ਪਿਸਤੌਲ ਦੀ ਨੋਕ ’ਤੇ ਭੱਠਾ ਮਾਲਕ ਦੀ ਨਵੀਂ ਗੱਡੀ ਲੁੱਟੀ

Tuesday, Jan 21, 2020 - 06:42 PM (IST)

ਪਿਸਤੌਲ ਦੀ ਨੋਕ ’ਤੇ ਭੱਠਾ ਮਾਲਕ ਦੀ ਨਵੀਂ ਗੱਡੀ ਲੁੱਟੀ

ਅਲਾਵਲਪੁਰ/ਆਦਮਪੁਰ (ਬੰਗੜ, ਦਿਲਬਾਗੀ, ਚਾਂਦ)— ਪਿਸਤੌਲ ਦੀ ਨੋਕ ’ਤੇ ਭੱਠਾ ਮਾਲਕ ਦੀ ਨਵੀਂ ਗੱਡੀ ਲੁੱਟਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਡਾ ਮਿਹਮਦਪੁਰ ਤੋਂ ਗੋਲ ਪਿੰਡ ਨੂੰ ਜਾਂਦੀ ਲਿੰਕ ਸਡ਼ਕ ’ਤੇ ਇੱਟਾਂ ਦੇ ਭੱਠੇ ਦਾ ਮਾਲਕ ਚਰਨਜੀਤ ਸਿੰਘ ਵਾਸੀ ਮਾਡਲ ਟਾਊਨ ਜਲੰਧਰ ਸ਼ਾਮ ਨੂੰ ਆਪਣੀ ਨਵੀਂ ਗੱਡੀ ’ਤੇ ਜਾ ਰਿਹਾ ਸੀ। ਇਸ ਦੌਰਾਨ ਚਰਨਜੀਤ ਸਿੰਘ ਗੱਡੀ ਰੋਕ ਕੇ ਪਿਸ਼ਾਬ ਕਰਨ ਬਾਹਰ ਨਿਕਲਿਆ ਤਾਂ ਅਚਾਨਕ ਇਕ ਗੱਡੀ ’ਚ ਆਏ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਕਤ ਨੌਜਵਾਨਾਂ ਨੇ ਉਸ ’ਤੇ ਪਿਸਤੌਲਾਂ ਤਾਣ ਦਿੱਤੀਆਂ ਅਤੇ ਨਵੀਂ ਗੱਡੀ ਦੀ ਚਾਬੀ ਖੋਹਣ ਤੋਂ ਬਾਅਦ ਗੱਡੀ ਲੁੱਟ ਕੇ ਆਦਮਪੁਰ ਵੱਲ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਭੱਠਾ ਮਾਲਕ ਚਰਨਜੀਤ ਸਿੰਘ ਨੇ ਥਾਣਾ ਆਦਮਪੁਰ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਚੌਕੀ ਅਲਾਵਲਪੁਰ ਦੇ ਇੰਚਾਰਜ ਏ. ਐੱਸ. ਆਈ. ਹਰਪਾਲ ਸਿੰਘ, ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਨਰੇਸ਼ ਜੋਸ਼ੀ, ਸੀ. ਆਈ. ਏ. ਸਟਾਫ ਜਲੰਧਰ ਦੇ ਇੰਚਾਰਜ ਸ਼ਿਵ ਕੁਮਾਰ, ਡੀ. ਐੱਸ. ਪੀ. ਆਦਮਪੁਰ ਅੰਕੁਰ ਗੁਪਤਾ ਸਮੇਤ ਕਈ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ’ਚ ਲੱਗ ਗਏ। ਪੁਲਸ ਇਸ ਘਟਨਾ ਸਬੰਧੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ, ਜਾਂਚ ਜਾਰੀ ਹੈ। ਪੁਲਸ ਵਲੋਂ ਆਦਮਪੁਰ ਅਲਾਵਲਪੁਰ ਸਡ਼ਕ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ।


author

shivani attri

Content Editor

Related News