ਜਲੰਧਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਸਮੇਤ ਸੰਵੇਦਨਸ਼ੀਲ ਥਾਵਾਂ ’ਤੇ ਕੀਤੀ ਗਈ ਚੈਕਿੰਗ

Sunday, Aug 04, 2024 - 04:35 PM (IST)

ਜਲੰਧਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਸਮੇਤ ਸੰਵੇਦਨਸ਼ੀਲ ਥਾਵਾਂ ’ਤੇ ਕੀਤੀ ਗਈ ਚੈਕਿੰਗ

ਜਲੰਧਰ (ਜ. ਬ.)–ਸ਼ਹਿਰ ਵਿਚ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਦੀਆਂ ਟੀਮਾਂ ਦੇਰ ਰਾਤ ਚੈਕਿੰਗ ਲਈ ਫੀਲਡ ਵਿਚ ਉਤਰੀਆਂ। ਪੁਲਸ ਨੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਬੈਂਕਾਂ, ਏ. ਟੀ. ਐੱਮ. ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਜਾ ਕੇ ਚੈਕਿੰਗ ਕੀਤੀ। ਪੁਲਸ ਨੇ ਨਾਈਟ ਚੈਕਿੰਗ ਵਿਚ ਰਾਹਗੀਰਾਂ ਤੋਂ ਵੀ ਪੁੱਛਗਿੱਛ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਜਾਣ ਦਿੱਤਾ। ਇਹ ਚੈਕਿੰਗ ਏ. ਸੀ ਪੀ. ਸਤਿੰਦਰ ਚੱਢਾ ਅਤੇ ਥਾਣਾ ਨੰਬਰ 1 ਦੇ ਇੰਚਾਰਜ ਹਰਿੰਦਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ। ਏ. ਸੀ. ਪੀ. ਚੱਢਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੀਆਂ 26 ਜ਼ੈਬਰਾ ਗੱਡੀਆਂ ਅਤੇ 13 ਰੋਮੀਓ ਬਾਈਕਸ ਰਾਤ ਨੂੰ ਸ਼ਹਿਰ ਭਰ ਵਿਚ ਤਾਇਨਾਤ ਕੀਤੇ ਗਏ। ਪੁਲਸ ਦੀਆਂ ਟੀਮਾਂ ਨੇ ਪੈਟਰੋਲਿੰਗ ਦੇ ਨਾਲ-ਨਾਲ ਸਪੈਸ਼ਲ ਨਾਕੇ ਲਾਏ ਅਤੇ ਫਿਰ ਵੱਖ-ਵੱਖ ਥਾਵਾਂ ’ਤੇ ਜਾ ਕੇ ਚੈਕਿੰਗ ਮੁਹਿੰਮ ਵੀ ਚਲਾਈ।

PunjabKesari

ਏ. ਸੀ. ਪੀ. ਚੱਢਾ ਨੇ ਦੱਸਿਆ ਕਿ 7-7 ਥਾਣਿਆਂ ਨੂੰ ਵੰਡ ਕੇ 14 ਥਾਣਿਆਂ ਦੇ ਇਲਾਕੇ ਕਵਰ ਕਰਕੇ ਇਸ ਚੈਕਿੰਗ ਮੁਹਿੰਮ ਨੂੰ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਗਰਿਕਾਂ ਦੀ ਸੁਰੱਖਿਆ ਕਮਿਸ਼ਨਰੇਟ ਪੁਲਸ ਲਈ ਅਹਿਮ ਹੈ ਅਤੇ ਉਸ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਇੰਸ. ਹਰਿੰਦਰ ਸਿੰਘ ਨੇ ਵੀ ਪੁਲਸ ਟੀਮਾਂ ਨੂੰ ਪੈਟਰੋਲਿੰਗ ਅਤੇ ਨਾਕੇ ਦੌਰਾਨ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਨੂੰ ਕਿਹਾ ਅਤੇ ਹਦਾਇਤਾਂ ਦਿੱਤੀਆਂ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਲੱਗਦਾ ਹੈ ਕਿ ਉਸ ਦੇ ਵਾਹਨ ਅਤੇ ਉਸ ਦੀ ਤਸੱਲੀਬਖਸ਼ ਚੈਕਿੰਗ ਕੀਤੀ ਜਾਵੇ। ਏ. ਸੀ. ਪੀ. ਨੇ ਕਿਹਾ ਕਿ ਭਵਿੱਖ ਵਿਚ ਵੀ ਰਾਤ ਦੇ ਸਮੇਂ ਲੋਕਾਂ ਦੀ ਸੁਰੱਖਿਆ ਲਈ ਪੁਲਸ ਸ਼ਹਿਰ ਵਿਚ ਤਾਇਨਾਤ ਰਹੇਗੀ ਤਾਂ ਕਿ ਮੁਜਰਿਮ ਕਿਸਮ ਦੇ ਲੋਕਾਂ ਵਿਚ ਪੁਲਸ ਦਾ ਡਰ ਰਹੇ।

ਇਹ ਵੀ ਪੜ੍ਹੋ- ਫੋਨ ਕਰਕੇ ਦੁਕਾਨਦਾਰ ਨੂੰ ਕਿਹਾ, 'ਹੈਲੋ ਮੈਂ ਫੂਡ ਸਪਲਾਈ ਦਾ ਇੰਸਪੈਕਟਰ ਬੋਲ ਰਿਹਾ ਹਾਂ'...ਫਿਰ ਹੋਇਆ ਉਹ ਜੋ ਸੋਚਿਆ ਨਾ ਸੀ

PunjabKesari

ਰਾਤ ਨੂੰ ਡ੍ਰੰਕ ਐਂਡ ਡਰਾਈਵ ਵਾਲਿਆਂ ’ਤੇ ਕੱਸਿਆ ਸ਼ਿਕੰਜਾ
ਏ. ਸੀ. ਪੀ. ਆਤਿਸ਼ ਭਾਟੀਆ ਨੇ ਟ੍ਰੈਫਿਕ ਪੁਲਸ ਤੇ ਈ. ਆਰ. ਐੱਸ. ਦੀਆਂ ਟੀਮਾਂ ਨੂੰ ਟ੍ਰੈਫਿਕ ਥਾਣੇ ਵਿਚ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਵੀ ਉਨ੍ਹਾਂ ਦੇ ਨਾਕੇ ਲੱਗਦੇ ਹਨ, ਉਥੇ ਐਲਕੋਮੀਟਰ ਦੇ ਨਾਲ-ਵਾਹਨ ਚਾਲਕਾਂ ਦੀ ਚੈਕਿੰਗ ਕਰਨ। ਰਾਤ ਸਮੇਂ ਡ੍ਰੰਕ ਐਂਡ ਡਰਾਈਵ ’ਤੇ ਜ਼ਿਆਦਾ ਫੋਕਸ ਰੱਖਿਆ ਜਾਵੇ ਤਾਂ ਕਿ ਅਜਿਹੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ’ਤੇ ਸ਼ਿਕੰਜਾ ਕੱਸਣਾ ਜ਼ਰੂਰੀ ਹੈ ਕਿਉਂਕਿ ਨਸ਼ੇ ਵਿਚ ਗੱਡੀ ਚਲਾਉਣ ’ਤੇ ਐਕਸੀਡੈਂਟ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੇ ਇਲਾਵਾ ਉਨ੍ਹਾਂ ਵੀ ਕਿਹਾ ਕਿ ਸ਼ੱਕੀ ਵਿਅਕਤੀਆਂ ਦੀ ਚੰਗੇ ਤਰ੍ਹਾਂ ਚੈਕਿੰਗ ਕੀਤੀ ਜਾਵੇ।

ਦੇਰ ਰਾਤ ਮੋਬਾਈਲ ਸ਼ਾਪ ਦਾ ਤਾਲਾ ਤੋੜ ਕੇ ਕੈਸ਼ ਅਤੇ ਮੋਬਾਈਲ ਚੋਰੀ, ਕੱਪੜਿਆਂ ਦੀ ਦੁਕਾਨ ’ਤੇ ਵੀ ਕੋਸ਼ਿਸ਼
ਚੋਰਾਂ ਨੇ ਦੇਰ ਰਾਤ ਸੁੰਦਰ ਨਗਰ ਵਿਚ ਸਥਿਤ ਮੋਬਾਈਲ ਸ਼ਾਪ ਦੇ ਤਾਲੇ ਤੋੜ ਕੇ ਕੈਸ਼ ਅਤੇ ਮੋਬਾਈਲ ਚੋਰੀ ਕਰ ਲਏ। ਚੋਰਾਂ ਨੇ ਕੁਝ ਹੀ ਦੂਰੀ ’ਤੇ ਇਕ ਕੱਪੜਿਆਂ ਦੀ ਦੁਕਾਨ ਦੇ ਵੀ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜੀਵ ਕੁਮਾਰ ਨਿਵਾਸੀ ਸੁੰਦਰ ਨਗਰ ਨੇ ਦੱਸਿਆ ਕਿ ਉਹ ਇਥੇ ਕਿਰਾਏ ’ਤੇ ਰਹਿੰਦਾ ਹੈ ਅਤੇ ਸੁੰਦਰ ਨਗਰ ਵਿਚ ਹੀ ਸ਼੍ਰੀ ਓਮ ਬਾਲਾ ਜੀ ਮੋਬਾਈਲ ਹੱਬ ਦੇ ਨਾਂ ’ਤੇ ਸ਼ਾਪ ਚਲਾਉਂਦਾ ਹੈ। ਉਸਨੇ ਕਿਹਾ ਕਿ ਸਵੇਰ ਉਸਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਅੰਦਰ ਜਾ ਕੇ ਦੇਖਿਆ ਤਾਂ ਗੱਲੇ ਵਿਚੋਂ 28 ਹਜ਼ਾਰ ਰੁਪਏ ਅਤੇ 18 ਫੋਨ ਬਟਨਾਂ ਵਾਲੇ ਅਤੇ 4 ਟੱਚ ਮੋਬਾਈਲ ਗਾਇਬ ਸਨ। ਰਾਜੀਵ ਨੇ ਤੁਰੰਤ ਪੁਲਸ ਵਿਚ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੇ ਏ. ਐੱਸ. ਆਈ. ਰੁਪਿੰਦਰ ਸਿੰਘ ਅਤੇ ਏ. ਐੱਸ. ਆਈ. ਗੁਰਦੀਪ ਸਿੰਘ ਮੌਕੇ ’ਤੇ ਪਹੁੰਚ ਗਏ। ਏ. ਐੱਸ. ਆਈ. ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਮੌਕੇ ’ਤੇ ਜਾਂਚ ਲਈ ਪਹੁੰਚੇ ਸਨ ਅਤੇ ਕੁਝ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ, ਜਿਨ੍ਹਾਂ ਵਿਚ ਇਕ ਸ਼ੱਕੀ ਵਿਅਕਤੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੋਰਾਂ ਨੇ ਮੋਬਾਈਲ ਸ਼ਾਪ ਤੋਂ ਕੁਝ ਦੂਰੀ ’ਤੇ ਸਥਿਤ ਇਕ ਕੱਪੜੇ ਦੀ ਦੁਕਾਨ ਦੇ ਵੀ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਕੋਈ ਨੁਕਸਾਨ ਨਾ ਹੋਣ ’ਤੇ ਦੁਕਾਨ ਦੇ ਮਾਲਕ ਨੇ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ- ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਤੇਵਰ, ਫੇਸਬੁੱਕ 'ਤੇ ਅਜਿਹੀਆਂ ਪੋਸਟਾਂ ਤੇ ਮੈਸੇਜ ਵੇਖ ਸਹੁਰਿਆਂ ਦੇ ਉੱਡੇ ਹੋਸ਼

ਸੋਢਲ ਚੌਂਕ ’ਚ ਅੱਧੀ ਰਾਤ ਬੈਂਕ ਦਾ ਹੂਟਰ ਵੱਜਿਆ
ਸੋਢਲ ਚੌਕ ਸਥਿਤ ਇਕ ਬੈਂਕ ਦਾ ਸ਼ੁੱਕਰਵਾਰ ਦੇਰ ਰਾਤ ਹੂਟਰ ਵੱਜਣ ਲੱਗਾ। ਸਵੇਰੇ 7 ਵਜੇ ਇਕ ਰੇਹੜੀ ਵਾਲਾ ਉਥੋਂ ਲੰਘਿਆ ਪਰ ਬੈਂਕ ਦੇ ਬਾਹਰ ਕੋਈ ਨੰਬਰ ਨਾ ਹੋਣ ਕਾਰਨ ਉਹ ਬੈਂਕ ਵਾਲਿਆਂ ਨੂੰ ਸੂਚਨਾ ਨਹੀਂ ਦੇ ਸਕਿਆ। ਰੇਹੜੀ ਵਾਲੇ ਦਾ ਕਹਿਣਾ ਹੈ ਕਿ ਉਸਨੂੰ ਪੁਲਸ ਦਾ ਨੰਬਰ ਵੀ ਨਹੀਂ ਪਤਾ ਸੀ। ਬੈਂਕ ਦੀ ਟਾਈਮਿੰਗ ਵਿਚ ਜਦੋਂ ਬੈਂਕ ਕਰਮਚਾਰੀ ਆਉਣੇ ਸ਼ੁਰੂ ਹੋਏ ਤਾਂ ਫਿਰ ਜਾ ਕੇ ਹੂਟਰ ਨੂੰ ਬੰਦ ਕੀਤਾ ਗਿਆ। ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਤਕਨੀਕੀ ਖਰਾਬੀ ਹੋਣ ਕਾਰਨ ਅਜਿਹਾ ਹੋਇਆ ਹੈ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਅੱਧੀ ਰਾਤ ਤੋਂ ਲਗਾਤਾਰ ਹੂਟਰ ਵੱਜਦਾ ਰਿਹਾ ਪਰ ਨਾ ਤਾਂ ਪੁਲਸ ਨੂੰ ਸੂਚਨਾ ਮਿਲੀ ਅਤੇ ਨਾ ਹੀ ਬੈਂਕ ਦੇ ਸਟਾਫ਼ ਨੂੰ।

ਇਹ ਵੀ ਪੜ੍ਹੋ- ਪੰਜਾਬ ਦੇ 9 IAS ਅਫ਼ਸਰ ਕਰ ਦਿੱਤੇ ਇਧਰੋਂ-ਓਧਰ, ਜਲੰਧਰ ਨੂੰ ਮਿਲਿਆ ਨਵਾਂ ਡਿਵੀਜ਼ਨਲ ਕਮਿਸ਼ਨਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News