ਦੇਵ ਤੇ ਲਾਲੀ ਦੇ ਚਾਰਜ ਸੰਭਾਲਣ ਦੇ ਪਹਿਲੇ ਦਿਨ ਹੀ ਕਾਂਗਰਸ ਭਵਨ ਰਿਹਾ ਸੁੰਨਾ
Thursday, Jan 17, 2019 - 12:17 PM (IST)

ਜਲੰਧਰ (ਚੋਪੜਾ)— ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੀ ਤਾਜਪੋਸ਼ੀ ਉਪਰੰਤ ਪਹਿਲੇ ਹੀ ਦਿਨ ਕਾਂਗਰਸ ਭਵਨ ਪੂਰੀ ਤਰ੍ਹਾਂ ਸੁੰਨਾ ਰਿਹਾ। ਜਿੱਥੇ ਜ਼ਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਦੇ ਆਫਿਸ ਦੇ ਬਾਹਰ ਸਾਰਾ ਦਿਨ ਤਾਲਾ ਲਟਕਿਆ ਰਿਹਾ, ਉਥੇ ਦਿਹਾਤੀ ਪ੍ਰਧਾਨ ਦੇ ਦਫਤਰ ਦਾ ਦਰਵਾਜ਼ਾ ਤਾਂ ਖੁੱਲ੍ਹਾ ਸੀ ਪਰ ਦਫਤਰ 'ਚ ਰੱਖੀਆਂ ਕੁਰਸੀਆਂ ਨਵੇਂ ਪ੍ਰਧਾਨ ਅਤੇ ਵਰਕਰਾਂ ਨੂੰ ਤਰਸਦੀਆਂ ਦਿਸੀਆਂ, ਜਿਸ ਕਾਰਨ ਕਾਂਗਰਸ ਭਵਨ 'ਚ ਕੋਈ ਖਾਸ ਹਲਚਲ ਵੇਖਣ ਨੂੰ ਨਹੀਂ ਮਿਲੀ। ਦਫਤਰ ਦੇ ਲਾਅਨ 'ਚ ਸਿਰਫ 3-4 ਵਿਅਕਤੀ ਧੁੱਪ ਦਾ ਆਨੰਦ ਮਾਣ ਰਹੇ ਸਨ। ਦੋਵੇਂ ਪ੍ਰਧਾਨਾਂ ਦੀ ਗੈਰ-ਮੌਜੂਦਗੀ ਕਾਰਨ ਦਫਤਰ ਆਉਣ ਵਾਲੇ ਕਾਂਗਰਸੀ ਵਰਕਰਾਂ ਦੇ ਹੱਥ ਨਿਰਾਸ਼ਾ ਲੱਗੀ।
ਜ਼ਿਕਰਯੋਗ ਹੈ ਕਿ ਕੱਲ ਜ਼ਿਲਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੇ ਨਵ-ਨਿਯੁਕਤ ਪ੍ਰਧਾਨਾਂ ਨੇ ਆਪਣਾ ਚਾਰਜ ਸੰਭਾਲਿਆ ਸੀ। ਇਸ ਦੌਰਾਨ ਸੰਸਦ ਮੈਂਬਰ ਸੰਤੋਖ ਚੌਧਰੀ, ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇ. ਪੀ., ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਚੌਧਰੀ ਸੁਰਿੰਦਰ ਸਿੰਘ ਸਣੇ ਸੀਨੀਅਰ ਆਗੂਆਂ ਨੇ ਦੇਵ ਤੇ ਲਾਲੀ ਨੂੰ ਕਾਂਗਰਸ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਸਰਗਰਮ ਕਰਨ ਲਈ ਅਗਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਕਮਰ ਕੱਸ ਲੈਣ ਲਈ ਕਿਹਾ ਸੀ। ਕਾਂਗਰਸੀ ਆਗੂਆਂ ਨੇ ਦੇਵ ਤੇ ਲਾਲੀ ਨੂੰ ਨਸੀਹਤ ਦਿੱਤੀ ਸੀ ਕਿ ਪ੍ਰਧਾਨਗੀ ਸੁੱਖ ਸਹੂਲਤ ਲਈ ਨਹੀਂ, ਸਗੋਂ ਇਹ ਉਨ੍ਹਾਂ ਦੇ ਸਿਰ 'ਤੇ ਕੰਡਿਆਂ ਦੇ ਤਾਜ ਵਾਂਗ ਹੈ ਅਤੇ ਹਾਈਕਮਾਨ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਨ੍ਹਾਂ ਬਾਖੂਬੀ ਨਿਭਾਉਣਾ ਹੈ।
ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਲਾਲੀ ਦੇ ਭਰਾ ਅਤੇ ਸਾਬਕਾ ਸੀ. ਪੀ. ਐੱਸ. ਕੰਵਲਜੀਤ ਲਾਲੀ ਨੇ ਆਪਣੇ ਸੰਬੋਧਨ ਦੌਰਾਨ ਸ਼ਹਿਰੀ ਪ੍ਰਧਾਨ ਦੇ ਸਮੇਂ ਸਿਰ ਪ੍ਰੋਗਰਾਮ 'ਚ ਸ਼ਾਮਲ ਨਾ ਹੋਣ 'ਤੇ ਉਸ ਦੀ ਚੰਗੀ ਕਲਾਸ ਲਾਉਂਦਿਆਂ ਨਸੀਹਤ ਦਿੱਤੀ ਸੀ ਕਿ ਲੋਕ ਸਭਾ ਸਿਰ 'ਤੇ ਹਨ। ਜੇਕਰ ਅੱਜ ਬਲਦੇਵ ਸਿੰਘ ਇੰਨੀ ਦੇਰ ਨਾਲ ਆ ਰਹੇ ਹਨ ਤਾਂ ਅੱਗੇ ਕੰਮ ਕਿਵੇਂ ਚੱਲੇਗਾ ਪਰ ਸਿਰਫ ਇਕ ਦਿਨ ਬਾਅਦ ਹੀ ਦੇਵ ਤਾਂ ਕੀ ਖੁਦ ਉਨ੍ਹਾਂ ਦੇ ਭਰਾ ਨੇ ਵੀ ਕਾਂਗਰਸ ਭਵਨ ਆਉਣਾ ਮੁਨਾਸਿਬ ਨਹੀਂ ਸਮਝਿਆ। ਜਦੋਂਕਿ ਦੋਵਾਂ ਜ਼ਿਲਾ ਪ੍ਰਧਾਨਾਂ ਨੇ ਦਾਅਵਾ ਕੀਤਾ ਸੀ ਕਿ ਉਹ ਰੋਜ਼ਾਨਾ ਕਾਂਗਰਸ ਭਵਨ ਵਿਚ ਵਰਕਰਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਸ਼ਹਿਰੀ ਦਫਤਰ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਬਲਦੇਵ ਦੇਵ ਆਪਣੇ ਕੁੱਝ ਸਾਥੀਆਂ ਸਣੇ 20-25 ਮਿੰਟ ਲਈ ਆਏ ਸਨ ਪਰ ਚਾਹ-ਪਾਣੀ ਤੋਂ ਬਾਅਦ ਉਹ ਵਾਪਸ ਚਲੇ ਗਏ। ਉਥੇ ਦਿਹਾਤੀ ਦਫਤਰ ਦੇ ਆਫਿਸ ਇੰਚਾਰਜ ਨੰਬਰਦਾਰ ਹਰਪਾਲ ਸਿੰਘ ਸੰਧੂ ਰੋਜ਼ਾਨਾ ਵਾਂਗ ਆਪਣੀ ਡਿਊਟੀ ਨਿਭਾਉਂਦਿਆਂ ਆਏ ਵਰਕਰਾਂ ਨੂੰ ਅਟੈਂਡ ਕਰਦੇ ਦਿਸੇ। ਜੇਕਰ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਦਾ ਆਪਣੀ ਜ਼ਿੰਮੇਵਾਰੀ ਪ੍ਰਤੀ ਇੰਝ ਹੀ ਲਾਪ੍ਰਵਾਹੀ ਭਰਿਆ ਰਵੱਈਆ ਰਿਹਾ ਤਾਂ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।