ਕੇਂਦਰ ਸਰਕਾਰ ਨੇ ਸਿਰਫ ਛੋਟੇ ਖੇਤੀਬਾੜੀ ਕਰਜ਼ਿਆਂ ਦੀਆਂ ਵਿਆਜ਼ ਦਰਾਂ ''ਚ ਹੀ ਦਿੱਤੀ ਛੋਟ
Friday, Apr 03, 2020 - 05:01 PM (IST)
ਜਲੰਧਰ (ਸਰਬਜੀਤ ਸਿੰਘ ਸਿੱਧੂ)-ਆਰ.ਬੀ.ਆਈ ਮੁਤਾਬਕ ਭਾਰਤ 'ਚ ਤਿੰਨ ਲੱਖ ਤੋਂ ਘੱਟ ਖੇਤੀਬਾੜੀ ਆਧਾਰਤ ਕਰਜ਼ਿਆਂ ਦਾ ਵਿਆਜ 9 ਪ੍ਰਤੀਸ਼ਤ ਹੈ। ਇਸ 'ਤੇ ਸਰਕਾਰ ਨੇ ਹਰ ਇੱਕ ਕਿਸਾਨ ਨੂੰ ਵਿਆਜ ਸਬਵੇਸ਼ਨ (ਆਈ.ਐੱਸ.) ਅਧੀਨ 2 ਪ੍ਰਤੀਸ਼ਤ ਵਿਆਜ ਦੀ ਛੋਟ ਦਿੱਤੀ ਹੈ। ਇਸ ਮੁਤਾਬਕ ਭਾਰਤ ਦੇ ਹਰ ਇੱਕ ਕਿਸਾਨ ਨੂੰ ਤਿੰਨ ਲੱਖ ਤੋਂ ਘੱਟ ਖੇਤੀਬਾੜੀ ਕਰਜ਼ੇ 'ਤੇ 7 ਪ੍ਰਤੀਸ਼ਤ ਤੱਕ ਹੀ ਵਿਆਜ ਲੱਗਦਾ ਹੈ। ਜੇਕਰ ਕਿਸਾਨ ਇਸ ਤਿੰਨ ਲੱਖ ਤੋਂ ਘੱਟ ਦੇ ਕਰਜ਼ੇ ਨੂੰ ਸਮੇਂ ਸਿਰ ਵਿਆਜ ਸਮੇਤ ਭਰਦਾ ਹੈ ਤਾਂ ਉਸ ਨੂੰ ਪ੍ਰੋਮਪਟ ਰੀਪੇਮੈਂਟ ਇਨਸੈਂਟਿਵ (ਪੀ.ਆਰ.ਆਈ) ਅਧੀਨ ਤਿੰਨ ਪ੍ਰਤੀਸ਼ਤ ਤੱਕ ਦੀ ਹੋਰ ਛੋਟ ਮਿਲਦੀ ਹੈ। ਇਸ 'ਚ ਸਿਰਫ ਕਿਸਾਨ ਕਰੈਡਿਟ ਕਾਰਡ ਵਾਲੇ ਗਾਹਕ ਹੀ ਲਾਭ ਉਠਾ ਸਕਦੇ ਹਨ ।
ਕੋਰੋਨਾ ਕਾਰਨ ਹੋਈ ਤਾਲਾਬੰਦੀ ਕਰਕੇ ਭਾਰਤ ਸਰਕਾਰ ਨੇ ਉਨ੍ਹਾਂ ਸਾਰੇ ਕਿਸਾਨਾਂ ਲਈ ਜਿਨ੍ਹਾਂ ਨੇ ਤਿੰਨ ਲੱਖ ਤੋਂ ਘੱਟ ਖੇਤੀਬਾੜੀ ਕਰਜ਼ਾ ਲਿਆ ਹੈ, ਨੂੰ 1 ਮਾਰਚ ਤੋਂ 31 ਮਈ ਵਿਚਕਾਰ ਲੱਗਣ ਵਾਲੇ ਵਿਆਜ ਦੀ ਤਿੰਨ ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਹੈ। ਇਹ ਸਰਕਾਰ ਨੇ ਇਸ ਲਈ ਕੀਤਾ ਹੈ ਕਿ ਤਾਲਾਬੰਦੀ ਦੇ ਚੱਲਦਿਆਂ ਫਸਲਾਂ ਦੀ ਵਾਢੀ, ਮੰਡੀਕਰਨ ਅਤੇ ਭੁਗਤਾਨ 'ਚ ਦੇਰੀ ਹੋ ਸਕਦੀ ਹੈ । ਇਨ੍ਹਾਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰੋਮਪਟ ਰੀਪੇਮੈਂਟ ਇਨਸੈਂਟਿਵ (ਪੀ.ਆਰ.ਆਈ) ਅਧੀਨ ਭਾਰਤ ਦੇ ਸਾਰੇ ਕਿਸਾਨਾਂ ਨੂੰ ਤਿੰਨ ਲੱਖ ਤੋਂ ਘੱਟ ਕਿਸਾਨ ਕ੍ਰੈਡਿਟ ਕਾਰਡ ਕਰਜ਼ੇ 'ਤੇ ਸਿਰਫ਼ ਚਾਰ ਪ੍ਰਤੀਸ਼ਤ ਤੱਕ ਦਾ ਹੀ ਵਿਆਜ ਦੇਣਾ ਪਵੇਗਾ।
ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਓਰੀਐਂਟ ਬੈਂਕ ਆਫ ਕਮਰਸ ਦੇ ਖੇਤੀਬਾੜੀ ਅਫਸਰ ਮੋਹਿਤ ਕੁਮਾਰ ਨੇ ਦੱਸਿਆ ਕਿ ਇਸ ਤਰੀਕੇ ਦੀ ਛੋਟ ਪਹਿਲਾਂ ਵੀ ਕਿਸਾਨਾਂ ਨੂੰ ਮਿਲਦੀ ਸੀ ਪਰ ਸਿਰਫ ਉਨ੍ਹਾਂ ਕਿਸਾਨਾਂ ਨੂੰ ਜੋ ਆਪਣੇ ਖੇਤੀ ਕਰਜ਼ੇ ਦਾ ਭੁਗਤਾਨ ਸਮੇਂ ਸਿਰ ਕਰ ਦਿੰਦੇ ਸਨ ।
ਕੋਆਪਰੇਟਿਵ ਖੇਤੀਬਾੜੀ ਬੈਂਕ ਦੇ ਐੱਮ.ਡੀ. ਚਰਨਦੇਵ ਸਿੰਘ ਮਾਨ ਦਾ ਕਹਿਣਾ ਹੈ ਕਿ ਕਾਰਪੋਰੇਟਿਵ ਖੇਤੀਬਾੜੀ ਬੈਂਕ ਸਿਰਫ ਖੇਤੀ ਮਿਆਦੀ ਕਰਜ਼ੇ ਹੀ ਦਿੰਦੀ ਹੈ ਅਤੇ ਇਸ 'ਚ ਕੋਈ ਵੀ ਛੋਟ ਦੇਣ ਲਈ ਅਜੇ ਤੱਕ ਉਨ੍ਹਾਂ ਕੋਲ ਸਰਕਾਰ ਵੱਲੋਂ ਪ੍ਰਾਵਧਾਨ ਨਹੀਂ ਆਇਆ ਹੈ ।
ਕਿਸਾਨਾਂ ਮੁਤਾਬਕ ਚਿੰਤਾ ਵਾਲੀ ਗੱਲ ਇਹ ਹੈ ਕਿ ਬਹੁਤੇ ਕਿਸਾਨਾਂ ਨੇ ਤਿੰਨ ਲੱਖ ਤੋਂ ਉੱਪਰ ਵੀ ਖੇਤੀਬਾੜੀ ਕਰਜ਼ੇ ਅਤੇ ਬਹੁਤ ਸਾਰੇ ਕਿਸਾਨਾਂ ਨੇ ਲੰਬੇ ਸਮੇਂ ਲਈ ਖੇਤੀ ਮਿਆਦੀ ਕਰਜ਼ੇ ਵੀ ਲਏ ਹਨ। ਕੀ ਇਨ੍ਹਾਂ ਕਿਸਾਨਾਂ ਨੂੰ ਕੋਈ ਛੋਟ ਆਵੇਗੀ? ਇਸ ਲਈ ਕੇਂਦਰ ਸਰਕਾਰ ਜਾਂ ਆਰ.ਬੀ.ਆਈ ਦੁਆਰਾ ਅਜੇ ਤੱਕ ਕੋਈ ਵੀ ਪ੍ਰਾਵਧਾਨ ਨਹੀਂ ਆਇਆ ਹੈ।