ਕਿਤੇ ਕੈਪਟਨ ਦਾ ਵਿਦੇਸ਼ੀ ਦੌਰਾ ਤਾਂ ਨਹੀਂ ਯੂਥ ਕਾਂਗਰਸ ਚੋਣਾਂ ''ਚ ਬਦਲਾਅ ਦਾ ਵੱਡਾ ਕਾਰਨ !

11/21/2019 5:21:36 PM

ਜਲੰਧਰ (ਚੋਪੜਾ)— ਯੂਥ ਕਾਂਗਰਸ ਹਾਈਕਮਾਨ ਦੀ ਵੋਟਿੰਗ ਦੀ ਸਮਾਂਸਾਰਣੀ 'ਚ ਕੀਤੇ ਗਏ ਬਦਲਾਅ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਦੇ ਦਾਅਵੇਦਾਰ ਨੇਤਾਵਾਂ ਦੇ ਮੱਥੇ 'ਤੇ ਵੱਟ ਪੈ ਗਏ ਹਨ। ਉਨ੍ਹਾਂ ਨੇ ਹਾਈਕਮਾਨ ਦੇ ਫੈਸਲੇ ਨੂੰ ਲੈ ਕੇ ਸੀਨੀਅਰ ਲੀਡਰਸ਼ਿਪ 'ਤੇ ਦਬਾਅ ਦੀ ਸਿਆਸਤ 'ਚ ਕੰਮ ਕਰਨ ਦੇ ਦੋਸ਼ ਲਾਏ, ਉਥੇ ਹੀ ਦੱਬੀ ਆਵਾਜ਼ 'ਚ ਫੈਸਲੇ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਯੂਥ ਕਾਂਗਰਸ ਨੇਤਾਵਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸੰਗਠਨਾਤਮਕ ਚੋਣਾਂ ਦਾ ਸਿਸਟਮ ਪੂਰੀ ਤਰ੍ਹਾਂ ਗੜਬੜਾ ਚੁੱਕਿਆ ਹੈ। ਪਹਿਲਾਂ ਹੀ ਚੋਣ ਪ੍ਰਕਿਰਿਆ 1 ਸਾਲ ਤੱਕ ਖਿੱਚੀ ਜਾ ਚੁੱਕੀ ਹੈ ਪਰ ਹੁਣ ਚੋਣਾਂ ਦੇ ਆਖਰੀ ਪੜਾਅ ਨੂੰ ਪੈਰਾਸ਼ੂਟ ਨੇਤਾ ਵੱਲੋਂ ਕੈਪਚਰ ਕੀਤਾ ਜਾਣ ਲੱਗਾ ਹੈ। ਉਨ੍ਹਾਂ ਕਿਹਾ ਕਿ ਹਾਈਕਮਾਨ ਨੇ ਪਹਿਲਾਂ ਵੋਟਿੰਗ ਲਈ 28 ਤੋਂ ਲੈ ਕੇ 30 ਨਵੰਬਰ ਦਾ ਸਮਾਂ ਨਿਸ਼ਚਿਤ ਕੀਤਾ ਸੀ ਪਰ ਇਕੋ-ਇਕ ਨਵੇਂ ਬਦਲਾਅ ਨਾਲ ਹੁਣ ਵੋਟਿੰਗ ਨੂੰ 4 ਤੋਂ ਲੈ ਕੇ 6 ਨਵੰਬਰ ਤੱਕ ਕਰ ਦਿੱਤਾ ਹੈ।

ਯੂਥ ਕਾਂਗਰਸ ਦੇ ਸੂਤਰਾਂ ਦੀ ਮੰਨੀਏ ਤਾਂ ਵੋਟਿੰਗ 'ਚ ਦੇਰੀ ਕੀਤੇ ਜਾਣ ਨੂੰ ਲੈ ਕੇ ਪਰਦੇ ਪਿੱਛੇ ਹੋਰ ਹੀ ਕਾਰਣ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਿਦੇਸ਼ੀ ਦੌਰੇ 'ਤੇ ਗਏ ਹੋਏ ਹਨ, ਅਜਿਹੇ 'ਚ ਪੈਰਾਸ਼ੂਟ ਨਾਲ ਯੂਥ ਕਾਂਗਰਸ ਦੀ ਪ੍ਰਧਾਨਗੀ ਦੇ ਇਕ ਦਾਅਵੇਦਾਰ ਨੇ ਯੂਥ ਕਾਂਗਰਸ ਹਾਈਕਮਾਨ 'ਤੇ ਦਬਾਅ ਬਣਾ ਕੇ ਇਨ੍ਹਾਂ ਤਰੀਕਾਂ ਨੂੰ 6 ਦਿਨ ਲਈ ਲੇਟ ਕਰਵਾਇਆ ਹੈ, ਕਿਉਂਕਿ ਕੈ. ਅਮਰਿੰਦਰ ਸਿੰਘ ਦੀ ਮੌਜੂਦਗੀ ਹੀ ਇਕ ਅਜਿਹੇ ਤਾਸ਼ ਦਾ ਪੱਤਾ ਹੈ, ਜੋ ਉਸ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਉਣ 'ਚ ਸਹਾਇਕ ਸਿੱਧ ਹੋ ਸਕਦਾ ਹੈ। ਉਕਤ ਦਾਅਵੇਦਾਰ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਦੇ ਖੇਮੇ 'ਚ ਪ੍ਰਦੇਸ਼ ਭਰ ਤੋਂ ਮੈਸੇਜ ਲਵਾ ਕੇ ਆਪਣੇ ਆਪ ਲਈ ਸਮਰਥਨ ਪ੍ਰਾਪਤ ਕਰਨਾ ਚਾਹੁੰਦਾ ਹੈ। 

ਜ਼ਿਕਰਯੋਗ ਹੈ ਕਿ ਯੂਥ ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਪ੍ਰੋਫਾਰਮਾ ਲਿਸਟ 'ਚ 7 ਨਾਂ ਸ਼ਾਮਲ ਸਨ ਪਰ ਬਾਅਦ 'ਚ ਇਕ ਹੋਰ ਨਾਂ ਨੂੰ ਸ਼ਾਮਲ ਕਰਨ ਵਾਲੇ ਪ੍ਰਧਾਨ ਅਹੁਦੇ ਲਈ 8 ਨੌਜਵਾਨ ਮੈਦਾਨ 'ਚ ਆ ਗਏ ਹਨ। ਯੂਥ ਕਾਂਗਰਸ ਦੇ ਕੁਝ ਸੀਨੀਅਰ ਨੇਤਾ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮੁੱਖ ਮੰਤਰੀ ਦੇ ਕਾਫੀ ਨਜ਼ਦੀਕੀ ਦੇ ਰਿਸ਼ਤੇਦਾਰ ਵੀ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ, ਜਿਸ ਨਾਲ 7 ਨੌਜਵਾਨਾਂ ਦੀ ਵੋਟਿੰਗ ਦੀ ਮਿਤੀ ਨੂੰ ਅੱਗੇ ਵਧਾਉਣ 'ਚ ਕੋਈ ਦਿਲਚਸਪੀ ਨਹੀਂ ਸੀ ਪਰ ਸਿਰਫ 1 ਉਮੀਦਵਾਰ ਦੇ ਕਹਿਣ 'ਤੇ ਸੀਨੀਅਰ ਲੀਡਰਸ਼ਿਪ ਨੇ ਇਹ ਸਾਰਾ ਖੇਡ ਖੇਡਿਆ ਹੈ, ਜਿਸ ਦਾ ਅੰਦਰ ਖਾਤੇ ਵਿਰੋਧ ਵੀ ਸ਼ੁਰੂ ਹੋ ਗਿਆ ਹੈ। 
ਯੂਥ ਕਾਂਗਰਸ ਨੇਤਾਵਾਂ ਨੇ ਸੀਨੀਅਰ ਲੀਡਰਸ਼ਿਪ ਦੇ ਸਾਹਮਣੇ ਵੀ ਆਪਣਾ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਨੇ ਇਕ ਹੀ ਨੌਜਵਾਨ ਨੂੰ ਜਿਤਾਉਣ ਦੀ ਕੋਸ਼ਿਸ਼ ਦੀ ਖਾਤਿਰ ਸਾਰਾ ਤਾਣਾ-ਬਾਣਾ ਬੁਣਨਾ ਹੈ ਤਾਂ ਅਜਿਹੇ ਚੋਣਾਵੀਂ ਹੱਥਕੰਢੇ ਅਪਣਾਉਣ ਦਾ ਆਖਿਰ ਕੀ ਮਤਲਬ ਹੈ। ਪਾਰਟੀ ਜੇਕਰ ਆਪਣੀ ਪਸੰਦ ਦੇ ਨੌਜਵਾਨਾਂ ਨੂੰ ਹੀ ਯੂਥ ਕਾਂਗਰਸ ਦੀ ਕਮਾਨ ਸੌਂਪਣਾ ਚਾਹੁੰਦੀ ਹੈ ਤਾਂ ਸਿੱਧਾ ਹੀ ਉਸ ਦੇ ਪ੍ਰਧਾਨ ਐਲਾਨ ਕਰ ਦੇਣ।


shivani attri

Content Editor

Related News