ਗੁਰਦੁਅਾਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਪਲਟੀ ਕਾਰ

Wednesday, Jan 02, 2019 - 06:16 AM (IST)

ਗੁਰਦੁਅਾਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਪਲਟੀ ਕਾਰ

ਸੁਲਤਾਨਪੁਰ ਲੋਧੀ,   (ਧੀਰ)-  ਬੀਤੀ ਰਾਤ ਜਦੋਂ ਪੂਰਾ ਹਲਕਾ ਨਵੇਂ ਸਾਲ ਦੇ ਜਸ਼ਨਾਂ ਸਬੰਧੀ ਸਮਾਗਮ ’ਚ ਰੁਝਿਆ ਹੋਇਆ ਸੀ ਉਸ ਵਕਤ ਸੁਲਤਾਨਪੁਰ ਲੋਧੀ-ਕਪੂਰਥਲਾ ਮਾਰਗ ’ਤੇ ਪਿੰਡ ਕਡ਼ਾਲ ਕਲਾਂ (ਆਰ. ਸੀ. ਐੱਫ.) ਦੇ ਨਜ਼ਦੀਕ ਇਕ ਕਾਰ ਦੇ ਬੇਕਾਬੂ ਹੋਣ ’ਤੇ ਵਾਪਰੇ ਹਾਦਸੇ ਦੌਰਾਨ ਕਾਰ ’ਚ ਸਵਾਰ ਇਕ ਅੌਰਤ ਸਮੇਤ 2 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 2 ਨੂੰ ਗੰਭੀਰ ਹਾਲਤ ਹੋਣ ’ਤੇ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਗਿਆ ਹੈ। 
  ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਸੈਦੋ ਭੁਲਾਣਾ ਏ. ਐੱਸ. ਆਈ. ਲਖਬੀਰ ਸਿੰਘ ਗੋਸਲ ਨੇ ਦੱਸਿਆ ਕਿ ਪਿੰਡ ਲੱਖਣ ਖੁਰਦ ਦੇ ਹਰਜਿੰਦਰ ਸਿੰਘ ਪੁੱਤਰ ਰਤਨ ਸਿੰਘ ਆਪਣੀ ਕਾਰ ’ਚ ਸਵਾਰ ਹੋ ਕੇ ਪਰਿਵਾਰ ਸਮੇਤ ਸੁਖਵਿੰਦਰ ਕੌਰ ਪਤਨੀ ਰਤਨ ਸਿੰਘ, ਸੂਬਾ ਸਿੰਘ ਪੁੱਤਰ ਰਤਨ ਸਿੰਘ ਤੇ ਕੁਲਦੀਪ ਕੌਰ ਪਤਨੀ ਸੂਬਾ ਸਿੰਘ ਦੇ ਨਾਲ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਪਿੰਡ ਸੇਚਾਂ ਤੋਂ ਮੱਥਾ ਟੇਕ ਕੇ ਵਾਪਸ ਪਿੰਡ ਲੱਖਣ ਖੁਰਦ ਨੂੰ ਘਰ ਜਾ ਰਿਹਾ ਸੀ ਤੇ ਰਾਤ ਕਰੀਬ 9 ਵਜੇ ਪਿੰਡ ਕਡ਼ਾਲ ਕਲਾਂ ਦੇ ਨਜ਼ਦੀਕ ਉਸ ਦੀ ਕਾਰ ਇਕਦਮ ਬੇਕਾਬੂ ਹੋ ਕੇ  ਸਫੈਦੇ ਦੇ ਦਰੱਖਤ  ਨਾਲ  ਟਕਰਾ ਕੇ  ਪਲਟ ਗਈ। 
ਏ. ਐੱਸ. ਆਈ. ਨੇ ਦੱਸਿਆ ਕਿ ਹਾਦਸੇ ਦੀ ਖਬਰ ਮਿਲਦਿਆਂ ਹੀ ਮੌਕੇ ’ਤੇ ਪੁਲਸ ਪੁੱਜ ਗਈ। ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੀ ਬਾਡੀ ਤੇ ਸ਼ੀਸ਼ਿਆਂ ਨੂੰ ਤੋਡ਼ ਕੇ ਜਦੋਂ ਜ਼ਖਮੀ ਵਿਅਕਤੀਆਂ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਹਰਜਿੰਦਰ ਸਿੰਘ ਪੁੱਤਰ ਰਤਨ ਸਿੰਘ ਤੇ ਸੁਖਵਿੰਦਰ ਕੌਰ ਪਤਨੀ ਰਤਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਸੂਬਾ ਸਿੰਘ ਪੁੱਤਰ ਰਤਨ ਸਿੰਘ ਤੇ ਕੁਲਦੀਪ ਕੌਰ ਪਤਨੀ ਸੂਬਾ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਨੂੰ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ ਹੈ ਜਿਥੇ ਉਨ੍ਹਾਂ ਦਾ ਪੋਸਟਮਾਰਟਮ ਕਰ ਕੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। 


Related News