ਪੰਜਾਬ ਸਰਕਾਰ ਵੱਲੋਂ 36 ਸਕੂਲ ਪ੍ਰਿੰਸੀਪਲਾਂ ਦਾ 7ਵਾਂ ਬੈਚ ਟਰੇਨਿੰਗ ਲਈ ਭੇਜਿਆ ਜਾਵੇਗਾ ਸਿੰਗਾਪੁਰ

Sunday, Feb 02, 2025 - 05:11 PM (IST)

ਪੰਜਾਬ ਸਰਕਾਰ ਵੱਲੋਂ 36 ਸਕੂਲ ਪ੍ਰਿੰਸੀਪਲਾਂ ਦਾ 7ਵਾਂ ਬੈਚ ਟਰੇਨਿੰਗ ਲਈ ਭੇਜਿਆ ਜਾਵੇਗਾ ਸਿੰਗਾਪੁਰ

ਚੰਡੀਗੜ੍ਹ- ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਵਿੱਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ 36 ਸਕੂਲ ਪ੍ਰਿੰਸੀਪਲਾਂ ਨੂੰ ਪੰਜ-ਰੋਜ਼ਾ ਸਿਖਲਾਈ ਲਈ ਸਿੰਗਾਪੁਰ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੀਡਰਸ਼ਿਪ ਡਿਵੈੱਲਪਮੈਂਟ ਪ੍ਰੋਗਰਾਮ ਤਹਿਤ ਹੁਣ ਤੱਕ ਪੰਜਾਬ ਦੇ 198 ਪ੍ਰਿੰਸੀਪਲ ਅਤੇ ਸਿੱਖਿਆ ਅਧਿਕਾਰੀ ਸਿੰਗਾਪੁਰ ਦੀ ਪ੍ਰਿੰਸੀਪਲਜ਼ ਅਕੈਡਮੀ ਤੋਂ ਸਿਖਲਾਈ ਲੈ ਚੁੱਕੇ ਹਨ। ਇਸ ਪ੍ਰੋਗਰਾਮ ਤਹਿਤ ਹੁਣ 36 ਸਕੂਲ ਪ੍ਰਿੰਸੀਪਲਾਂ ਦਾ 7ਵਾਂ ਬੈਚ ਇਸ ਸਾਲ ਮਾਰਚ ਵਿੱਚ ਸਿੰਗਾਪੁਰ ਭੇਜਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ 'ਤੇ ਕੰਮ ਕਰ ਰਹੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਕੂਲ ਸਿੱਖਿਆ ਪ੍ਰਬੰਧਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਨ ਲਈ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਵਿਖੇ ਇਕ "ਇੰਟਰਨੈਸ਼ਨਲ ਐਜੂਕੇਸ਼ਨ ਅਫੇਅਰਜ਼ ਸੈੱਲ (ਆਈ. ਈ. ਏ. ਸੀ.)" ਸਥਾਪਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :  ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਸਰਕਾਰ ਨੇ ਕਰ 'ਤਾ ਵੱਡਾ ਐਲਾਨ

ਇਸ ਟ੍ਰੇਨਿੰਗ ਲਈ ਯੋਗਤਾ ਮਾਪਦੰਡਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਉਮੀਦਵਾਰਾਂ ਦੀ ਉਮਰ 31 ਜਨਵਰੀ 2025 ਤੱਕ 53 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਉਨ੍ਹਾਂ ਕੋਲ ਘੱਟੋ-ਘੱਟ ਸਤੰਬਰ 2025 ਤੱਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਦੇ ਖ਼ਿਲਾਫ਼ ਕੋਈ ਚਾਰਜਸ਼ੀਟ, ਜਾਂਚ ਜਾਂ ਅਪਰਾਧਿਕ ਕੇਸ ਲੰਬਿਤ ਨਹੀਂ ਹੋਣਾ ਚਾਹੀਦਾ। ਇਹਨਾਂ ਮੁਢਲੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਸਾਰੇ ਉਮੀਦਵਾਰ ਦੂਜੇ ਗੇੜ ਵਿੱਚ ਸ਼ਾਮਲ ਹੋਣਗੇ, ਜਿੱਥੇ ਉਨ੍ਹਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ, ਜੋ ਵਿਦਿਅਕ ਯੋਗਤਾ, ਤਜ਼ਰਬੇ, ਏ.ਸੀ.ਆਰ. ਅਤੇ ਐਵਾਰਡਾਂ ਦੇ ਆਧਾਰ ‘ਤੇ ਹੋਵੇਗੀ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਿੰਸੀਪਲਾਂ ਲਈ ਸਿੰਗਾਪੁਰ ਦਾ ਦੌਰਾ ਉਨ੍ਹਾਂ ਨੂੰ ਇਕ ਵਿਆਪਕ ਸਿਖਲਾਈ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਉਨ੍ਹਾਂ ਦੇ ਲੀਡਰਸ਼ਿਪ ਅਤੇ ਵਿੱਦਿਅਕ ਹੁਨਰਾਂ ਵਿੱਚ ਵਾਧਾ ਕਰਨ 'ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਸਿੰਗਾਪੁਰ ਵਿੱਚ ਆਪਣੇ ਦੌਰੇ ਦੌਰਾਨ, ਉਹ ਵੱਖ-ਵੱਖ ਵਰਕਸ਼ਾਪਾਂ, ਸੈਮੀਨਾਰਾਂ ਅਤੇ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ ਜੋ ਉਹਨਾਂ ਨੂੰ ਸਿੰਗਾਪੁਰ ਦੇ ਸਕੂਲਾਂ ਵਿੱਚ ਆਪਣਾਈਆਂ ਜਾਣ ਵਾਲੀਆਂ ਉੱਨਤ ਅਧਿਆਪਨ ਤਕਨੀਕਾਂ ਅਤੇ ਵਿਦਿਅਕ ਅਭਿਆਸਾਂ ਦੀ ਜਾਣਕਾਰੀ ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ :  ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਪੈਟਰੋਲ ਪੰਪ 'ਤੇ ਗੋਲ਼ੀਆਂ ਮਾਰ ਕਰਿੰਦੇ ਦਾ ਕੀਤਾ ਕਤਲ

ਹਰਜੋਤ ਬੈਂਸ ਨੇ ਕਿਹਾ ਕਿ ਇਹ ਦੌਰਾ ਪ੍ਰਿੰਸੀਪਲਾਂ ਨੂੰ ਨਿਰੰਤਰ ਸਿੱਖਣ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਉਤਸ਼ਾਹਤ ਕਰੇਗਾ, ਜਿਸ ਨਾਲ ਉਹ ਆਪਣੇ ਸਕੂਲਾਂ ਵਿੱਚ ਨਵੀਨਤਾਕਾਰੀ ਵਿਧੀਆਂ ਅਤੇ ਰਣਨੀਤੀਆਂ ਨੂੰ ਅਪਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਤਜ਼ਰਬਿਆਂ ਅਤੇ ਵਿਚਾਰਾਂ ਨੂੰ ਸਾਂਝਾ ਕਰਕੇ ਉਹ ਸੂਬੇ ਦੇ ਸਕੂਲਾਂ ਵਿੱਚ ਸਿੱਖਣ ਦੇ ਇਕ ਸਹਿਯੋਗੀ ਮਾਹੌਲ ਨੂੰ ਸਿਰਜਣ ਵਿੱਚ ਮਦਦ ਕਰਨਗੇ। ਇਸ ਨਾਲ ਪ੍ਰਣਾਲੀਗਤ ਪ੍ਰਭਾਵ ਪਵੇਗਾ ਅਤੇ ਸਕੂਲਾਂ ਵਿੱਚ ਅੰਤਰ-ਸਿਖਲਾਈ, ਉੱਚ ਪ੍ਰੇਰਣਾ ਅਤੇ ਅਧਿਆਪਨ-ਸਿਖਲਾਈ ਪ੍ਰਕਿਰਿਆਵਾਂ ਵਿੱਚ ਵੀ ਸੁਧਾਰ ਹੋਵੇਗਾ।
ਇਹ ਵੀ ਪੜ੍ਹੋ :  ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਪਾਬੰਦੀ, ਸਖ਼ਤ ਹਦਾਇਤਾਂ ਹੋ ਗਈਆਂ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News