ਮੁੱਖ ਮੰਤਰੀ ਵਲੋਂ ਜਲਦੀ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦਾ ਭਰੋਸਾ

01/23/2019 7:58:13 AM

ਜਲੰਧਰ, (ਮਹੇਸ਼)— ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਲਦੀ ਹੀ ਸੂਬੇ ਵਿਚ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ (ਸਰਹਾਲੀ) ਦੀ ਅਗਵਾਈ ਵਿਚ ਮੁੱਖ ਮੰਤਰੀ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ ਸੀ, ਜਿਸ ਦੌਰਾਨ ਮੁੱਖ ਮੰਤਰੀ ਦੇ ਓ.ਐੱਸ.ਡੀ. ਗੁਰਪ੍ਰੀਤ ਸਿੰਘ ਢੇਸੀ ਅਤੇ ਵਿਧਾਇਕ ਪ੍ਰਗਟ ਸਿੰਘ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨੰਨਹੇੜਾ ਅਤੇ ਜਨਰਲ ਸਕੱਤਰ ਲਾਭ ਸਿੰਘ ਕੜੈਲ, ਕੁਲਦੀਪ ਸਿੰਘ ਬੇਲੇਵਾਲ ਸਕੱਤਰ, ਹਰਮੇਲ ਸਿੰਘ ਜਲੰਧਰ, ਗੁਰਨਾਮ ਸਿੰਘ ਰੋਪੜ, ਬਲਵੰਤ ਸਿੰਘ ਜੰਡੀ, ਧਰਮਿੰਦਰ ਸਿੰਘ ਲੁਧਿਆਣਾ  ਵੀ ਮੌਜੂਦ ਸਨ। ਸੂਬਾ ਪ੍ਰੈੱਸ ਸਕੱਤਰ ਸ਼ਿੰਗਾਰਾ ਸਿੰਘ ਸਮਰਾ (ਸਮਰਾਏ) ਨੇ ਦੱਸਿਆ ਕਿ  ਪ੍ਰਧਾਨ ਗੁਰਪਾਲ ਸਿੰਘ ਸਮਰਾ ਵਲੋਂ ਕੈਪਟਨ ਨੂੰ ਨੰਬਰਦਾਰਾਂ ਦੀਆਂ ਮੰੰਗਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਜੱਦੀ ਪੁਸ਼ਤੀ ਨੰਬਰਦਾਰੀ ਤੋਂ ਇਲਾਵਾ ਮੁੱਖ ਮੰਗਾਂ ਵਿਚ ਮਾਣ ਭੱਤੇ ਵਿਚ ਵਾਧਾ ਕਰਨਾ, ਸ਼ਿਕਾਇਤ ਨਿਵਾਰਨ ਕਮੇਟੀਆਂ ਵਿਚ ਨਾਮਜ਼ਦ ਕਰਨਾ, ਨੰਬਰਦਾਰਾਂ ਦੇ ਬੈਠਣ ਲਈ ਸਾਰੇ ਪੰਜਾਬ ਵਿਚ ਕਮਰੇ ਅਲਾਟ ਕਰਨਾ, ਹਰਿਆਣਾ ਦੀ ਤਰਜ਼ ’ਤੇ ਨੰਬਰਦਾਰਾਂ ਨੂੰ ਬੱਸ ਪਾਸ ਦੀ ਸਹੂਲਤ ਮੁਫਤ ਕਰਨਾ ਅਤੇ ਟੋਲ ਪਲਾਜ਼ਾ ਮੁਆਫ ਕਰਨਾ ਆਦਿ ਸ਼ਾਮਲ ਸਨ। ਕੈਪਟਨ ਨੰ ਨੰਬਰਦਾਰਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਨ ਵਾਲੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਖੂਬ ਸਿਫਤ ਕੀਤੀ ਅਤੇ ਨਾਲ ਹੀ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਲਿਆਉਣ ਲਈ ਜੋ ਨੰਬਰਦਾਰਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ, ਨੂੰ ਕਿਸੇ ਵੀ ਕੀਮਤ ’ਤੇ ਨਜ਼ਰ–ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੀ ਇਕ-ਇਕ ਮੰਗ ਨੂੰ ਕਾਂਗਰਸ ਸਰਕਾਰ ਵਲੋਂ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਸੂਬਾ ਪ੍ਰਧਾਨ ਵਲੋਂ ਮੁੱਖ ਮੰਤਰੀ ਨੂੰ ਫੁੱਲਾਂ ਦਾ ਬੁੱਕਾ ਵੀ ਭੇਟ ਕੀਤਾ ਗਿਆ।

 


Related News