ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾਉਣ ਦੀ ਕੋਸ਼ਿਸ਼

02/26/2020 12:30:00 PM

ਜਲੰਧਰ (ਖੁਰਾਣਾ)-ਸ਼ਹਿਰ ’ਚ ਦੋ ਦਿਨਾਂ ਤੋਂ ਚੱਲ ਰਹੀ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਣ ਲੱਖਾਂ ਘਰਾਂ ’ਚੋਂ ਕੂੜਾ ਨਹੀਂ ਚੁੱਕਿਆ ਜਾ ਸਕਿਆ ਅਤੇ ਨਾ ਹੀ ਜ਼ਿਆਦਾਤਰ ਡੰਪ ਸਥਾਨਾਂ ਦੀ ਸਫਾਈ ਹੋਈ ਹੈ। ਅਜਿਹੇ ’ਚ ਸ਼ਹਿਰ ਗੰਦਗੀ ਦੇ ਢੇਰ ਵਿਚ ਤਬਦੀਲ ਹੁੰੰਦਾ ਜਾ ਰਿਹਾ ਹੈ। ਇਸ ਦੌਰਾਨ ਅੱਜ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਖਤਮ ਕਰਵਾਉਣ ਲਈ ਕੁਝ ਪੁਲਸ ਅਧਿਕਾਰੀਆਂ ਨੇ ਵਿਚੋਲਗੀ ਕੀਤੀ, ਜਿਸ ਤੋਂ ਬਾਅਦ ਹੜਤਾਲ ਦੀ ਕਾਲ ਦੇਣ ਵਾਲੇ ਨਗਰ ਨਿਗਮ ਦੀ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਦੇ ਨਾਲ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦੀ ਇਕ ਮੀਟਿਗ ਸਥਾਨਕ ਪੁਲਸ ਲਾਈਨ ਇਲਾਕੇ ’ਚ ਹੋਈ। ਇਸ ਦੌਰਾਨ ਡੀ. ਸੀ. ਪੀ. (ਲਾਅ ਐਂਡ ਆਰਡਰ) ਬਲਕਾਰ ਸਿੰਘ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਨਿਗਮ ਦੀ ਨੁਮਾਇੰਦਗੀ ਕਰ ਰਹੇ ਕਮਿਸ਼ਨਰ ਦੀਪਰਵ ਲਾਕੜਾ ਨੇ ਕਿਹਾ ਕਿ ਇਸ ਸਮੇਂ ਚੰਡੀਗੜ੍ਹ ’ਚ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ, ਜਿਸ ਕਾਰਣ ਸਾਰੇ ਸਰਕਾਰੀ ਅਧਿਕਾਰੀ, ਮੰਤਰੀ ਤੇ ਵਿਧਾਇਕ ਉਥੇ ਰੁੱਝੇ ਹੋਏ ਹਨ। ਯੂਨੀਅਨ ਆਗੂ ਜੇਕਰ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰਦੇ ਹਨ ਤਾਂ ਸੈਸ਼ਨ ਤੋਂ ਤੁਰੰਤ ਬਾਅਦ ਚੰਡੀਗੜ੍ਹ ਤੱਕ ਗੱਲ ਪਹੁੰਚਾਈ ਜਾ ਸਕਦੀ ਹੈ। ਯੂਨੀਅਨ ਆਗੂਆਂ ਦੀ ਨੁਮਾਇੰਦਗੀ ਕਰ ਰਹੇ ਚੰਦਨ ਗਰੇਵਾਲ ਨੇ ਮੀਟਿੰਗ ਦੌਰਾਨ ਆਪਣਾ ਪੱਖ ਰੱਖਿਆ ਅਤੇ ਸਾਫ ਸ਼ਬਦਾਂ ਵਿਚ ਕਿਹਾ ਕਿ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ 160 ਸੀਵਰਮੈਨਾਂ ਦੀ ਠੇਕੇਦਾਰ ਵਲੋਂ ਭਰਤੀ ਕਰਨ ਦੇ ਟੈਂਡਰ ਨੂੰ ਹੋਲਡ ਕਰਨ ਦੀ ਪਾਵਰ ਰੱਖਦੇ ਹਨ, ਇਸ ਲਈ ਹੜਤਾਲ ਤਦ ਹੀ ਖੁੱਲ੍ਹੇਗੀ ਜੇਕਰ ਟੈਂਡਰ ਨੂੰ ਪੈਂਡਿੰਗ ਰੱਖ ਲਿਆ ਜਾਵੇ। ਕੁਲ ਮਿਲਾ ਕੇ ਮੀਟਿੰਗ ਬੇਸਿੱਟਾ ਰਹੀ।

ਚੰਦਨ ਗਰੇਵਾਲ ਦੇ ਨਾਲ ਹੋਈ ਮੀਟਿੰਗ ਦੌਰਾਨ ਹੜਤਾਲ ਨੂੰ ਲੈ ਕੇ ਕੋਈ ਨਤੀਜਾ ਨਾ ਨਿਕਲਣ ਸਬੰਧੀ ਕਮਿਸ਼ਨਰ ਨੇ ਪੂਰਾ ਵੇਰਵਾ ਮੇਅਰ ਜਗਦੀਸ਼ ਰਾਜਾ ਨੂੰ ਦਿੱਤਾ। ਇਸ ਦੌਰਾਨ ਮੇਅਰ, ਕਮਿਸ਼ਨਰ ਅਤੇ ਕਈ ਕਾਂਗਰਸੀ ਕੌਂਸਲਰਾਂ ਦਰਮਿਆਨ ਆਪਸ ’ਚ ਮੀਟਿੰਗਾਂ ਦਾ ਦੌਰ ਵੀ ਚੱਲਦਾ ਰਿਹਾ। ਦੇਰ ਸ਼ਾਮ ਮੇਅਰ ਜਗਦੀਸ਼ ਰਾਜਾ ਨੇ ਸ਼ਹਿਰ ਦੇ ਦੋ ਕਾਂਗਰਸੀ ਵਿਧਾਇਕਾਂ ਰਾਜਿੰਦਰ ਬੇਰੀ ਅਤੇ ਬਾਵਾ ਹੈਨਰੀ ਨਾਲ ਮੇਅਰ ਹਾਊਸ ਵਿਚ ਮੀਟਿੰਗ ਵੀ ਕੀਤੀ ਅਤੇ ਹੜਤਾਲ ਨਾਲ ਪੈਦਾ ਹੋਈ ਸਥਿਤੀ ਅਤੇ ਚੰਦਨ ਗਰੇਵਾਲ ਨਾਲ ਹੋਈ ਕਮਿਸ਼ਨਰ ਦੀ ਮੀਟਿੰਗ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ।

ਸਫਾਈ ਕਰਮਚਾਰੀਆਂ ਨੇ ਕੱਢਿਆ ਰੋਸ ਮਾਰਚ, ਲਾਏ ਸਰਕਾਰ ਵਿਰੋਧੀ ਨਾਅਰੇ

ਸ਼ਹਿਰ ਵਿਚ ਸਫਾਈ ਦਾ ਕੰਮ ਦੇਖਣ ਵਾਲੇ ਸੈਂਕੜੇ ਸਫਾਈ ਕਰਮਚਾਰੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਹੜਤਾਲ ਰੱਖ ਕੇ ਨਿਗਮ ਕੰਪਲੈਕਸ ਵਿਚ ਰੋਸ ਧਰਨਾ ਦਿੱਤਾ, ਜਿੱਥੇ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਨੂੰ ਰੱਜ ਕੇ ਕੋਸਿਆ। ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਨਿਗਮ ਦੇ ਬਾਹਰ ਸੜਕਾਂ ’ਤੇ ਰੋਸ ਮਾਰਚ ਕੱਢਿਆ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

80 ਦਿਨਾਂ ਲਈ ਠੇਕੇ ’ਤੇ ਰੱਖੇ ਸੀਵਰਮੈਨਾਂ ਨੂੰ ਕਿਵੇਂ ਕਰਨਗੇ ਪੱਕਾ : ਚੰਦਨ

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਚੰਦਨ ਗਰੇਵਾਲ ਨੇ ਕਿਹਾ ਕਿ ਮੇਅਰ ਜਗਦੀਸ਼ ਰਾਜਾ ਇਹ ਲਾਰਾ ਲਾ ਰਹੇ ਹਨ ਕਿ ਦੋ ਸਾਲ ਬਾਅਦ ਠੇਕੇ ’ਤੇ ਰੱਖੇ ਇਨ੍ਹਾਂ ਸੀਵਰਮੈਨਾਂ ਨੂੰ ਪੱਕਾ ਕਰਵਾ ਦਿੱਤਾ ਜਾਵੇਗਾ ਪਰ ਇਸ ਸਬੰਧ ਵਿਚ ਲੱਗੇ ਟੈਂਡਰ ਅਨੁਸਾਰ ਇਨ੍ਹਾਂ ਸੀਵਰਮੈਨਾਂ ਨੂੰ ਕੱਚੇ ਤੌਰ ’ਤੇ ਸਿਰਫ 80 ਦਿਨਾਂ ਲਈ ਰੱਖਿਆ ਜਾ ਰਿਹਾ ਹੈ। ਇਸ ਲਈ ਅਜਿਹੇ ਸੀਵਰਮੈਨਾਂ ਨੂੰ ਕਿਵੇਂ ਪੱਕਾ ਕਰਵਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਆਪਣੇ ਆਪ ਨੂੰ ਫਾਇਦਾ ਦੇਣ ਲਈ ਠੇਕੇਦਾਰ ਦੇ ਜ਼ਰੀਏ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ਰਤ ਰੱਖੀ ਕਿ ਜੇਕਰ ਨਿਗਮ ਪ੍ਰਸ਼ਾਸਨ ਪਿਛਲੇ ਕਈ-ਕਈ ਸਾਲਾਂ ਤੋਂ ਲੱਗੇ ਡਿਚ ਮਸ਼ੀਨ ਚਾਲਕਾਂ, ਕੱਚੇ ਕਰਮਚਾਰੀਆਂ ਅਤੇ ਐਡਹਾਕ ਆਧਾਰ ’ਤੇ ਰੱਖੇ ਹੋਰ ਸਟਾਫ ਵਿਚੋਂ ਇਕ ਨੂੰ ਵੀ ਜੁਆਨਿੰਗ ਲੈਟਰ ਦੇ ਦੇਵੇ ਤਾਂ ਉਹ ਅੱਜ ਹੀ ਹੜਤਾਲ ਵਾਪਸ ਲੈ ਲੈਣਗੇ।

PunjabKesari

ਪੁਲਸ ਆਈ ਜ਼ਰੂਰ ਪਰ ਸਿਰਫ ਤਮਾਸ਼ਬੀਨ ਬਣੀ ਰਹੀ

ਹੜਤਾਲੀ ਕਰਮਚਾਰੀਆਂ ਨੇ ਪੂਰੇ ਨਿਗਮ ਦਾ ਕੰਮ-ਕਾਰ ਠੱਪ ਕਰਵਾਇਆ

ਕੁਝ ਦਿਨ ਪਹਿਲਾਂ ਸ਼ਹਿਰ ਦੇ ਵਿਧਾਇਕਾਂ ਅਤੇ ਮੇਅਰ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਮੀਟਿੰਗ ਕਰ ਕੇ ਹੜਤਾਲੀ ਕਰਮਚਾਰੀਆਂ ਨਾਲ ਨਜਿੱਠਣ ਦੇ ਉਪਾਵਾਂ ’ਤੇ ਚਰਚਾ ਕੀਤੀ ਸੀ, ਜਿਸ ਤੋਂ ਬਾਅਦ ਸੋਮਵਾਰ ਅਤੇ ਮੰਗਲਵਾਰ ਨੂੰ ਹੜਤਾਲ ਦੌਰਾਨ ਭਾਰੀ ਪੁਲਸ ਫੋਰਸ ਨਿਗਮ ਕੰਪਲੈਕਸ ਵਿਚ ਤਾਇਨਾਤ ਰਿਹਾ।

ਅੱਜ ਸ਼ਹਿਰ ਦੇ ਕਈ ਸੀਨੀਅਰ ਪੁਲਸ ਅਧਿਕਾਰੀ ਨਿਗਮ ’ਚ ਮੌਜੂਦ ਰਹੇ ਪਰ ਕੁਝ ਹੜਤਾਲੀ ਕਰਮਚਾਰੀਆਂ ਨੇ ਨਿਗਮ ਕੰਪਲੈਕਸ ਵਿਚ ਆ ਕੇ ਸਾਰੇ ਦਫਤਰ ਬੰਦ ਕਰਵਾ ਦਿੱਤੇ ਅਤੇ ਕਲੈਰੀਕਲ ਸਟਾਫ ਨੂੰ ਵੀ ਹੜਤਾਲ ’ਚ ਸ਼ਾਮਲ ਹੋਣ ਦਾ ਕਹਿ ਕੇ ਉਨ੍ਹਾਂ ਨੂੰ ਹੇਠਾਂ ਲੱਗੇ ਧਰਨੇ ’ਚ ਭੇਜ ਦਿੱਤਾ। ਇਸ ਕਾਰਣ ਅੱਜ ਨਿਗਮ ਵਿਚ ਕੋਈ ਕੰਮ ਵੀ ਨਹੀਂ ਹੋਇਆ ਅਤੇ ਕਲੈਰੀਕਲ ਸਟਾਫ ਵੀ ਹੜਤਾਲ ’ਤੇ ਰਿਹਾ। ਨਿਗਮ ਦੀ ਬੇਸਮੈਂਟ ’ਚ ਸਥਿਤ ਸੁਵਿਧਾ ਸੈਂਟਰ ਵੀ ਬੰਦ ਕਰਵਾ ਦਿੱਤਾ ਗਿਆ।

ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪੁਲਸ ਦੇ ਕਿਸੇ ਅਧਿਕਾਰੀ ਨੇ ਹੜਤਾਲੀ ਕਰਮਚਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀਂ ਅਤੇ ਦਰਜਨਾਂ ਪੁਲਸ ਮੁਲਾਜ਼ਮ ਨਿਗਮ ਦੇ ਬਾਹਰੀ ਗੇਟ ’ਤੇ ਖੜ੍ਹੇ ਰਹੇ। ਨਿਗਮ ਦਾ ਕੋਈ ਵੀ ਵੱਡਾ ਅਧਿਕਾਰੀ ਅੱਜ ਨਿਗਮ ਕੰਪਲੈਕਸ ਵਿਚ ਮੌਜੂਦ ਨਹੀਂ ਸੀ ਅਤੇ ਨਾ ਹੀ ਮੇਅਰ ਜਾਂ ਡਿਪਟੀ ਮੇਅਰ ਵਿਚੋਂ ਕੋਈ ਉਥੇ ਸੀ। ਅਜਿਹੇ ਵਿਚ ਹੜਤਾਲ ਕਰਨ ਵਾਲਿਆਂ ਦੇ ਮਨਸੂਬੇ ਸਫਲ ਹੋਏ ਅਤੇ ਸਫਾਈ ਤੋਂ ਇਲਾਵਾ ਨਿਗਮ ਦਾ ਕੰਮਕਾਜ ਵੀ ਠੱਪ ਰਿਹਾ।

ਇਸ ਦੌਰਾਨ ਪੁਲਸ ਦੇ ਡੀ. ਸੀ. ਪੀ. (ਲਾਅ ਐਂਡ ਆਰਡਰ) ਬਲਕਾਰ ਸਿੰਘ ਯੂਨੀਅਨ ਆਗੂ ਚੰਦਨ ਗਰੇਵਾਲ ਅਤੇ ਿਵਧਾਇਕਾਂ ਨਾਲ ਵਾਰ-ਵਾਰ ਗੱਲ ਕਰਦੇ ਰਹੇ ਤਾਂ ਜੋ ਹੜਤਾਲ ਨੂੰ ਖਤਮ ਕਰਵਾਇਆ ਜਾ ਸਕੇ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਚੰਦਨ ਗਰੇਵਾਲ ਦੇ ਨਾਲ ਕਮਿਸ਼ਨਰ ਦੀ ਇਕ ਮੀਟਿੰਗ ਪੁਲਸ ਲਾਈਨ ’ਚ ਹੋਈ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਚੰਦਨ ਗਰੇਵਾਲ ਨੇ ਬੁੱਧਵਾਰ ਨੂੰ ਵੀ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਹੋਰ ਯੂਨੀਅਨਾਂ ਨੇ ਅੱਜ ਵੀ ਕਰਵਾਇਆ ਸਫਾਈ ਦਾ ਕੰਮ

ਸਫਾਈ ਮਜ਼ਦੂਰ ਫੈੱਡਰੇਸ਼ਨ ਨਾਲ ਇਸ ਮੁੱਦੇ ’ਤੇ ਵੱਖਰਾ ਸੁਰ ਰੱਖਣ ਵਾਲੀਆਂ ਹੋਰ ਨਿਗਮ ਸਫਾਈ ਯੂਨੀਅਨਾਂ ਨੇ ਅੱਜ ਹੜਤਾਲ ਦੀ ਕਾਲ ਨੂੰ ਨਜ਼ਰਅੰਦਾਜ਼ ਕਰ ਕੇ ਸ਼ਹਿਰ ਵਿਚ ਫਿਰ ਸਫਾਈ ਦਾ ਕੰਮ ਕਰਵਾਇਆ, ਜਿਸ ਦੀ ਦੇਖ-ਰੇਖ ਕਮਿਸ਼ਨਰ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਕੀਤੀ। ਇਨ੍ਹਾਂ ਯੂਨੀਅਨਾਂ ਨਾਲ ਸਬੰਧਤ ਕਰਮਚਾਰੀਆਂ ਨੇ ਜਿੱਥੇ ਸੜਕਾਂ ਦੀ ਸਫਾਈ ਕੀਤੀ, ਉਥੇ ਕਈ ਡੰਪ ਸਥਾਨਾਂ ਤੋਂ ਕੂੜਾ ਵੀ ਚੁੱਕਿਆ। ਸਵੀਪਿੰਗ ਮਸ਼ੀਨ ਨੇ ਵੀ ਅੱਜ ਸਕਾਈਲਾਰਕ ਚੌਕ ਅਤੇ ਹੋਰ ਸੜਕਾਂ ’ਤੇ ਦਿਨ ਦੇ ਸਮੇਂ ਵੀ ਸਫਾਈ ਕੀਤੀ।

 


shivani attri

Content Editor

Related News