ਅਰਜੁਨ ਮੇਘਵਾਲ ਵੱਲੋਂ ਹਰਦੀਪ ਪੁਰੀ ਨੂੰ ਲਿਖੀ ਚਿੱਠੀ ਦਾ ਹੋਇਆ ਅਸਰ, ਕੇਂਦਰ ਸਰਕਾਰ ਨੇ ਲਿਆ ਪਹਿਲਾ ਐਕਸ਼ਨ

Friday, Jan 12, 2024 - 03:11 PM (IST)

ਜਲੰਧਰ (ਖੁਰਾਣਾ)–ਜਲੰਧਰ ਲੋਕ ਸਭਾ ਹਲਕੇ ਦੇ ਇੰਚਾਰਜ ਦੇ ਤੌਰ ’ਤੇ ਪਿਛਲੇ ਦਿਨੀਂ ਸ਼ਹਿਰ ਪਹੁੰਚੇ ਕੇਂਦਰ ਸਰਕਾਰ ਦੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਭਾਜਪਾ ਆਗੂਆਂ ਦੇ ਕਹਿਣ ਅਨੁਸਾਰ ਕੇਂਦਰੀ ਹਾਊਸਿੰਗ ਮੰਤਰੀ ਹਰਦੀਪ ਪੁਰੀ ਨੂੰ ਇਕ ਚਿੱਠੀ ਲਿਖ ਕੇ ਜਲੰਧਰ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਹੋਏ ਮਹਾ ਘਪਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ ਅਤੇ ਜ਼ਰੂਰੀ ਕਾਰਵਾਈ ਦੀ ਮੰਗ ਕੀਤੀ ਸੀ। ਅਰਜੁਨ ਮੇਘਵਾਲ ਵੱਲੋਂ ਸਾਥੀ ਮੰਤਰੀ ਹਰਦੀਪ ਪੁਰੀ ਨੂੰ ਲਿਖੀ ਇਸ ਚਿੱਠੀ ਦਾ ਅਸਰ ਇਹ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਹੁਣ ਇਸ ਮਾਮਲੇ ਵਿਚ ਪਹਿਲਾ ਐਕਸ਼ਨ ਲੈਂਦੇ ਹੋਏ ਜਲੰਧਰ ਸਮਾਰਟ ਸਿਟੀ ਦੇ ਮੌਜੂਦਾ ਅਫ਼ਸਰਾਂ ਨੂੰ ਚਿੱਠੀ ਲਿਖ ਕੇ ਸਾਰੀ ਰਿਪੋਰਟ ਤਲਬ ਕਰ ਲਈ ਹੈ। ਇਨ੍ਹੀਂ ਦਿਨੀਂ ਜਲੰਧਰ ਨਗਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਦੇ ਅਫ਼ਸਰ ਪੁਰਾਣੇ ਅਤੇ ਨਵੇਂ ਪ੍ਰਾਜੈਕਟਾਂ ਦੀਆਂ ਫਾਈਲਾਂ ਨੂੰ ਛਾਣ ਕੇ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਹੋਈ ਗੜਬੜੀ ਦੀ ਰਿਪੋਰਟ ਤਿਆਰ ਕਰ ਰਹੇ ਹਨ। ਇਸ ਦੀ ਪੁਸ਼ਟੀ ਖ਼ੁਦ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤੀ।

ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਜਿਹੜੀ ਚਿੱਠੀ ਲਿਖੀ ਹੈ, ਉਸ ਵਿਚ ਮੰਗ ਕੀਤੀ ਗਈ ਹੈ ਕਿ ਜਲੰਧਰ ਸਮਾਰਟ ਸਿਟੀ ਵਿਚ ਕੇਂਦਰ ਸਰਕਾਰ ਦੇ ਪੈਸਿਆਂ ਦੀ ਦੁਰਵਰਤੋਂ ਅਤੇ ਉਨ੍ਹਾਂ ਵਿਚ ਹੋਏ ਭ੍ਰਿਸ਼ਟਾਚਾਰ ਸਬੰਧੀ ਮਾਮਲਿਆਂ ਦੀ ਨਿਰਪੱਖ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇ ਅਤੇ ਇਸ ਸਬੰਧ ਵਿਚ ਸਬੰਧਤ ਅਧਿਕਾਰੀਆਂ ਨੂੰ ਜਲਦ ਨਿਰਦੇਸ਼ ਭੇਜੇ ਜਾਣ। ਚਿੱਠੀ ਵਿਚ ਉਨ੍ਹਾਂ ਲਿਖਿਆ ਸੀ ਕਿ ਜਲੰਧਰ ਸਮਾਰਟ ਸਿਟੀ ਅਤੇ ਜਲੰਧਰ ਨਗਰ ਨਿਗਮ ਦੇ ਕੁਝ ਅਧਿਕਾਰੀਆਂ, ਠੇਕੇਦਾਰਾਂ ਅਤੇ ਸਿਆਸੀ ਆਗੂਆਂ ਨੇ ਸਰਕਾਰੀ ਗ੍ਰਾਂਟ ਵਿਚ ਭ੍ਰਿਸ਼ਟਾਚਾਰ ਕੀਤਾ। ਇਸ ਭ੍ਰਿਸ਼ਟਾਚਾਰ ਨਾਲ ਸਬੰਧਤ ਵਿਅਕਤੀਆਂ ਵਿਰੁੱਧ ਜ਼ਰੂਰੀ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਨਾਭਾ ਜੇਲ੍ਹ 'ਚ ਬੰਦ ਸੁਖਪਾਲ ਖਹਿਰਾ ਨੂੰ ਦੇਵੇਂਦਰ ਯਾਦਵ, ਰਾਜਾ ਵੜਿੰਗ ਸਣੇ ਮਿਲਣ ਪਹੁੰਚੀ ਕਾਂਗਰਸ ਲੀਡਰਸ਼ਿਪ

ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਜਿੰਨੀ ਜਲਦੀ ਫ਼ੈਸਲਾ ਲਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੀਆਂ ਸੰਸਦੀ ਚੋਣਾਂ ਵਿਚ ਹੀ ਜਲੰਧਰ ਸਮਾਰਟ ਸਿਟੀ ਦੇ ਮਹਾ ਘਪਲੇ ਨੂੰ ਭਾਜਪਾ ਮੁੱਖ ਮੁੱਦਾ ਬਣਾ ਸਕਦੀ ਹੈ ਅਤੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਕੋਈ ਵੱਡਾ ਐਕਸ਼ਨ ਵੀ ਲੈਣ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਜਲੰਧਰ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਵਿਚ ਹੋਈਆਂ ਗੜਬੜੀਆਂ ਦੀ ਜਾਂਚ ਦਾ ਜ਼ਿੰਮਾ ਸੀ. ਬੀ. ਆਈ., ਈ. ਡੀ. ਜਾਂ ਕਿਸੇ ਕੇਂਦਰੀ ਏਜੰਸੀ ਨੂੰ ਸੌਂਪਿਆ ਜਾ ਸਕਦਾ ਹੈ।

ਵਿਜੀਲੈਂਸ ਦਾ ਡਰ ਵੀ ਬਰਕਰਾਰ, ਕੋਈ ਅਫ਼ਸਰ ਫਾਈਲਾਂ ਨੂੰ ਹੱਥ ਨਹੀਂ ਲਾ ਰਿਹਾ
ਭਗਵੰਤ ਮਾਨ ਸਰਕਾਰ ਨੇ ਜਲੰਧਰ ਸਮਾਰਟ ਸਿਟੀ ਵਿਚ ਕਾਂਗਰਸ ਸਰਕਾਰ ਦੌਰਾਨ ਹੋਏ ਘਪਲਿਆਂ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹੋਏ ਹਨ। ਜਾਂਚ ਦੇ ਹੁਕਮਾਂ ਨੂੰ ਲਗਭਗ ਡੇਢ ਸਾਲ ਹੋਣ ਵਾਲਾ ਹੈ, ਇਸ ਦੇ ਬਾਵਜੂਦ ਵਿਜੀਲੈਂਸ ਬਿਊਰੋ ਦੇ ਜਲੰਧਰ ਯੂਨਿਟ ਨੇ ਇਸ ਦਿਸ਼ਾ ਵਿਚ ਕੋਈ ਖ਼ਾਸ ਕੰਮ ਨਹੀਂ ਕੀਤਾ ਅਤੇ ਸਾਰੀਆਂ ਫਾਈਲਾਂ ਜਲੰਧਰ ਵਿਜੀਲੈਂਸ ਬਿਊਰੋ ਕੋਲ ਪੈਂਡਿੰਗ ਹੀ ਪਈਆਂ ਹੋਈਆਂ ਹਨ। ਜਾਂਚ ਵਿਚ ਹੋ ਰਹੀ ਇਸ ਦੇਰੀ ਕਾਰਨ ਹੁਣ ਜਲੰਧਰ ਸਮਾਰਟ ਸਿਟੀ ਦੇ ਜ਼ਿਆਦਾਤਰ ਘਪਲੇ ਦਬਦੇ ਹੋਏ ਜਾਪੇ। ਦੋਸ਼ ਲੱਗ ਰਹੇ ਹਨ ਕਿ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਰਹੇ ਅਫ਼ਸਰਾਂ ਨੇ ਜਿੱਥੇ ਵਧੇਰੇ ਚੀਜ਼ਾਂ ਨੂੰ ਮੈਨੇਜ ਕਰ ਲਿਆ ਹੈ, ਉਥੇ ਹੀ ਘਟੀਆ ਕੰਮ ਕਰਨ ਵਾਲੇ ਠੇਕੇਦਾਰਾਂ ਨੇ ਵੀ ਰਿਪੇਅਰ ਆਦਿ ਦੇ ਕੰਮ ਕਰ ਕੇ ਘਪਲਿਆਂ ’ਤੇ ਪਰਦਾ ਪਾਉਣ ਦਾ ਕੰਮ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਤੇਜ਼ਧਾਰ ਹਥਿਆਰ ਨਾਲ ਗਾਂ ਦੀਆਂ ਵੱਢ 'ਤੀਆਂ ਲੱਤਾਂ

ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਮਾਰਟ ਸਿਟੀ ਦੇ ਵਧੇਰੇ ਕੰਮ ਕੰਸਟਰੱਕਸ਼ਨ ਨਾਲ ਸਬੰਧਤ ਹਨ ਪਰ ਵਿਜੀਲੈਂਸ ਬਿਊਰੋ ਕੋਲ ਟੈਕਨੀਕਲ ਟੀਮ ਮੁਹੱਈਆ ਨਹੀਂ ਹੈ, ਜੋ ਕੰਸਟਰੱਕਸ਼ਨ ਨਾਲ ਸਬੰਧਤ ਕੰਮਾਂ ਦੀ ਜਾਂਚ ਆਦਿ ਕਰ ਕੇ ਰਿਪੋਰਟ ਦੇ ਸਕੇ, ਇਸ ਲਈ ਵਿਜੀਲੈਂਸ ਨੇ ਪੰਜਾਬ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਉਸਨੂੰ ਟੈਕਨੀਕਲ ਟੀਮਾਂ ਮੁਹੱਈਆ ਕਰਵਾਈਆਂ ਜਾਣ। ਇਸ ਮਾਮਲੇ ਵਿਚ ‘ਆਪ’ ਸਰਕਾਰ ਦੇ ਚੰਡੀਗੜ੍ਹ ਬੈਠੇ ਅਫ਼ਸਰਾਂ ਨੇ ਅਜੇ ਤਕ ਟੈਕਨੀਕਲ ਟੀਮਾਂ ਹੀ ਨਹੀਂ ਭੇਜੀਆਂ। ਇਸ ਦਾ ਅਸਰ ਇਹ ਹੋਇਆ ਹੈ ਕਿ ਵਿਜੀਲੈਂਸ ਦਾ ਡਰ ਅਜੇ ਬਰਕਰਾਰ ਹੈ। ਇਸ ਕਾਰਨ ਅੱਜ ਕੋਈ ਵੀ ਅਫਸਰ ਸਮਾਰਟ ਸਿਟੀ ਦੀ ਕਿਸੇ ਵੀ ਫਾਈਲ ਨੂੰ ਹੱਥ ਨਹੀਂ ਪਾ ਰਿਹਾ ਤਾਂ ਕਿ ਉਸਨੂੰ ਭਵਿੱਖ ਵਿਚ ਵਿਜੀਲੈਂਸ ਦੀ ਪੁੱਛਗਿੱਛ ਦਾ ਸ਼ਿਕਾਰ ਨਾ ਹੋਣਾ ਪਵੇ। ਇਸੇ ਕਾਰਨ ਪ੍ਰਾਜੈਕਟ ਵੀ ਰੁਕੇ ਹੋਏ ਹਨ। ਸੀ. ਈ. ਓ. ਆਦਿੱਤਿਆ ਉੱਪਲ ਦਾ ਕਹਿਣਾ ਹ ੈ ਕਿ ਉਹ ਜਲਦ ਵਿਜੀਲੈਂਸ ਅਧਿਕਾਰੀਆਂ ਨਾਲ ਮਿਲ ਕੇ ਜਲਦ ਤੋਂ ਜਲਦ ਫੈਸਲਾ ਦੇਣ ਦੀ ਮੰਗ ਕਰਨਗੇ ਤਾਂ ਕਿ ਪ੍ਰਾਜੈਕਟ ਸਿਰੇ ਤਾਂ ਚੜ੍ਹ ਸਕੇ।

ਇਹ ਵੀ ਪੜ੍ਹੋ : ਮਾਨਸਾ 'ਚ ਵੱਡੀ ਵਾਰਦਾਤ, ਦਿਓਰ-ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News