SC ਡਿਪਾਰਟਮੈਂਟ ਦੀ ਕਾਂਗਰਸ ਭਵਨ ’ਚ ਹੋਈ ਮੀਟਿੰਗ ਦੌਰਾਨ ਹੋਇਆ ਹੰਗਾਮਾ
Saturday, Sep 03, 2022 - 03:28 PM (IST)

ਜਲੰਧਰ (ਚੋਪੜਾ)–ਪ੍ਰਦੇਸ਼ ਕਾਂਗਰਸ ਕਮੇਟੀ ਐੱਸ. ਸੀ. ਡਿਪਾਰਟਮੈਂਟ ਦੀ ਕਾਂਗਰਸ ਭ ਵਨ ਵਿਚ ਆਯੋਜਿਤ ਮੀਟਿੰਗ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਐੱਸ. ਸੀ. ਡਿਪਾਰਟਮੈਂਟ ਦੇ ਸੂਬਾਈ ਚੇਅਰਮੈਨ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਉਪ ਆਗੂ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹੋਰਨਾਂ ਨੂੰ ਕਾਂਗਰਸ ਦੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਿਤ ਆਗੂ ਅਮਿਤ ਮੱਟੂ ਨੇ ਖਰੀਆਂ-ਖਰੀਆਂ ਸੁਣਾਈਆਂ। ਕਾਂਗਰਸ ਭਵਨ ਵਿਚ ਕਿਸੇ ਹੋਰ ਕਾਰਨ ਪਹੁੰਚੇ ਅਮਿਤ ਮੱਟੂ ਨੇ ਜਦੋਂ ਐੱਸ. ਸੀ. ਡਿਪਾਰਟਮੈਂਟ ਦੀ ਮੀਟਿੰਗ ਹੁੰਦੀ ਦੇਖੀ ਤਾਂ ਉਨ੍ਹਾਂ ਸੂਬਾਈ ਚੇਅਰਮੈਨ ਨੂੰ ਦੋ-ਟੁੱਕ ਕਿਹਾ ਕਿ ਜ਼ਿਲ੍ਹੇ ’ਚ ਕਾਂਗਰਸ ਦੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਿਤ ਮੀਟਿੰਗ ਸੱਦੀ ਗਈ ਹੈ ਪਰ ਜ਼ਿਲ੍ਹੇ ਦੇ ਵਧੇਰੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਿਤ ਆਗੂਆਂ ਅਤੇ ਵਰਕਰਾਂ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਮੀਟਿੰਗ ਦਾ ਕੋਈ ਸੱਦਾ ਮਿਲਿਆ ਹੈ।
ਮੱਟੂ ਨੇ ਕਿਹਾ ਕਿ ਕਾਂਗਰਸ ਪਹਿਲਾਂ ਹੀ ਹਾਸ਼ੀਏ ’ਤੇ ਹੈ ਅਤੇ ਇਸ ਤਰ੍ਹਾਂ ਮੀਟਿੰਗਾਂ ਕਰ ਕੇ ਕੁਝ ਲੋਕ ਪਾਰਟੀ ਦਾ ਬੇੜਾ ਗਰਕ ਕਰਨ ’ਤੇ ਤੁਲੇ ਹੋਏ ਹਨ। ਮੱਟੂ ਦੇ ਸ਼ਬਦ ਸੁਣ ਕੇ ਮੌਜੂਦ ਕਈ ਆਗੂ ਖੱਬੇ-ਸੱਜੇ ਝਾਕਣ ਲੱਗੇ। ਇਕ-ਦੂਜੇ ’ਤੇ ਮੀਟਿੰਗ ਦੇ ਆਯੋਜਨ ਨੂੰ ਲੈ ਕੇ ਲਿੱਪਾ-ਪੋਚੀ ਕਰਨ ਲੱਗੇ। ਮੱਟੂ ਨੇ ਕਿਹਾ ਕਿ ਕਾਂਗਰਸ ’ਚ ਵਰਕਰਾਂ ਦੀ ਹੋ ਰਹੀ ਅਣਦੇਖੀ ਨਾਲ ਪਾਰਟੀ ਪੂਰੀ ਤਰ੍ਹਾਂ ਟੁੱਟਣ ਦੇ ਕੰਢੇ ’ਤੇ ਹੈ ਪਰ ਇਸ ਦੇ ਬਾਵਜੂਦ ਸੂਬਾਈ ਚੇਅਰਮੈਨ ਦੀ ਮੀਟਿੰਗ ’ਚ ਮੌਜੂਦ ਸੀਮਤ ਗਿਣਤੀ ’ਚ ਦਲਿਤ ਵਰਕਰਾਂ ਦੀ ਮੌਜੂਦਗੀ ਹਾਲਾਤ ਖ਼ੁਦ ਹੀ ਬਿਆਨ ਕਰਦੀ ਹੈ।
ਹਾਲਾਂਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਤੁਰੰਤ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦਿਆਂ ਉਥੋਂ ਨਿਕਲਣ ਵਿਚ ਹੀ ਆਪਣੀ ਭਲਾਈ ਸਮਝੀ। ਇਸ ਤੋਂ ਪਹਿਲਾਂ ਮੀਟਿੰਗ ਵਿਚ ਡਾ. ਚੱਬੇਵਾਲ ਤੋਂ ਇਲਾਵਾ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਸ਼ਹਿਰੀ ਪ੍ਰਧਾਨ ਬਲਰਾਜ ਠਾਕੁਰ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਐੱਸ. ਸੀ. ਡਿਪਾਰਟਮੈਂਟ ਦੇ ਕੋ-ਚੇਅਰਮੈਨ ਜੰਗ ਬਹਾਦਰ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੁਰਿੰਦਰ ਚੌਧਰੀ, ਪ੍ਰਦੇਸ਼ ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਕੰਚਨ ਠਾਕੁਰ, ਪ੍ਰਦੇਸ਼ ਸਕੱਤਰ ਮੀਨੂੰ ਬੱਗਾ, ਵੰਦਨਾ ਮਹਿਤਾ ਅਤੇ ਹੋਰਨਾਂ ਦੀ ਮੌਜੂਦਗੀ ਵਿਚ ‘ਸੰਵਿਧਾਨ ਰੱਖਿਅਕ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ।
ਡਾ. ਰਾਜ ਕੁਮਾਰ ਨੇ ਦੱਸਿਆ ਕਿ ਹਰ ਵਰਗ, ਹਰ ਜਾਤ, ਹਰ ਧਰਮ ਅਤੇ ਹਰ ਉਹ ਵਿਅਕਤੀ ਜਿਹੜਾ ਸੰਵਿਧਾਨ ਨੂੰ ਪਿਆਰ ਕਰਦਾ ਹੈ ਅਤੇ ਸੰਵਿਧਾਨ ਦੀ ਰਾਖੀ ਕਰਨੀ ਚਾਹੁੰਦਾ ਹੈ, ਉਹ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਸੰਵਿਧਾਨ ਰੱਖਿਅਕ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੰਵਿਧਾਨ ਰੱਖਿਅਕ ਬਣਨ ਦੇ ਇੱਛੁਕ ਵਿਅਕਤੀ ਨੂੰ ਆਪਣਾ ਰਜਿਸਟ੍ਰੇਸ਼ਨ ਫਾਰਮ ਭਰਨਾ ਹੋਵੇਗਾ। ਇਸ ਮੌਕੇ ਮੋਹਨ ਸਿੰਘ ਭਸੀਨ, ਸੁਖਵਿੰਦਰ ਪਾਲ ਬਿੱਲੂ, ਸਤੀਸ਼ ਗੋਲਡੀ, ਹਰਬੰਸ ਸਿੰਘ, ਰਾਜ ਕੁਮਾਰ ਰਾਜੂ, ਪਰਮਜੀਤ ਗਿੱਲ, ਮਹਿੰਦਰ ਸਿੰਘ ਮੱਲ, ਤਜਿੰਦਰ ਸਿੰਘ ਭੰਡਾਰੀ, ਜਗਦੀਸ਼ ਰਾਮ ਸਮਰਾਏ ਆਦਿ ਵੀ ਮੌਜੂਦ ਸਨ।