ਚੌਲਾਂਗ ਟੋਲ ਪਲਾਜ਼ਾ ਧਰਨੇ ਤੇ 23ਵੇਂ ਦਿਨ ਵੀ ਖੇਤੀ ਕਾਨੂੰਨਾਂ ਖਿਲਾਫ ਡਟੇ ਰਹੇ ਇਲਾਕੇ ਦੇ ਕਿਸਾਨ

Tuesday, Oct 27, 2020 - 04:25 PM (IST)

ਚੌਲਾਂਗ ਟੋਲ ਪਲਾਜ਼ਾ ਧਰਨੇ ਤੇ 23ਵੇਂ ਦਿਨ ਵੀ ਖੇਤੀ ਕਾਨੂੰਨਾਂ ਖਿਲਾਫ ਡਟੇ ਰਹੇ ਇਲਾਕੇ ਦੇ ਕਿਸਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ ): ਦੋਆਬਾ ਕਿਸਾਨ ਕਮੇਟੀ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਗਏ ਧਰਨੇ ਦੇ ਅੱਜ 23ਵੇਂ ਦਿਨ ਵੀ ਇਲਾਕੇ ਦੇ ਕਿਸਾਨ ਡਟੇ ਰਹੇ। ਧਰਨੇ ਦੌਰਾਨ ਪਿਛਲੇ 22 ਦਿਨਾਂ ਤੋਂ ਇੱਥੋਂ ਬਿਨਾਂ ਟੋਲ ਫੀਸ ਦਿੱਤੀਆਂ ਵਾਹਨ ਲੰਘਾਏ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਧਰਨੇ ਦੌਰਾਨ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਧਰਨੇ ਤੇ ਬੈਠੇ ਕਿਸਾਨਾਂ ਲਈ ਲੰਗਰ ਅਤੇ ਚਾਹ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਅੱਜ ਧਰਨੇ 'ਚ ਸ਼ਾਮਲ ਹੋਏ ਕਮੇਟੀ ਦੇ ਕਾਰਕੁੰਨਾਂ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਕਾਲੇ ਖੇਤੀ ਕਾਨੂੰਨ ਪਾਸ ਕਰਵਾਉਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕੀਤੀ। 

ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਰਣਜੀਤ ਸਿੰਘ ਬਾਜਵਾ, ਅਮਰਜੀਤ ਸਿੰਘ ਸੰਧੂ, ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆ, ਅਵਤਾਰ ਸਿੰਘ ਚੀਮਾ, ਜਰਨੈਲ ਸਿੰਘ ਕੁਰਾਲਾ,ਧਰਮਿੰਦਰ ਸਿੰਘ, ਅਜੀਬ ਦਵੇਦੀ, ਸੁਖਵੀਰ ਸਿੰਘ ਚੌਹਾਨ ਅਤੇ ਡਾ. ਭੀਮਾ ਦੇਹਰੀਵਾਲ ਨੇ ਮੋਦੀ ਸਰਕਾਰ ਦੇ ਕਿਸਾਨ ਮਾਰੂ ਫੈਸਲਿਆਂ ਖ਼ਿਲਾਫ਼ ਭੜਾਸ ਕੱਢਦੇ ਹੋਏ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋ ਮਾਲ ਗੱਡੀਆਂ ਨੂੰ ਛੋਟ ਦੇਣ ਤੋਂ ਬਾਅਦ ਵੀ ਮੋਦੀ ਸਰਕਾਰ ਵਲੋਂ ਪੰਜਾਬ 'ਚ ਆਉਣ ਵਾਲੀਆਂ ਮਾਲ ਗੱਡੀਆਂ ਰੋਕਣ ਦੇ ਜੁਬਾਨੀ ਫੈਸਲੇ ਨੂੰ ਮੋਦੀ ਸਰਕਾਰ ਦੀ ਤਾਨਾਸ਼ਾਹੀ ਅਤੇ ਪੰਜਾਬ ਨਾਲ ਧ੍ਰੋਹ ਕਮਾਉਣ ਵਾਲੀ ਸੋਚ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਲਾਮਬੰਦ ਹੋ ਕੇ ਮੋਦੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਵੇਗੀ।ਇਸ ਮੌਕੇ ਹਰਦੀਪ ਖੁੱਡਾ , ਪ੍ਰਿਤਪਾਲ ਸਿੰਘ ਸੈਨਪੁਰ, ਜਰਨੈਲ ਸਿੰਘ ਕੁਰਾਲਾ, ਬਲਵਿੰਦਰ ਸਿੰਘ ਕੋਟਲੀ, ਅਮਰਜੀਤ ਸਿੰਘ ਕੁਰਾਲਾ, ਰੀਠਾ ਸੋਹੀਆ, ਨੀਲਾ ਕੁਰਾਲਾ, ਹਰਿੰਦਰ ਸਿੰਘ ਮੌਜੀ, ਅਮਰਜੀਤ ਸਿੰਘ ਕੰਧਾਲੀ, ਬਲਬੀਰ ਬਾਜਵਾ ਆਦਿ ਮੌਜੂਦ ਸਨ।


author

Shyna

Content Editor

Related News