ਅੱਧ ’ਚ ਲਟਕੀ ਬਰਸਾਤੀ ਨਾਲੇ ਦੀ ਸਫ਼ਾਈ, ਬਰਸਾਤ ਦਾ ਪਾਣੀ ਨਾਲੇ ’ਚ ਜਮ੍ਹਾ
Friday, Jul 28, 2023 - 01:49 PM (IST)

ਰੂਪਨਗਰ (ਕੈਲਾਸ਼)-ਰੂਪਨਗਰ ਸ਼ਹਿਰ ’ਚ ਪਿਛਲੇ ਸਮੇਂ ਤੋਂ ਤਬਾਹੀ ਮਚਾਉਣ ਵਾਲੇ ਬਰਸਾਤੀ ਨਾਲੇ ਦੀ ਸਫ਼ਾਈ ਦਾ ਕੰਮ ਅੱਧ ’ਚ ਲਟਕੇ ਹੋਣ ਕਾਰਨ ਜਿੱਥੇ ਲੋਕਾਂ ’ਚ ਫਿਰ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਨਾਲੇ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ’ਚ ਬੀਮਾਰੀਆਂ ਫ਼ੈਲਣ ਦਾ ਵੀ ਡਰ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਸ਼ਿਵਜੀਤ ਸਿੰਘ ਮਣਕੂ ਆਰਟੀਸਨ ਵੈੱਲਫੇਅਰ ਆਰਗੇਨਾਈਜੇਸ਼ਨ ਪੰਜਾਬ, ਬਸੰਤ ਨਗਰ ਦੇ ਵਸਨੀਕ ਸਵਰਨ ਸਿੰਘ, ਸ਼ੇਰ ਸਿੰਘ, ਰਤਨ ਸਿੰਘ, ਜਸਪਾਲ ਸਿੰਘ, ਵਿਜੇ ਕੁਮਾਰ, ਭਗਵਾਨ ਦਾਸ ਰਿਸ਼ੀ ਅਤੇ ਗੋਲਡਨ ਹੋਮਜ਼ ਕੋਟਲਾ ਨਿਹੰਗ ਦੇ ਪ੍ਰਾਜੈਕਟ ਮੈਨੇਜਰ ਮੋਹਿਤ ਕੁਮਾਰ, ਗ੍ਰੀਨ ਐਵੇਨਿਊ ਦੇ ਵਸਨੀਕ ਨਿਰਮਲ ਸਿੰਘ, ਜਸਵੰਤ ਸਿੰਘ, ਬਲਬੀਰ ਸਿੰਘ, ਬਲਬੀਰ ਸਿੰਘ, ਤਿਰਲੋਕ ਸਿੰਘ, ਹਸਤਬੀਰ ਸਿੰਘ, ਅਵਤਾਰ ਸਿੰਘ, ਸੁਧਾਰ ਸਿੰਘ ਨੇ ਦੱਸਿਆ ਕਿ ਗੜ੍ਹ ਖੇਤਰ ਦੇ ਕਰੀਬ 60-70 ਪਿੰਡਾਂ ਅਤੇ ਇਸ ਦੇ ਨਾਲ ਲੱਗਦੇ ਜੰਗਲਾਂ ਦਾ ਬਰਸਾਤੀ ਪਾਣੀ ਇਕ ਬਰਸਾਤੀ ਨਾਲੇ ਵੱਲੋਂ ਰੂਪਨਗਰ ਤੋਂ ਹੁੰਦਾ ਹੋਇਆ ਸਤਲੁਜ ਦਰਿਆ ’ਚ ਜਾ ਡਿੱਗਦਾ ਹੈ।
ਬੀਤੇ ਦਿਨ ਜਦੋਂ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਓਵਰਫਲੋਅ ਹੋਣ ਕਾਰਨ ਬਸੰਤ ਨਗਰ ਨੂੰ ਭਾਰੀ ਨੁਕਸਾਨ ਹੋਇਆ ਸੀ ਤਾਂ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਣੀ ਦੀ ਨਿਕਾਸੀ ਲਈ ਨਾਲੇ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਸੀ ਪਰ ਨਾਲੇ ਦੀ ਸਫ਼ਾਈ ਜਲਦਬਾਜ਼ੀ ’ਚ ਕੀਤੇ ਜਾਣ ਕਾਰਨ ਹੁਣ ਪਾਣੀ ਨਾਲੇ ਦੇ ਵਿਚਕਾਰ ਹੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਪਾਣੀ ਦੇ ਓਵਰਫਲੋਅ ਤੋਂ ਇਲਾਵਾ ਮੱਛਰਾਂ ਅਤੇ ਮੱਖੀਆਂ ਕਾਰਨ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਡਰੇਨ ਦੇ ਪਾਣੀ ਦੀ ਨਿਕਾਸੀ ਲਈ ਕਈ ਥਾਵਾਂ ’ਤੇ ਥਾਂ ਬਹੁਤ ਘੱਟ ਹੈ, ਜਿਸ ਕਾਰਨ ਹੜ੍ਹ ਆ ਸਕਦੇ ਹਨ।
ਇਹ ਵੀ ਪੜ੍ਹੋ- ਬਜਟ ਸੈਸ਼ਨ ਸਬੰਧੀ ਆਪਣੇ ਬਿਆਨ 'ਤੇ ਕਾਇਮ ਰਾਜਪਾਲ, ਵਿਧਾਨ ਸਭਾ 'ਚ ਪਾਸ ਬਿੱਲਾਂ 'ਤੇ ਦਿੱਤਾ ਵੱਡਾ ਬਿਆਨ
ਗ੍ਰੀਨ ਐਵੇਨਿਊ ਦੀ ਬਿਜਲੀ ਸਪਲਾਈ 24 ਘੰਟਿਆਂ ਬਾਅਦ ਹੋਈ ਬਹਾਲ
ਇਸ ਸਬੰਧੀ ਗ੍ਰੀਨ ਐਵੇਨਿਊ ਕਾਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੀ ਬਿਜਲੀ ਸਪਲਾਈ ਮਲਿਕਪੁਰ ਫੀਡਰ ਤੋਂ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਦੀ ਕਾਲੋਨੀ ਨਗਰ ਕੌਂਸਲ ਦੀ ਹੱਦ ’ਚ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਬੰਦ ਹੋਈ ਬਿਜਲੀ ਸਪਲਾਈ 24 ਘੰਟੇ ਬਾਅਦ ਬਹਾਲ ਕਰ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਰੂਪਨਗਰ ਸ਼ਹਿਰ ’ਚ ਪੈਂਦੇ 132 ਕੇ. ਵੀ. ਗਰਿੱਡ ਫੀਡਰ ਨਾਲ ਜੋੜਿਆ ਜਾਵੇ।
ਕਿਸੇ ਸਮੇਂ ਵੀ ਡਿੱਗ ਸਕਦੇ ਨੇ ਬਰਸਾਤੀ ਨਾਲੇ ਤੇ ਭਾਖੜਾ ਨਹਿਰ ਦੇ ਕਿਨਾਰਿਆਂ ਵਿਚਕਾਰ ਲੱਗੇ ਬਿਜਲੀ ਦੇ ਖੰਭੇ
ਇਸ ਸਬੰਧੀ ਉਕਤ ਕਾਲੋਨੀ ਦੇ ਵਾਸੀਆਂ ਨੇ ਦੱਸਿਆ ਕਿ ਬਰਸਾਤੀ ਨਾਲੇ ਅਤੇ ਭਾਖੜਾ ਨਹਿਰ ਦੇ ਕਿਨਾਰਿਆਂ ਵਿਚਕਾਰ ਬਿਜਲੀ ਵਿਭਾਗ ਵੱਲੋਂ ਲਗਾਏ ਗਏ ਬਿਜਲੀ ਦੇ ਖੰਭੇ ਬਰਸਾਤੀ ਪਾਣੀ ਕਾਰਨ ਇਕ ਪਾਸੇ ਨੂੰ ਝੁਕਣੇ ਸ਼ੁਰੂ ਹੋ ਗਏ ਹਨ ਅਤੇ ਕਿਸੇ ਵੇਲੇ ਵੀ ਡਿੱਗ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਜਿੱਥੇ ਬਿਜਲੀ ਵਿਭਾਗ ਨੂੰ ਭਾਰੀ ਨੁਕਸਾਨ ਹੋਵੇਗਾ, ਉੱਥੇ ਹੀ ਲੋਕਾਂ ਦੇ ਘਰਾਂ ਨੂੰ ਜਾਣ ਵਾਲੀ ਬਿਜਲੀ ਸਪਲਾਈ ’ਚ ਵੀ ਵਿਘਨ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਵਿਭਾਗ ਇਸ ਪਾਸੇ ਸਮੇਂ ਸਿਰ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- 16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ
ਭਾਖੜਾ ਨਹਿਰ ਦੀ ਪੁਲੀ ਹੇਠੋਂ ਲੰਘਦੇ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਕੀਤੀ ਗਈ ਸਫ਼ਾਈ
ਇਸ ਸਬੰਧੀ ਉਕਤ ਕਾਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਭਾਖੜਾ ਨਹਿਰ ਦੇ ਹੇਠਾਂ ਤੋਂ ਪਿੰਡਾਂ ’ਚੋਂ ਆਉਣ ਵਾਲੇ ਪਾਣੀ ਦੀ ਨਿਕਾਸੀ ਲਈ ਕਈ ਥਾਵਾਂ ’ਤੇ ਪੁਲੀਏ ਬਣਾਏ ਗਏ ਹਨ ਪਰ ਪੁਲੀਏ ਦੀ ਸਫ਼ਾਈ ਨਾ ਹੋਣ ਕਾਰਨ ਨਾਲੇ ’ਚ ਜੰਗਲੀ ਘਾਹ, ਜੜ੍ਹੀ ਬੂਟੀਆਂ ਅਤੇ ਰੇਤ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਨਿਕਾਸੀ ਪ੍ਰਭਾਵਿਤ ਹੁੰਦੀ ਹੈ ਅਤੇ ਕਿਸੇ ਸਮੇਂ ਵੀ ਵੱਡਾ ਨੁਕਸਾਨ ਹੋ ਸਕਦਾ ਹੈ।
ਭਾਖੜਾ ਨਹਿਰ ਦੇ ਕੰਢੇ ਮਿੱਟੀ ’ਚ ਤਰੇੜਾਂ ਆ ਰਹੀਆਂ ਹਨ ਨਜ਼ਰ
ਉਕਤ ਲੋਕਾਂ ਨੇ ਦੱਸਿਆ ਕਿ ਬਰਸਾਤੀ ਨਾਲੇ ਦੇ ਨਾਲ ਭਾਖੜਾ ਨਹਿਰ ਦੇ ਕਿਨਾਰੇ ਲੱਗਦੇ ਹਨ ਪਰ ਮਿੱਟੀ ਦੇ ਕਿਨਾਰਿਆਂ ’ਤੇ ਕੁਝ ਥਾਵਾਂ ’ਤੇ ਤਰੇੜਾਂ ਸਾਫ਼ ਦਿਖਾਈ ਦੇ ਰਹੀਆਂ ਹਨ ਜਿਸ ਕਾਰਨ ਭਾਖੜਾ ਨਹਿਰ ਦਾ ਪਾਣੀ ਕਿਸੇ ਵੇਲੇ ਵੀ ਲੀਕ ਹੋ ਸਕਦਾ ਹੈ। ਇਸ ਮੌਕੇ ਸ਼ਿਵਜੀਤ ਸਿੰਘ ਮਣਕੂ ਨੇ ਕਿਹਾ ਕਿ ਜੇਕਰ ਇਸ ਪਾਸੇ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਪ੍ਰਸ਼ਾਸਨ ਨੂੰ ਇਸ ਪਾਸੇ ਸਮੇਂ ਸਿਰ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ- ਪੌਂਗ ਡੈਮ 'ਚੋਂ ਮੁੜ ਛੱਡਿਆ ਗਿਆ 44 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ
ਬਰਸਾਤੀ ਨਾਲੇ ’ਚ ਬਣਿਆ ਸਾਈਫਨ ਬਣ ਰਿਹਾ ਹੈ ਪਾਣੀ ਦੀ ਨਿਕਾਸੀ ’ਚ ਅੜਿੱਕਾ
ਇਸ ਸਬੰਧੀ ਲੋਕਾਂ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਉਕਤ ਬਰਸਾਤੀ ਨਾਲੇ ’ਚ ਸਾਈਫਨ ਪਾ ਦਿੱਤਾ ਗਿਆ ਹੈ, ਜਿਸ ਕਾਰਨ ਜਦੋਂ ਬਰਸਾਤੀ ਪਾਣੀ ਵੱਡੀ ਮਾਤਰਾ ’ਚ ਇਕੱਠਾ ਹੋ ਜਾਂਦਾ ਹੈ ਤਾਂ ਉਕਤ ਸਾਈਫਨ ਵਿਚਕਾਰ ਹੀ ਬਲਾਕੇਜ ਬਣ ਜਾਂਦਾ ਹੈ ਅਤੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਨੂੰ ਯੋਜਨਾਬੱਧ ਤਰੀਕੇ ਨਾਲ ਸਾਈਫਨ ਬਣਵਾਉਣਾ ਚਾਹੀਦਾ ਹੈ ਤਾਂ ਜੋ ਬਰਸਾਤੀ ਨਾਲੇ ਦਾ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਵਹਿ ਸਕੇ।
ਬਰਸਾਤੀ ਨਾਲੇ ਨੂੰ ਪੱਕਾ ਕਰਨਾ ਹੀ ਸਮੱਸਿਆ ਦਾ ਇਕੋ ਇਕ ਹੱਲ: ਮਣਕੂ
ਇਸ ਸਬੰਧੀ ਕਾਲੋਨੀ ਦੇ ਵਸਨੀਕਾਂ ਅਤੇ ਸ਼ਿਵਜੀਤ ਸਿੰਘ ਮਣਕੂ ਨੇ ਦੱਸਿਆ ਕਿ ਘਾੜ ਖੇਤਰ ਦੇ ਪਿੰਡਾਂ ਅਤੇ ਜੰਗਲਾਂ ’ਚੋਂ ਬਰਸਾਤੀ ਪਾਣੀ ਕਰੀਬ 40-50 ਫੁੱਟ ਚੌੜੀ ਬਰਸਾਤੀ ਨਾਲੇ ’ਚ ਵਹਿੰਦਾ ਹੈ ਪਰ ਬਸੰਤ ਨਗਰ ਦੇ ਕੋਲ ਭਾਖੜਾ ਨਹਿਰ ਵੱਲ ਜਾਣ ਵਾਲੇ ਰਸਤੇ ਜੋ ਪੁਲੀ ਬਣੀ ਹੋਈ ਹੈ ਉਸ ’ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਇਸ ਨੂੰ ਕਰੀਬ 8 ਫੁੱਟ ਚੌੜਾ ਰੱਖਿਆ ਗਿਆ ਹੈ। ਜਿਸ ਕਾਰਨ ਪਾਣੀ ਦੀ ਨਿਕਾਸੀ ਨਿਰਵਿਘਨ ਨਹੀਂ ਹੋ ਰਹੀ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਨਾਲੇ ਦੀ ਚੌੜਾਈ ਘੱਟ ਹੋਣ ਕਾਰਨ ਇਹ ਡਰੇਨ ਓਵਰਫਲੋ ਹੋ ਕੇ ਹੜ੍ਹ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਮੌਕੇ ਸ਼ਿਵਜੀਤ ਸਿੰਘ ਮਣਕੂ ਨੇ ਕਿਹਾ ਕਿ ਜਦੋਂ ਸਾਲ 1993 ਵਿੱਚ ਉਕਤ ਬਰਸਾਤੀ ਨਾਲੇ ਕਾਰਨ ਹੜ੍ਹ ਆਇਆ ਸੀ ਜਿਸ ਕਾਰਨ ਲੋਕਾਂ ਦਾ ਜਾਨੀ-ਮਾਲੀ ਦਾ ਭਾਰੀ ਨੁਕਸਾਨ ਹੋਇਆ ਸੀ, ਉਸ ਸਮੇਂ ਦੇ ਮੁੱਖ ਮੰਤਰੀ ਸ. ਬੇਅੰਤ ਸਿੰਘ ਨੇ ਨਾਲੇ ਨੂੰ ਠੀਕ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ 30 ਸਾਲ ਬੀਤ ਜਾਣ ਦੇ ਬਾਵਜੂਦ ਮਾਮਲਾ ਲਟਕ ਰਿਹਾ ਹੈ।
ਇਹ ਵੀ ਪੜ੍ਹੋ- ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜੋਰ ਤੋਂ 23 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ