ਵੱਖ-ਵੱਖ ਕੋਰਸਾਂ ਦੇ ਦਾਖ਼ਲਾ ਟੈਸਟਾਂ ਦੀ ਤਾਰੀਖ਼ ਇਕੋ ਦਿਨ ਹੋਣ ਕਾਰਨ ਉਲਝੇ ਵਿਦਿਆਰਥੀ, ਕੀਤੀ ਇਹ ਮੰਗ
Thursday, Jul 28, 2022 - 03:46 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਅਗਲੇਰੀ ਪੜ੍ਹਾਈ ਲਈ ਵੱਖ-ਵੱਖ ਤਰ੍ਹਾਂ ਦੇ ਇਮਤਿਹਾਨ ਦਿੱਤੇ ਜਾਂਦੇ ਹਨ। ਇਸ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਐੱਡ. ਕੋਰਸ ਅਤੇ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵੱਲੋਂ ਐੱਮ. ਏ. ਜੌਗਰਫੀ ਅਤੇ ਐੱਮ. ਐੱਸ. ਸੀ. ਆਨਰਜ਼ ਲਈ ਐਂਟਰੈਂਸ ਟੈਸਟ ਇਕੋ ਦਿਨ 31 ਜੁਲਾਈ ਨੂੰ ਰੱਖ ਲਿਆ ਗਿਆ ਹੈ। ਇਸ ਨਾਲ ਗ੍ਰੈਜੂਏਸ਼ਨ ਪੂਰੀ ਕਰਨ ਵਾਲੇ ਵਿਦਿਆਰਥੀ, ਜੋ ਦੋਵਾਂ ਕੋਰਸਾਂ ਲਈ ਦਾਖ਼ਲਾ ਟੈਸਟ ਦੇਣਾ ਚਾਹੁੰਦੇ ਹਨ, ਉਹ ਆਪਣੇ ਆਪ ਨੂੰ ਦੁਚਿੱਤੀ ’ਚ ਫਸਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਉਹ ਇਕ ਟੈਸਟ ਛੱਡਣ ਲਈ ਮਜਬੂਰ ਹੋ ਰਹੇ ਹਨ। ਇਸ ਬਾਰੇ ਗੱਲ ਕਰਦਿਆਂ ਵੱਖ-ਵੱਖ ਸਿੱਖਿਆ ਮਾਹਿਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੋਵਾਂ ਟੈਸਟਾਂ ਦੀ ਤਾਰੀਖ਼ ਵੱਖ-ਵੱਖ ਰੱਖੀ ਜਾਵੇ ਤਾਂ ਜੋ ਦੋਵੇਂ ਟੈਸਟ ਦੇਣ ਵਾਲੇ ਵਿਦਿਆਰਥੀ ਬਿਨਾਂ ਕਿਸੇ ਸਮੱਸਿਆ ਤੋਂ ਆਪਣੀ ਅਗਲੇਰੀ ਪੜ੍ਹਾਈ ਲਈ ਦਾਖ਼ਲਾ ਟੈਸਟ ਦੇ ਸਕਣ।
ਉਨ੍ਹਾਂ ਕਿਹਾ ਕਿ ਜੇਕਰ ਇਕੋ ਦਿਨ ਟੈਸਟ ਲਏ ਜਾਂਦੇ ਹਨ ਤਾਂ ਬਹੁਤ ਸਾਰੇ ਵਿਦਿਆਰਥੀ ਆਪਣੀ ਅੱਗੇ ਦੀ ਪੜ੍ਹਾਈ ਲਈ ਦਿੱਤਾ ਜਾਣ ਵਾਲਾ ਇਕ ਟੈਸਟ ਛੱਡਣ ਲਈ ਮਜਬੂਰ ਹੋਣਗੇ, ਜੋ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਵੇਗਾ। ਇਸ ਸਬੰਧੀ ਗੱਲ ਕਰਦਿਆਂ ਇੰਜੀਨੀਅਰ ਅਨਿਲ ਮਹਿਤਾ, ਪ੍ਰਿੰਸੀਪਲ ਜੈ ਕਿਸ਼ਨ ਮਹਿਤਾ, ਓਮ ਪ੍ਰਕਾਸ਼ ਸ਼ਰਮਾ ਸੂਬਾ ਪ੍ਰਧਾਨ ਛਾਤਰ ਕਲਿਆਣ ਪ੍ਰੀਸ਼ਦ ਪੰਜਾਬ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਅਮਿਤਾ ਮਹਿਤਾ, ਮੈਡਮ ਊਸ਼ਾ ਪਰਾਸ਼ਰ, ਰਾਜੀਵ ਕੁਮਾਰ ਪਰਾਸ਼ਰ, ਦਰਸ਼ਨ, ਵਿਦਿਆਰਥੀਆਂ ਡੈਂਟੀ ਮਹਿਤਾ, ਅਮਨਦੀਪ ਕੌਰ, ਤਰਨਜੀਤ ਕੌਰ ਅਤੇ ਉਨ੍ਹਾਂ ਦੇ ਮਾਪਿਆਂ ਨੇ ਮੰਗ ਕੀਤੀ ਕਿ ਦੋਵੇਂ ਟੈਸਟ ਵੱਖ-ਵੱਖ ਦਿਨਾਂ ’ਤੇ ਲਏ ਜਾਣ ਤਾਂ ਜੋ ਸਾਰੇ ਵਿਦਿਆਰਥੀ ਆਪਣੀ ਲੋੜ ਅਨੁਸਾਰ ਟੈਸਟ ਦੇ ਸਕਣ।