CIA ਸਟਾਫ਼ ਨੇ ਮੋਟਰਸਾਈਕਲ ਸਵਾਰ ਕੋਲੋਂ ਹੈਰੋਇਨ, ਗਾਂਜਾ ਤੇ ਡਰੱਗ ਮਨੀ ਫੜੀ

04/15/2022 5:47:13 PM

ਜਲੰਧਰ (ਸ਼ੋਰੀ) : ਸੀ. ਆਈ. ਏ. ਸਟਾਫ਼-2 ਦੀ ਦਿਹਾਤੀ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਇਕ ਨੇਪਾਲੀ ਵਿਅਕਤੀ ਕੋਲੋਂ ਨਸ਼ਿਆਂ ਦੀ ਖੇਪ ਦੇ ਨਾਲ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਐੱਸ. ਪੀ. (ਡੀ) ਕੰਵਰਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਐੱਸ. ਐੱਸ. ਪੀ. ਸਵਪਨ ਸ਼ਰਮਾ ਦੇ ਹੁਕਮਾਂ ’ਤੇ ਏ. ਐੱਸ. ਆਈ. ਗੁਰਮੀਤ ਰਾਮ ਪੁਲਸ ਪਾਰਟੀ ਨਾਲ ਗੰਨਾ ਪਿੰਡ ਤੋਂ ਨੂਰਮਹਿਲ ਰੋਡ ’ਤੇ ਗਸ਼ਤ ਕਰ ਰਹੇ ਸਨ। ਇਸੇ ਵਿਚਕਾਰ ਮੋਟਰਸਾਈਕਲ ਸਵਾਰ ਸ਼ਸ਼ੀਕਾਂਤ ਉਰਫ ਸ਼ਸ਼ੀ ਪੁੱਤਰ ਪਦਮ ਬਹਾਦਰ ਵਾਸੀ ਨਹਿਰ ਕੰਢਾ ਪੰਜਢੇਰਾਂ ਜਗਤਪੁਰਾ ਥਾਣਾ ਫਿਲੌਰ ਨੂੰ ਰੋਕਿਆ।

ਇਹ ਵੀ ਪੜ੍ਹੋ : ਬੱਚਿਆਂ ਦੀ ਜਾਨ ਨਾਲ ਖਿਲਵਾੜ: ਜ਼ਿਲ੍ਹੇ ਦੇ 300 ਤੋਂ ਵੱਧ ਸਕੂਲਾਂ ’ਚ ਨਹੀਂ ਲੱਗੇ ਅੱਗ ਬੁਝਾਊ ਯੰਤਰ

ਪੁਲਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲ ਫੜੇ ਪਲਾਸਟਿਕ ਦੇ ਲਿਫਾਫੇ 'ਚੋਂ 115 ਗ੍ਰਾਮ ਹੈਰੋਇਨ, 6 ਕਿਲੋ ਗਾਂਜਾ, 63500 ਰੁਪਏ ਡਰੱਗ ਮਨੀ, ਮੋਟਰਸਾਈਕਲ ਅਤੇ ਭਾਰ ਤੋਲਣ ਵਾਲਾ ਛੋਟਾ ਕੰਪਿਊਟਰ ਕੰਡਾ ਬਰਾਮਦ ਕੀਤਾ। ਪੁਲਸ ਨੇ ਥਾਣਾ ਫਿਲੌਰ 'ਚ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ. ਪੀ. ਕੰਵਰਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਨੇ ਅਦਾਲਤ ਕੋਲੋਂ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਕ ਸਵਾਲ ਦੇ ਜਵਾਬ 'ਚ ਐੱਸ. ਪੀ. ਚਾਹਲ ਨੇ ਕਿਹਾ ਕਿ ਦਿਹਾਤੀ ਪੁਲਸ ਨਸ਼ਾ ਸਮੱਗਲਰਾਂ ਨੂੰ ਪੇਂਡੂ ਇਲਾਕਿਆਂ ਵਿਚ ਨਸ਼ਾ ਨਹੀਂ ਵੇਚਣ ਦੇਵੇਗੀ। ਇਸ ਦੇ ਲਈ ਸਪੈਸ਼ਲ ਟੀਮਾਂ ਵੀ ਪੁਲਸ ਨੇ ਤਿਆਰ ਕਰ ਲਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਬਿਜਲੀ ਸੰਕਟ, ਕੋਲਾ ਖ਼ਤਮ ਹੋਣ ਕਾਰਨ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਬੰਦ

ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਸਿਰਫ਼ 5 ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਤੇ ਉਨ੍ਹਾਂ ਸਪੱਸ਼ਟ ਕਹਿ ਦਿੱਤਾ ਸੀ ਕਿ ਪੁਲਸ ਨਸ਼ਾ ਸਮੱਗਲਰਾਂ ਖ਼ਿਲਾਫ਼ ਜੰਗੀ ਪੱਧਰ ’ਤੇ ਮੁਹਿੰਮ ਛੇੜੇਗੀ। ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੁਲਸ ਹੋਰ ਕਿੰਨੇ ਨਸ਼ਾ ਸਮੱਗਲਰਾਂ ਨੂੰ ਜੇਲ ਦੀਆਂ ਸੀਖਾਂ ਪਿੱਛੇ ਧੱਕਦੀ ਹੈ।

ਨਵੀਂ ਕੋਠੀ ਨਹੀਂ ਆਈ ਰਾਸ
ਸੂਤਰਾਂ ਮੁਤਾਬਕ ਮੁਲਜ਼ਮ ਸ਼ਸ਼ੀਕਾਂਤ ਝੁੱਗੀ 'ਚ ਰਹਿੰਦਾ ਸੀ। ਪੈਸੇ ਕਮਾਉਣ ਦੇ ਚੱਕਰ ਵਿਚ ਉਹ ਨਸ਼ਾ ਸਮੱਗਲਿੰਗ ਕਰਨ ਲੱਗ ਪਿਆ। ਉਸ ਨੇ ਪੈਸੇ ਵੀ ਜੋੜੇ ਅਤੇ ਫਿਲੌਰ ਇਲਾਕੇ ਵਿਚ ਨਵੀਂ ਕੋਠੀ ਤਿਆਰ ਕਰ ਲਈ ਪਰ ਸ਼ਾਇਦ ਉਸ ਨੂੰ ਨਵੀਂ ਕੋਠੀ ਰਾਸ ਨਹੀਂ ਆਈ ਤੇ ਉਸ ਨੂੰ ਜੇਲ ਦੀਆਂ ਸੀਖਾਂ ਪਿੱਛੇ ਜਾਣਾ ਪਵੇਗਾ। ਇਸ ਤੋਂ ਇਲਾਵਾ ਸ਼ਸ਼ੀਕਾਂਤ ਖ਼ਿਲਾਫ਼ ਫਿਲੌਰ ਥਾਣੇ ਵਿਚ 2 ਕੇਸ ਦਰਜ ਹਨ।


Manoj

Content Editor

Related News