ਨਿਗਮ ਦੀਆਂ ਕੂੜੇ ਨਾਲ ਭਰੀਆਂ ਗੱਡੀਆਂ ਸੜਕਾਂ 'ਤੇ ਗੰਦਗੀ ਖਿਲਾਰਦੇ ਹੋਏ ਜਾਂਦੀਆਂ ਹਨ, ਇਸ ਲਈ ਉਨ੍ਹਾਂ ਨੂੰ ਤਿਰਪਾਲਾਂ ਆਦਿ ਨਾਲ ਢਕਣ ਦਾ ਪ੍ਰਬੰਧ ਕੀਤਾ ਜਾਵੇ। ਅੱਜ ਵੀ ਨਿਗਮ ਦੀਆਂ 100-150 ਗੱਡੀਆਂ ਬਿਨਾਂ ਢਕੇ ਹੀ ਕੂੜਾ ਲੈ ਕੇ ਜਾਂਦੀਆਂ ਹਨ। ਨਿਗਮ ਦਾ ਆਪਣਾ ਬਜਟ ਕਰੀਬ 600 ਕਰੋੜ ਰੁਪਏ ਦਾ ਹੈ ਪਰ ਸਿਰਫ ਕੁਝ ਹਜ਼ਾਰ ਰੁਪਏ ਦੀਆਂ ਤਿਰਪਾਲਾਂ ਨਿਗਮ ਕੋਲੋਂ ਨਹੀਂ ਖਰੀਦੀਆਂ ਜਾ ਰਹੀਆਂ। ਕੌਂਸਲਰ ਡਾ. ਸੁਨੀਤਾ ਰਿੰਕੂ ਨੇ ਅੱਜ ਇਸ ਵਿਸ਼ੇ 'ਤੇ ਫਿਰ ਨਿਗਮ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨਜ਼ ਮੁਤਾਬਿਕ ਵੀ ਕੂੜੇ ਨਾਲ ਭਰੀਆਂ ਗੱਡੀਆਂ ਨੂੰ ਤਿਰਪਾਲ ਨਾਲ ਢਕਣਾ ਜ਼ਰੂਰੀ ਹੈ। ਇਸ ਮੀਟਿੰਗ ਦੌਰਾਨ ਉਨ੍ਹਾਂ ਆਪਣੇ ਵਾਰਡ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਬਾਰੇ ਵੀ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ।

ਵਿਧਾਇਕ ਬੇਰੀ ਤੇ ਮੇਅਰ ਦੇ ਸਟੈਂਡ ਦੇ ਉਲਟ ਜਾ ਰਿਹਾ ਨਿਗਮ, ਜੀ. ਟੀ. ਰੋਡ 'ਤੇ ਫਿਰ ਲੱਗਣੀ ਸ਼ੁਰੂ ਹੋਈ ਸ਼ੂਅ ਮਾਰਕੀਟ
ਵਿਧਾਇਕ ਰਾਜਿੰਦਰ ਬੇਰੀ ਅਤੇ ਮੇਅਰ ਜਗਦੀਸ਼ ਰਾਜਾ ਨੇ ਕੁਝ ਦਿਨ ਪਹਿਲਾਂ ਜਿੱਥੇ ਮੇਨ ਸੜਕਾਂ 'ਤੇ ਲੱਗਣ ਵਾਲੇ ਸੰਡੇ ਬਾਜ਼ਾਰ ਨੂੰ ਬੰਦ ਕਰਵਾਇਆ ਸੀ, ਉਥੇ ਜੀ. ਟੀ. ਰੋਡ ਕਿਨਾਰੇ ਰੈੱਡ ਕਰਾਸ ਮਾਰਕੀਟ ਦੇ ਬਾਹਰ ਲੱਗਦੀ ਸ਼ੂਅ ਮਾਰਕੀਟ 'ਤੇ ਵੀ ਕਾਰਵਾਈ ਕਰ ਕੇ ਉਸ ਨੂੰ ਹਟਾ ਦੱਤਾ ਸੀ। ਹੁਣ ਨਗਰ ਨਿਗਮ ਵਿਧਾਇਕ ਬੇਰੀ ਤੇ ਮੇਅਰ ਦੇ ਸਟੈਂਡ ਦੇ ਉਲਟ ਜਾ ਰਿਹਾ ਹੈ ਕਿਉਂਕਿ ਉਥੇ ਦੁਬਾਰਾ ਸ਼ੂਅ ਮਾਰਕੀਟ ਲੱਗ ਗਈ ਹੈ, ਜਿਸ ਕਾਰਣ ਜੀ. ਟੀ. ਰੋਡ ਦਾ ਟ੍ਰੈਫਿਕ ਫਿਰ ਪ੍ਰਭਾਵਿਤ ਹੋਣ ਲੱਗ ਪਿਆ ਹੈ। ਵਿਧਾਇਕ ਰਾਜਿੰਦਰ ਬੇਰੀ ਨੂੰ ਅਕਸਰ ਕੰਮ ਕਰਵਾਉਣ ਲਈ ਨਿਗਮ ਵੀ ਆਉਣਾ ਪੈ ਰਿਹਾ ਹੈ।

ਵਿਧਾਇਕ ਪਰਗਟ ਤੇ ਬਾਵਾ ਹੈਨਰੀ ਵੀ ਖੁਸ਼ ਨਹੀਂ
ਨਿਗਮ ਦੀ ਕਾਰਜਪ੍ਰਣਾਲੀ ਦੀ ਗੱਲ ਕਰੀਏ ਤਾਂ ਬਾਕੀ ਦੋਵੇਂ ਵਿਧਾਇਕ ਪਰਗਟ ਸਿੰਘ ਅਤੇ ਬਾਵਾ ਹੈਨਰੀ ਵੀ ਜ਼ਿਆਦਾ ਖੁਸ਼ ਨਹੀਂ ਹਨ। ਵਿਧਾਇਕ ਪਰਗਟ ਸਿੰਘ ਨੇ ਸਾਲ-ਡੇਢ ਸਾਲ ਪਹਿਲਾਂ ਛਾਉਣੀ ਹਲਕੇ ਦੇ 12 ਪਿੰਡਾਂ ਨੂੰ ਨਿਗਮ ਦੀ ਹੱਦ 'ਚ ਸ਼ਾਮਲ ਕਰਵਾ ਲਿਆ ਸੀ ਪਰ ਨਿਗਮ ਨਾ ਉਥੇ ਕੋਈ ਸਹੂਲਤ ਦੇ ਰਿਹਾ ਹੈ ਤੇ ਨਾ ਹੀ ਉਥੇ ਕੋਈ ਸਿਸਟਮ ਬਣਾਇਆ ਜਾ ਰਿਹਾ ਹੈ। ਵਿਧਾਇਕ ਬਾਵਾ ਹੈਨਰੀ ਨੇ ਵੀ ਸਾਲ-ਡੇਢ ਸਾਲ ਪਹਿਲਾਂ ਪ੍ਰਤਾਪ ਬਾਗ ਸਥਿਤ ਕੂੜੇ ਦੇ ਡੰਪ ਦਾ ਦੌਰਾ ਕਰਕੇ ਚਾਰਦੀਵਾਰੀ ਤਾਂ ਬਣਵਾ ਲਈ ਸੀ ਅਤੇ ਡੰਪ ਦਾ ਹੱਲ ਕਰਨ ਲਈ ਕਿਹਾ ਸੀ ਪਰ ਅੱਜ ਉਤੇ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਬਦਤਰ ਹੋ ਗਏ ਹਨ।
ਇਸ ਦੌਰਾਨ ਪਿਛਲੇ ਦਿਨੀਂ ਦਿੱਲੀ ਵਿਚ ਹੋਈਆਂ ਚੋਣਾਂ ਦੌਰਾਨ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਵਿਕਾਸ ਤੇ ਸ਼ਹਿਰ ਵਿਚ ਬਣਾਏ ਗਏ ਸਿਸਟਮ ਦੇ ਦਮ ਤੇ ਅਣਕਿਆਸੀ ਜਿੱਤ ਹਾਸਲ ਕੀਤੀ ਹੈ, ਉਸ ਨਾਲ ਵੀ ਸ਼ਹਿਰ ਦੇ ਵਿਧਾਇਕਾਂ ਵਿਚ ਇਹ ਪ੍ਰੇਸ਼ਾਨੀ ਵਧਣ ਲੱਗੀ ਹੈ ਕਿ ਜੇਕਰ ਸ਼ਹਿਰ ਦੇ ਵਿਕਾਸ ਤੇ ਸਿਸਟਮ ਵਿਚ ਸੁਧਾਰ ਨਾ ਲਿਆਂਦਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਉਲਟਫੇਰ ਹੋ ਸਕਦਾ ਹੈ।


shivani attri

Edited By shivani attri