ਮੁਫ਼ਤ ਬਿਜਲੀ ਲਈ ਸ਼ਰਤਾਂ ਰੱਖਣਾ ਗ਼ਲਤ, ਜਨਤਾ ਨਾਲ ਕੀਤਾ ਜਾ ਰਿਹੈ ਧੋਖਾ : ਕਾਲੀਆ

07/05/2022 3:34:12 PM

ਜਲੰਧਰ (ਗੁਲਸ਼ਨ)–ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਪੰਜਾਬ ’ਚ ਆਉਂਦੀ ਹੈ ਤਾਂ ਸੂਬਾ ਵਾਸੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਾਰੰਟੀ 1 ਜੁਲਾਈ ਤੋਂ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ 300 ਯੂਨਿਟ ਮੁਫ਼ਤ ਬਿਜਲੀ ਐੱਸ. ਸੀ./ਐੱਸ. ਟੀ. ਕੈਟਾਗਰੀ ਅਤੇ ਆਜ਼ਾਦੀ ਘੁਲਾਟੀਆਂ ਨੂੰ ਦਿੱਤੀ ਜਾਵੇਗੀ। ਕਾਲੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ 300 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ ਨੂੰ ਲਾਗੂ ਕਰਨ ਸਮੇਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਸ਼ਰਤਾਂ ਲਾ ਦਿੱਤੀਆਂ ਹਨ।

ਸ਼ਰਤਾਂ ਮੁਤਾਬਕ ਜੇਕਰ ਐੱਸ. ਸੀ./ਐੱਸ. ਟੀ. ਕੈਟਾਗਰੀ ਅਧੀਨ ਲੋਕਾਂ ਨੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੈਣੀ ਹੈ ਤਾਂ ਉਨ੍ਹਾਂ ਕੋਲ 1 ਕਿਲੋਵਾਟ ਦਾ ਹੀ ਬਿਜਲੀ ਕੁਨੈਕਸ਼ਨ ਹੋਣਾ ਚਾਹੀਦਾ ਹੈ। ਦੂਜੀ ਸ਼ਰਤ ਇਹ ਲਾ ਦਿੱਤੀ ਕਿ ਜੇਕਰ ਬਿਜਲੀ ਦਾ ਲੋਡ 1 ਕਿਲੋਵਾਟ ਤੋਂ ਜ਼ਿਆਦਾ ਅਤੇ 2 ਮਹੀਨਿਆਂ ਵਿਚ 600 ਯੂਨਿਟ ਬਿਜਲੀ ਦੀ ਖਪਤ ਕੀਤੀ ਹੈ ਤਾਂ ਐੱਸ. ਸੀ./ਐੱਸ. ਟੀ. ਦੇ ਲੋਕਾਂ ਨੂੰ ਵੀ ਬਿਜਲੀ ਦਾ ਪੂਰਾ ਬਿੱਲ ਦੇਣਾ ਪਵੇਗਾ। ਜਨਰਲ ਕੈਟਾਗਰੀ ਦਾ ਖਪਤਕਾਰ ਵੀ ਜੇਕਰ 2 ਮਹੀਨਿਆਂ ਵਿਚ 600 ਯੂਨਿਟ ਤੋਂ ਵੱਧ ਖਪਤ ਕਰਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਭਰਨਾ ਪਵੇਗਾ। ਕਾਲੀਆ ਨੇ ਕਿਹਾ ਿਕ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਹੀ ਗਾਰੰਟੀ ਨੂੰ ਪੂਰਾ ਕਰਨ ’ਤੇ ਸ਼ਰਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜੋ ਕਿ ਜਨਤਾ ਨਾਲ ਸਰਾਸਰ ਧੋਖਾ ਹੈ। ਪੰਜਾਬ ਦੇ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।


Manoj

Content Editor

Related News