ਕਮਿਸ਼ਨਰੇਟ ਪੁਲਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਅਪਰਾਧੀਆਂ ਨੂੰ ਕੀਤਾ ਕਾਬੂ

Sunday, Jan 28, 2024 - 06:25 PM (IST)

ਕਮਿਸ਼ਨਰੇਟ ਪੁਲਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਅਪਰਾਧੀਆਂ ਨੂੰ ਕੀਤਾ ਕਾਬੂ

ਜਲੰਧਰ (ਵਰੁਣ) : ਪੁਲਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਚਾਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਖੋਹ ਕਰਨ ਵਾਲਿਆਂ ਦਾ ਇੱਕ ਗਰੋਹ ਸਰਗਰਮ ਹੈ ਜੋ ਕਿ ਦਾਤ ਦੀ ਵਰਤੋਂ ਕਰਕੇ ਲੋਕਾਂ ਤੋਂ ਕੀਮਤੀ ਸਮਾਨ ਖੋਹ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਗਰੋਹ ਚੋਰੀ ਕੀਤਾ ਸਾਮਾਨ ਕਿਸੇ ਹੋਰ ਨੂੰ ਵੇਚਦਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਨਿਰਧਾਰਤ ਖੇਤਰ ਵਿੱਚ ਚੈਕਿੰਗ ਸ਼ੁਰੂ ਕੀਤੀ, ਜਿਸ ਦੇ ਨਤੀਜੇ ਵਜੋਂ 40 ਕੁਆਰਟਰਾਂ ਦੇ ਨੇੜੇ ਤੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਗੌਰਵ ਉਰਫ ਗੋਰੀ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਪਾਲ ਹਸਪਤਾਲ ਆਵਾ ਮੁਹੱਲਾ, ਪ੍ਰਤਾਪ ਬਾਗ ਜਲੰਧਰ, ਰਾਜ ਕੁਮਾਰ ਉਰਫ ਨਾਗਰਾਜ ਪੁੱਤਰ ਅੰਬਿਕਾ ਪਰਸ਼ਾਦ ਵਾਸੀ ਪਿੰਡ ਨਵਾਗੜ੍ਹੀ ਪੀ.ਐੱਸ. ਦਰਗਾਹ ਸ਼ਰੀਫ ਜ਼ਿਲਾ ਬਹਿਰਾਚ ਉੱਤਰ ਪ੍ਰਦੇਸ਼ ਹੁਣ, ਨੇੜੇ ਸਿਟੀ ਰੇਲਵੇ ਸਟੇਸ਼ਨ ਜਲੰਧਰ, ਕੁੰਵਰ ਬਹਾਦਰ ਉਰਫ ਸੋਨੂੰ ਪੁੱਤਰ ਬੋਧ ਬਹਾਦਰ ਵਾਸੀ ਸੰਤੋਸ਼ੀ ਨਗਰ ਨੇੜੇ ਰਾਜੂ ਕਰਿਆਨਾ ਸਟੋਰ ਜਲੰਧਰ ਅਤੇ ਰੋਹਿਤ ਅਰੋੜਾ ਪੁੱਤਰ ਰਾਮ ਸ਼ਰਨ ਦਾਸ ਵਾਸੀ ਮੰਡੀ ਰੋਡ ਨੇੜੇ ਬਾਰਦਾਨਾ ਬਾਜ਼ਾਰ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਖੇ ਐੱਫਆਈਆਰ ਨੰਬਰ 13 ਮਿਤੀ 27-01-2024 ਅਧੀਨ 379ਬੀ(2),379,411 ਆਈਪੀਸੀ ਦਰਜ ਕੀਤੀ ਗਈ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਇਸ ਗਿਰੋਹ ਤੋਂ ਵੱਖ-ਵੱਖ ਬ੍ਰਾਂਡਾਂ ਦੇ 10 ਚੋਰੀ ਕੀਤੇ ਮੋਬਾਈਲ ਫ਼ੋਨ, ਇੱਕ ਮੋਟਰ ਸਾਈਕਲ ਸੀਟੀ-100 ਬਿਨਾਂ ਨੰਬਰ ਦੇ ਅਤੇ ਇੱਕ ਦਾਤ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੌਰਵ, ਕੁੰਵਰ ਬਹਾਦਰ ਅਤੇ ਰੋਹਿਤ ਅਰੋੜਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਪਰ ਰਾਜ ਕੁਮਾਰ ਖ਼ਿਲਾਫ਼ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿਖੇ ਪੰਜ ਕੇਸ ਦਰਜ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਕਮਿਸ਼ਨਰੇਟ ਪੁਲਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਵਚਨਬੱਧ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News