ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦੀ ਕੈਪੇਸਿਟੀ ਨੂੰ ਹੋਰ ਵਧਾਇਆ ਜਾਵੇਗਾ, ਅਮਰੂਤ ਮਿਸ਼ਨ ’ਚ ਆਵੇਗਾ ਪ੍ਰਸਤਾਵ

Friday, Feb 23, 2024 - 01:13 PM (IST)

ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦੀ ਕੈਪੇਸਿਟੀ ਨੂੰ ਹੋਰ ਵਧਾਇਆ ਜਾਵੇਗਾ, ਅਮਰੂਤ ਮਿਸ਼ਨ ’ਚ ਆਵੇਗਾ ਪ੍ਰਸਤਾਵ

ਜਲੰਧਰ (ਖੁਰਾਣਾ)–ਸ਼ਹਿਰ ਦੇ ਇਕ ਵੱਡੇ ਹਿੱਸੇ ਵਿਚ ਰਹਿੰਦੇ ਲੱਖਾਂ ਲੋਕਾਂ ਦੇ ਸੀਵਰੇਜ ਆਦਿ ਦਾ ਗੰਦਾ ਪਾਣੀ ਪਿਛਲੇ ਲੰਮੇ ਸਮੇਂ ਤੋਂ 66 ਫੁੱਟੀ ਰੋਡ ’ਤੇ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਆ ਕੇ ਟਰੀਟ ਹੋ ਰਿਹਾ ਹੈ। ਮੌਜੂਦਾ ਸਮੇਂ ਇਸ ਪਲਾਂਟ ਦੀ ਕੈਪੇਸਿਟੀ 200 ਐੱਮ. ਐੱਲ. ਡੀ. ਪਾਣੀ ਟਰੀਟ ਕਰਨ ਦੀ ਹੈ, ਜਿਸ ਦਾ ਸਿੱਧਾ ਜਿਹਾ ਅਰਥ ਹੈ ਕਿ ਹਰ ਰੋਜ਼ ਇਥੇ ਕਰੋੜਾਂ ਲਿਟਰ ਸੀਵਰ ਦਾ ਗੰਦਾ ਪਾਣੀ ਆ ਕੇ ਟਰੀਟ ਹੁੰਦਾ ਹੈ ਅਤੇ ਬਾਅਦ ਵਿਚ ਉਸ ਨੂੰ ਕਾਲਾ ਸੰਘਿਆਂ ਡਰੇਨ ਵਿਚ ਸੁੱਟ ਦਿੱਤਾ ਜਾਂਦਾ ਹੈ। ਫੋਲੜੀਵਾਲ ਟਰੀਟਮੈਂਟ ਪਲਾਂਟ ਦੀ ਗੱਲ ਕਰੀਏ ਤਾਂ ਇਹ ਜਲੰਧਰ ਸ਼ਹਿਰ ਦਾ ਸਭ ਤੋਂ ਵੱਡਾ ਟਰੀਟਮੈਂਟ ਪਲਾਂਟ ਹੈ, ਜਿਹੜਾ ਲਗਭਗ ਤਿੰਨ ਚੌਥਾਈ ਸ਼ਹਿਰ ਦੇ ਸੀਵਰੇਜ ਨੂੰ ਸਾਫ ਕਰਦਾ ਹੈ। 2-4 ਛੋਟੇ-ਛੋਟੇ ਸੀਵਰ ਟਰੀਟਮੈਂਟ ਪਲਾਂਟ ਪਿੰਡ ਜੈਤੇਵਾਲੀ ਅਤੇ ਬਸਤੀ ਪੀਰਦਾਦ ਇਲਾਕਿਆਂ ਵਿਚ ਵੀ ਕੰਮ ਕਰ ਰਹੇ ਹਨ।

ਖ਼ਾਸ ਗੱਲ ਇਹ ਹੈ ਕਿ ਤਿੰਨ ਚੌਥਾਈ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਫੋਲੜੀਵਾਲ ਟਰੀਟਮੈਂਟ ਪਲਾਂਟ ਵੱਲੋਂ ਆਉਂਦਾ ਹੈ, ਉਹ ਇੰਨੀ ਗੰਦੀ ਮਾਤਰਾ ਵਿਚ ਆਉਂਦਾ ਹੈ ਕਿ ਕਾਫੀ ਪਾਣੀ ਨੂੰ ਬਿਨਾਂ ਟਰੀਟ ਕੀਤੇ ਹੀ ਕਾਲਾ ਸੰਘਿਆਂ ਡਰੇਨ ਵਿਚ ਸੁੱਟਣਾ ਪੈਂਦਾ ਹੈ। ਇਸ ਕਾਰਨ ਹੁਣ ਸੀਵਰੇਜ ਬੋਰਡ ਅਤੇ ਜਲੰਧਰ ਨਿਗਮ ਦੇ ਅਧਿਕਾਰੀ ਇਹ ਪ੍ਰਸਤਾਵ ਤਿਆਰ ਕਰ ਰਹੇ ਹਨ ਕਿ ਫੋਲੜੀਵਾਲ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਦੀ ਕੈਪੇਸਿਟੀ ਨੂੰ ਵਧਾਇਆ ਜਾਵੇ। ਨਗਰ ਨਿਗਮ ਜਲੰਧਰ ਦੇ ਅਧਿਕਾਰੀ ਦੱਸਦੇ ਹਨ ਕਿ ਆਉਣ ਵਾਲੇ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸਤਾਵ ਦਿੱਤਾ ਜਾਵੇਗਾ ਕਿ ਫੋਲੜੀਵਾਲ ਪਲਾਂਟ ਦੀ ਕੈਪੇਸਿਟੀ 100 ਐੱਮ. ਐੱਲ. ਡੀ. ਹੋਰ ਵਧਾਈ ਜਾਵੇ ਪਰ ਮੰਨਿਆ ਇਹੀ ਜਾ ਰਿਹਾ ਹੈ ਕਿ ਸਬੰਧਤ ਅਥਾਰਟੀ ਵੱਲੋਂ 50 ਐੱਮ. ਐੱਲ. ਡੀ. ਤਕ ਇਸਦੀ ਸਮਰੱਥਾ ਵਧਾਏ ਜਾਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਮਾਂ-ਧੀ ਦਾ ਕਤਲ ਕਰਨ ਵਾਲਾ ਕਰਨਜੀਤ ਜੱਸਾ ਕਰਨਾ ਚਾਹੁੰਦਾ ਸੀ ਮੂਸੇਵਾਲਾ ਦੇ ਕਾਤਲਾਂ ਦਾ ਕਤਲ

ਅਗਲੀ ਕੇਂਦਰ ਸਰਕਾਰ ਦੇ ਨਵੇਂ ਅਮਰੂਤ ਮਿਸ਼ਨ ਦੀ ਹੈ ਉਡੀਕ
ਹਰ ਘਰ ਤਕ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਅਤੇ ਸੀਵਰੇਜ ਦੇ ਗੰਦੇ ਪਾਣੀ ਨੂੰ ਟਰੀਟ ਆਦਿ ਕਰ ਕੇ ਵਾਤਾਵਰਣ ਦੀ ਸੁਰੱਖਿਆ ਵਰਗੇ ਕੰਮ ਕੇਂਦਰ ਸਰਕਾਰ ਦੇ ਅਮਰੂਤ ਮਿਸ਼ਨ ਤਹਿਤ ਕੀਤੇ ਜਾਂਦੇ ਹਨ। ਆਉਣ ਵਾਲੇ ਕੁਝ ਸਮੇਂ ਵਿਚ ਦੇਸ਼ ਵਿਚ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ 2-3 ਮਹੀਨਿਆਂ ਬਾਅਦ ਨਵੀਂ ਸਰਕਾਰ ਕੇਂਦਰ ਦੀ ਸੱਤਾ ਸੰਭਾਲ ਲਵੇਗੀ। ਨਵੀਂ ਕੇਂਦਰ ਸਰਕਾਰ ਦੇ ਆਉਣ ਤੋਂ ਬਾਅਦ ਦੇਸ਼ ਵਿਚ ਨਵੇਂ ਸਿਰੇ ਤੋਂ ਅਮਰੂਤ ਮਿਸ਼ਨ ਲਾਂਚ ਕੀਤਾ ਜਾਵੇਗਾ।
ਨਗਰ ਨਿਗਮ ਜਲੰਧਰ ਦੇ ਅਧਿਕਾਰੀ ਦੱਸਦੇ ਹਨ ਕਿ ਨਵੇਂ ਅਮਰੂਤ ਮਿਸ਼ਨ ਤਹਿਤ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦੀ ਕੈਪੇਸਿਟੀ ਵਧਾਉਣ ਸਬੰਧੀ ਪ੍ਰਸਤਾਵ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਅਮਰੂਤ ਮਿਸ਼ਨ ਤਹਿਤ ਕੇਂਦਰ ਸਰਕਾਰ ਸੂਬਿਆਂ ਅਤੇ ਸ਼ਹਿਰਾਂ ਨੂੰ ਕਰੋੜਾਂ-ਅਰਬਾਂ ਰੁਪਏ ਦੀ ਗ੍ਰਾਂਟ ਜਾਰੀ ਕਰਦੀ ਹੈ, ਜਿਸ ਤਹਿਤ ਅਜਿਹੇ ਪਲਾਂਟ ਜਗ੍ਹਾ-ਜਗ੍ਹਾ ਲਾਏ ਜਾਂਦੇ ਹਨ। ਕਿਉਂਕਿ ਫੋਲੜੀਵਾਲ ਪਲਾਂਟ ਦੀ ਕੈਪੇਸਿਟੀ ਵਧਾਉਣ ਦੇ ਕੰਮ ’ਤੇ ਕਰੋੜਾਂ ਰੁਪਏ ਦਾ ਖਰਚ ਆਉਣ ਦੀ ਉਮੀਦ ਹੈ, ਇਸ ਲਈ ਸੂਬਾ ਸਰਕਾਰ ਦੇ ਅਧਿਕਾਰੀ ਨਵੇਂ ਅਮਰੂਤ ਮਿਸ਼ਨ ਦੀ ਉਡੀਕ ਕਰ ਰਹੇ ਹਨ। ਨਿਗਮ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਫੋਲੜੀਵਾਲ ਪਲਾਂਟ ਦੀ ਸਮਰੱਥਾ ਵਧ ਜਾਂਦੀ ਹੈ ਤਾਂ ਪੂਰੇ ਜਲੰਧਰ ਸ਼ਹਿਰ ਵਿਚ ਜਗ੍ਹਾ-ਜਗ੍ਹਾ ਸੀਵਰ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

ਪਲਾਂਟ ਸ਼ਿਫਟ ਕਰਨ ਬਾਬਤ ਮੁਹਿੰਮ ਚੱਲੀ ਤਾਂ ਸੀ ਪਰ ਸਫ਼ਲ ਨਹੀਂ ਹੋਈ
ਕੈਂਟ ਵਿਧਾਨ ਸਭਾ ਹਲਕੇ ਨਾਲ ਸਬੰਧਤ ਕਈ ਸਿਆਸੀ ਲੋਕਾਂ ਨੇ ਕਈ ਸਾਲ ਪਹਿਲਾਂ 66 ਫੁੱਟੀ ਰੋਡ ਦੀ ਡਿਵੈੱਲਪਮੈਂਟ ਨੂੰ ਦੇਖਦੇ ਹੋਏ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਸ਼ਿਫਟ ਕਰਨ ਦੇ ਯਤਨ ਸ਼ੁਰੂ ਕੀਤੇ ਸਨ, ਜੋ ਸਫਲ ਨਹੀਂ ਹੋ ਸਕੇ। ਹੁਣ ਵੀ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਹੁਣ ਇਸ ਪਲਾਂਟ ਦੀ ਕੈਪੇਸਿਟੀ ਵਧਾਉਣ ਦੀ ਗੱਲ ਚੱਲ ਰਹੀ ਹੈ, ਉਸ ਨਾਲ ਪਲਾਂਟ ਦੀ ਸ਼ਿਫਟਿੰਗ ਦਾ ਸਕੋਪ ਇਕ ਫ਼ੀਸਦੀ ਵੀ ਨਹੀਂ ਬਚਦਾ ਕਿਉਂਕਿ ਸਾਰੇ ਸ਼ਹਿਰ ਦੇ ਸੀਵਰਾਂ ਦੀ ਢਲਾਨ ਇਧਰ ਨੂੰ ਹੈ ਅਤੇ ਪਲਾਂਟ ਦੇ ਅੱਗੇ ਵੀ ਆਬਾਦੀ ਕਾਫ਼ੀ ਸੰਘਣੀ ਹੋ ਚੁੱਕੀ ਹੈ।
ਅਜਿਹਾ ਯਤਨ ਕਰਨ ਵਾਲੇ ਆਗੂਆਂ ਦਾ ਮੰਨਣਾ ਸੀ ਕਿ ਜਿਥੇ ਮੌਜੂਦਾ ਸਮੇਂ ਟਰੀਟਮੈਂਟ ਪਲਾਂਟ ਸਥਿਤ ਹੈ, ਉਥੇ ਲਗਭਗ 80 ਏਕੜ ਜ਼ਮੀਨ ਬਹੁਤ ਬਹੁਮੁੱਲੀ ਹੈ, ਜਦੋਂ ਕਿ ਜੇਕਰ ਪਲਾਂਟ ਕੁਝ ਕਿਲੋਮੀਟਰ ਅੱਗੇ ਲਿਜਾਇਆ ਜਾਂਦਾ ਹੈ ਤਾਂ ਉਥੇ ਜ਼ਮੀਨ ਕਾਫ਼ੀ ਸਸਤੀ ਮਿਲ ਜਾਵੇਗੀ। ਪਲਾਂਟ ਨੂੰ ਅੱਗੇ ਲਿਜਾ ਕੇ ਅਤੇ ਪੁਰਾਣੇ ਪਲਾਂਟ ਵਾਲੀ ਜਗ੍ਹਾ ਨੂੰ ਵੇਚ ਕੇ ਸਰਕਾਰ ਅਰਬਾਂ ਰੁਪਏ ਦੀ ਕਮਾਈ ਕਰ ਸਕਦੀ ਹੈ ਅਤੇ ਇਸਦੇ ਨਾਲ ਹੀ 66 ਫੁੱਟੀ ਰੋਡ ’ਤੇ ਡਿਵੈੱਲਪਮੈਂਟ ਦਾ ਵੀ ਸਕੋਪ ਕਾਫ਼ੀ ਵਧ ਜਾਵੇਗਾ। ਹੁਣ ਅਜਿਹੇ ਯਤਨ ਸਿਆਸੀ ਤੌਰ ’ਤੇ ਵੀ ਖਤਮ ਹੋ ਚੁੱਕੇ ਹਨ ਅਤੇ ਖਾਸ ਗੱਲ ਇਹ ਹੈ ਕਿ ਹੁਣ 66 ਫੁੱਟੀ ਰੋਡ ’ਤੇ ਬਣੀਆਂ ਦਰਜਨਾਂ ਰਿਹਾਇਸ਼ੀ ਕਾਲੋਨੀਆਂ ਅਤੇ ਹਾਊਸਿੰਗ ਪ੍ਰਾਜੈਕਟਾਂ ਦਾ ਸਾਰਾ ਸੀਵਰ ਫੋਲੜੀਵਾਲ ਪਲਾਂਟ ਤਕ ਆਉਣ ਲੱਗਾ ਹੈ।

ਇਹ ਵੀ ਪੜ੍ਹੋ: ਖਨੌਰੀ ਬਾਰਡਰ 'ਤੇ ਮਾਰੇ ਗਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਿੰਡ ਵਾਲਿਆਂ ਨੇ ਕੀਤਾ ਵੱਡਾ ਐਲਾਨ (ਵੀਡੀਓ)
66 ਫੁੱਟੀ ਰੋਡ ’ਤੇ ਕਈ ਕਿਲੋਮੀਟਰ ਅੱਗੇ ਜਾ ਕੇ ਹੈਮਿਲਟਨ ਮੇ-ਫੇਅਰ ਰੈਜ਼ੀਡੈਂਸ਼ੀਅਲ ਪ੍ਰਾਜੈਕਟ ਦਾ ਸੀਵਰ ਵੀ ਇਸੇ ਪਲਾਂਟ ਨਾਲ ਜੋੜਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਹੁਣ ਫੋਲੜੀਵਾਲ ਪਲਾਂਟ ਨੂੰ ਨਾ ਤਾਂ ਕਦੀ ਬੰਦ ਕੀਤਾ ਜਾ ਸਕੇਗਾ ਅਤੇ ਨਾ ਹੀ ਇਸਦੀ ਕਦੀ ਸ਼ਿਫਟਿੰਗ ਹੋ ਪਾਵੇਗੀ ਕਿਉਂਕਿ ਹੁਣ ਪਲਾਂਟ ਦੇ ਕਈ ਿਕਲੋਮੀਟਰ ਅੱਗੇ ਵੀ ਕਈ ਹਾਊਸਿੰਗ ਪ੍ਰਾਜੈਕਟ ਆ ਰਹੇ ਹਨ ਅਤੇ ਉਥੇ ਵੀ ਲੋਕ ਇਸਨੂੰ ਸਵੀਕਾਰ ਨਹੀਂ ਕਰਨਗੇ। 66 ਫੁੱਟੀ ਰੋਡ ਦਾ ਸਾਰਾ ਸੀਵਰ ਸਿਸਟਮ ਇਸ ਪਲਾਂਟ ਨਾਲ ਜੁੜਨ ਕਰ ਕੇ ਵੀ ਆਉਣ ਵਾਲੇ ਸਮੇਂ ਵਿਚ ਇਸਦੀ ਸਮਰੱਥਾ ਨੂੰ ਵਧਾਉਣਾ ਹੋਵੇਗਾ।

ਪਲਾਂਟ ’ਚੋਂ ਉੱਠਦੀ ਬਦਬੂ ਦਾ ਪੱਕਾ ਹੱਲ ਕੱਢੇ ਸਰਕਾਰ
ਪਿਛਲੇ ਲੰਮੇ ਸਮੇਂ ਤੋਂ 66 ਫੁੱਟੀ ਰੋਡ ਇਲਾਕੇ ਦੇ ਲੋਕ ਸੀਵਰੇਜ ਟਰੀਟਮੈਂਟ ਪਲਾਂਟ ਿਵਚੋਂ ਉੱਠਦੀ ਬਦਬੂ ਕਾਰਨ ਪ੍ਰੇਸ਼ਾਨ ਹਨ ਅਤੇ ਲਗਾਤਾਰ ਮੰਗ ਉੱਠ ਰਹੀ ਹੈ ਕਿ ਇਸ ਪਲਾਂਟ ਵਿਚੋਂ ਬਦਬੂ ਦਾ ਪੱਕਾ ਹੱਲ ਕੱਢਿਆ ਜਾਵੇ ਤਾਂ ਕਿ ਲੋਕ ਸਾਫ਼ ਹਵਾ ਵਿਚ ਸਾਹ ਲੈ ਸਕਣ। ਹੁਣ ਨਗਰ ਨਿਗਮ ਨੇ ਇਸੇ ਪਲਾਂਟ ਦੇ ਕੰਪਲੈਕਸ ਵਿਚ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਲਾਉਣ ਦੇ ਵੀ ਯਤਨ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ 66 ਫੁੱਟੀ ਰੋਡ ਦੇ ਹਜ਼ਾਰਾਂ ਨਿਵਾਸੀਆਂ ਵਿਚ ਕਾਫ਼ੀ ਰੋਹ ਹੈ ਅਤੇ ਕੂੜੇ ਦੇ ਪਲਾਂਟ ਦੇ ਨਾਲ-ਨਾਲ ਪਲਾਂਟ ਵਿਚੋਂ ਉੱਠਦੀ ਬਦਬੂ ਦੀ ਹੱਲ ਦੀ ਵੀ ਮੰਗ ਕਰ ਰਹੇ ਹਨ। ਗੱਲ ਕਿਤੇ ਬਣਦੀ ਨਾ ਦੇਖ ਕੇ ਇਲਾਕਾ ਨਿਵਾਸੀ ਐੱਨ. ਜੀ. ਟੀ. ਅਤੇ ਹਾਈ ਕੋਰਟ ਦਾ ਰੁਖ਼ ਕਰ ਸਕਦੇ ਹਨ।

ਇਹ ਵੀ ਪੜ੍ਹੋ: UK ਭੇਜਣ ਦੇ ਨਾਂ 'ਤੇ ਹੋਏ ਵੱਡੇ ਫਰਜ਼ੀਵਾੜੇ ਸਬੰਧੀ ਸਨਸਨੀ ਖ਼ੁਲਾਸਾ, ਧੰਦੇ ’ਚ ਗੁਜਰਾਤੀਆਂ ਨੇ ਵੀ ਕਮਾਏ ਕਰੋੜਾਂ ਰੁਪਏ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News