ਰੋਜ਼ਗਾਰ ਸਿਰਜਣ ਬਾਰੇ ਅਕਾਲੀਆਂ ਵੱਲੋਂ ਕੀਤੀ ਆਲੋਚਨਾ ਝੂਠੇ ਅੰਕੜਿਆਂ ''ਤੇ ਅਧਾਰਿਤ : ਕੈਪਟਨ

03/09/2020 7:32:27 PM

ਜਲੰਧਰ,(ਧਵਨ)-ਅਕਾਲੀਆਂ ਨੂੰ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਪੰਜਾਬ ਦੇ ਸੰਵੇਦਨਸ਼ੀਲ ਹਿੱਤਾਂ ਨਾਲ ਜੁੜੇ ਮੁੱਦਿਆਂ ਬਾਰੇ ਸਹੀ ਤੱਥਾਂ ਦੀ ਜਾਂਚ ਕਰ ਲੈਣ ਦੀ ਸਲਾਹ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਸਿਰਜਣ ਪ੍ਰੋਗਰਾਮ ਬਾਰੇ ਅਕਾਲੀਆਂ ਦੀ ਆਲੋਚਨਾ ਝੂਠੇ ਅੰਕੜਿਆਂ 'ਤੇ ਅਧਾਰਿਤ ਹੈ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਹਮਲੇ ਕਰਨ ਦੇ ਮਾਮਲੇ 'ਚ ਆਰਥਿਕ ਸਰਵੇਖਣ ਦੀ ਰਿਪੋਰਟ ਨੂੰ ਅਧਾਰ ਬਣਾਇਆ ਹੈ, ਜਿਹੜੀ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਆਰਥਿਕ ਸਰਵੇਖਣ 2017-18 ਦੇ ਅੰਕੜਿਆਂ 'ਤੇ ਅਧਾਰਿਤ ਸੀ। ਇਸਦੀ ਹਵਾਲਾ ਮਿਆਦ ਜੁਲਾਈ 2017 ਤੋਂ ਜੂਨ 2018 ਦੀ ਲਈ ਗਈ ਹੈ। ਇਸ ਸਮੇਂ ਤੱਕ ਕਾਂਗਰਸ ਸਰਕਾਰ ਨੂੰ ਸੱਤਾ 'ਚ ਆਏ ਮਸਾਂ ਇਕ ਸਾਲ ਦਾ ਸਮਾਂ ਹੋਇਆ ਸੀ ਅਤੇ ਉਸ ਨੂੰ ਅਕਾਲੀ-ਭਾਜਪਾ ਸਰਕਾਰ ਤੋਂ ਵਿਰਾਸਤ 'ਚ ਤਬਾਹਕੁੰਨ ਅਰਥ ਵਿਵਸਥਾ ਮਿਲੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਸਰਵੇਖਣ 'ਚ ਸੈਂਪਲ ਦਾ ਬਹੁਤ ਛੋਟਾ ਅਕਾਰ ਲਿਆ ਗਿਆ ਹੈ। ਦਿਹਾਤੀ ਖੇਤਰਾਂ ਤੋਂ 6497 ਅਤੇ ਸ਼ਹਿਰੀ ਖੇਤਰਾਂ ਤੋਂ 6497 ਲੋਕਾਂ ਨੂੰ ਸੈਂਪਲ 'ਚ ਸ਼ਾਮਲ ਕੀਤਾ ਗਿਆ ਹੈ। ਇਸ ਹਿਸਾਬ ਨਾਲ ਪੰਜਾਬ ਦੀ 2.27 ਕਰੋੜ ਅਬਾਦੀ 'ਚੋਂ ਕੁੱਲ 13374 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜੇਕਰ ਨੌਜਵਾਨਾਂ ਨੂੰ ਦੇਖਿਆ ਜਾਵੇ ਤਾਂ 15 ਤੋਂ 29 ਸਾਲ ਦੀ ਉਮਰ ਵਾਲੇ ਸਿਲਸਿਲੇਵਾਰ 1870 ਅਤੇ 1961 ਨੌਜਵਾਨਾਂ ਨੂੰ ਸੈਂਪਲ 'ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਰਾਜ 'ਚ ਨੌਜਵਾਨਾਂ ਦੀ ਕੁੱਲ ਗਿਣਤੀ 80.58 ਲੱਖ ਹੈ। ਸੈਂਪਲ ਦੇ ਐਨੇ ਛੋਟੇ ਅਕਾਰ ਨਾਲ ਸਹੀ ਤੱਥ ਬਾਹਰ ਨਹੀਂ ਆ ਸਕਦੇ। ਉਨ੍ਹਾਂ ਕਿਹਾ ਕਿ ਰਾਜ ਨੂੰ ਬਦਤਰ ਹਾਲਤ 'ਚ ਘੱਲਣ ਲਈ ਰਾਜ ਤੋਂ ਮੁਆਫ਼ੀ ਮੰਗਣ ਦੀ ਥਾਂ ਉਹ ਉਸ ਕਾਂਗਰਸ ਸਰਕਾਰ 'ਤੇ ਝੂਠੀਆਂ ਤੁਹਮਤਾਂ ਲਾ ਰਹੇ ਹਨ, ਜਿਸ ਨੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਤਹਿਤ 12.15 ਲੱਖ ਨੌਕਰੀਆਂ ਨੌਜਵਾਨਾਂ ਨੂੰ ਦੁਆਈਆਂ ਹਨ। ਇਨ੍ਹਾਂ 'ਚ 57905 ਨੌਜਵਾਨਾਂ ਨੂੰ ਸਰਕਾਰ 'ਚ ਥਾਂ ਦਿੱਤੀ ਗਈ ਹੈ, ਜਦੋਂਕਿ 3.97 ਲੱਖ ਲੋਕਾਂ ਨੂੰ ਗ਼ੈਰ-ਸਰਕਾਰੀ ਖੇਤਰ 'ਚ ਤੇ 17.61 ਲੱਖ ਲੋਕਾਂ ਨੂੰ ਸਵੈ-ਰੋਜ਼ਗਾਰ ਅਪਣਾਉਣ ਲਈ ਅੱਗੇ ਤੋਰਿਆ ਗਿਆ ਹੈ। ਮਨਰੇਗਾ ਤਹਿਤ 20.21 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸ਼ਾਇਦ ਅਕਾਲੀਆਂ ਨੂੰ ਚੁੱਭਣਗੇ ।


Related News