ਭੋਗਪੁਰ ’ਚ ਗੰਨਾ ਕਾਸ਼ਤਕਾਰਾਂ ਵੱਲੋਂ ਰੋਸ ਰੈਲੀ

11/13/2018 5:46:45 AM

 ਭੋਗਪੁਰ,   (ਸੂਰੀ)-  ਕਿਸਾਨ ਜਥੇਬੰਦੀ ਦੋਆਬਾ ਕਿਸਾਨ ਯੂਨੀਅਨ ਵੱਲੋਂ ਕੁਝ ਦਿਨ ਪਹਿਲਾਂ ਐਲਾਨੇ ਗਏ ਭੋਗਪੁਰ ਵਿਚ ਰੋਸ ਮਾਰਚ ਅਤੇ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਜਨਰਲ ਮੈਨੇਜਰ ਦੇ ਦਫਤਰ ਦਾ ਘਿਰਾਓ ਕਰਨ ਸਬੰਧੀ ਪ੍ਰੋਗਰਾਮ ਅਨੁਸਾਰ ਅੱਜ ਭੋਗਪੁਰ ਵਿਚ ਗੰਨਾ ਉਤਪਾਦਕ ਕਿਸਾਨਾਂ ਵੱਲੋਂ ਭੋਗਪੁਰ ਸ਼ਹਿਰ ਵਿਚ ਰੋਸ ਰੈਲੀ ਕੱਢੀ ਗਈ ਅਤੇ ਰੈਲੀ ਉਪਰੰਤ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਜਨਰਲ ਮੈਨੇਜਰ ਨੂੰ ਮੰਗ-ਪੱਤਰ ਸੌਂਪਿਆ ਗਿਆ। ਅੱਜ ਸਵੇਰੇ ਸਥਾਨਕ  ਗੁਰਦੁਆਰਾ  ਸ੍ਰੀ ਗੁਰੂ ਨਾਨਕ ਯਾਦਗਾਰ ਵਿਚ ਇਲਾਕੇ ਦੇ ਕਿਸਾਨਾਂ ਦਾ ਇਕੱਠ ਹੋਇਆ। ਕਿਸਾਨਾਂ ਵੱਲੋਂ ਆਪਸੀ ਵਿਚਾਰ ਕਰਨ ਉਪਰੰਤ ਗੁਰਦੁਆਰਾ ਸਾਹਿਬ ਤੋਂ ਇਕ ਰੋਸ ਰੈਲੀ  ਕੱਢੀ ਗਈ। ਇਸ ਰੈਲੀ ਦੇ ਨਾਲ ਭਾਰੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ  ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਭੋਗਪੁਰ ਖੰਡ ਮਿੱਲ ਦੇ ਮੁੱਖ ਪ੍ਰਬੰਧਕ ਖਿਲਾਫ ਨਾਅਰੇਬਾਜ਼ੀ ਕੀਤੀ। ਰੋਸ ਰੈਲੀ ਜਦੋਂ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਮੁੱਖ ਗੇਟ ’ਤੇ ਪੁੱਜੀ ਤਾਂ ਮਿੱਲ ਦੇ ਸੁਰੱਖਿਆ ਦਸਤੇ ਵੱਲੋਂ ਮਿੱਲ ਦਾ ਗੇਟ ਬੰਦ ਕਰ ਕੇ ਕਿਸਾਨਾਂ ਨੂੰ ਗੇਟ ਦੇ ਬਾਹਰ ਹੀ ਰੋਕ ਦਿੱਤਾ ਗਿਆ। ਕਿਸਾਨਾਂ ਵਿਚ ਵੱਧਦੇ ਹੋਏ ਰੋਸ ਨੂੰ ਦੇਖਦਿਆਂ ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਨਰੇਸ਼ ਜੋਸ਼ੀ  ਕਿਸਾਨਾਂ ਕੋਲ ਪਹੁੰਚੇ ਅਤੇ ਗੇਟ ਖੁੁੱਲ੍ਹਵਾ ਕੇ ਕਿਸਾਨਾਂ ਨੂੰ ਅੰਦਰ ਲੈ ਗਏ ਪਰ ਜਦੋਂ ਕਿਸਾਨ ਰੋਸ ਰੈਲੀ ਮਿੱਲ ਦੇ ਅੰਦਰਲੇ ਗੇਟ ਕੋਲ ਪੁੱਜੀ ਤਾਂ ਮਿੱਲ ਸੁਰੱਖਿਆ ਦਸਤੇ ਨੇ ਕਿਸਾਨਾਂ ਨੂੰ ਗੇਟ ਦੇ ਬਾਹਰ ਹੀ ਰੋਕ ਦਿੱਤਾ ਅਤੇ ਉੱਥੇ ਹੀ ਮੰਗ-ਪੱਤਰ ਲੈਣ ਬਾਰੇ ਕਿਹਾ ਗਿਆ। ਜਦੋਂ ਅੱਧੇ ਘੰਟੇ ਤੋਂ ਵੀ ਜ਼ਿਆਦਾ ਸਮਾਂ ਬੀਤਣ ’ਤੇ ਕੋਈ ਵੀ ਕਿਸਾਨਾਂ ਪਾਸੋਂ ਮੰਗ-ਪੱਤਰ ਲੈਣ ਨਾ ਪੁੱਜਾ ਤਾਂ ਕਿਸਾਨਾਂ ਨੇ ਫਿਰ ਤੋਂ ਰੋਸ ਵਜੋਂ  ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਗੰਨਾ ਸੰਘਰਸ਼ ਕਮੇਟੀ ਏ. ਬੀ. ਸ਼ੂਗਰਜ਼ ਦਸੂਹਾ ਦੇ ਪ੍ਰਧਾਨ ਸੁਖਪਾਲ ਸਿੰਘ ਡੱਫਰ ਅਾਪਣੇ ਸਾਥੀਆਂ ਨਾਲ ਭੋਗਪੁਰ ਖੰਡ ਮਿੱਲ ਵਿਚ ਪੁੱਜ ਗਏ ਅਤੇ ਮਾਹੌਲ ਫਿਰ ਤੋਂ  ਭੱਖ ਗਿਆ। ਐੱਸ.ਐੱਚ.ਓ. ਨਰੇਸ਼  ਜੋਸ਼ੀ ਮਿੱਲ ਦੇ ਜਨਰਲ ਮੈਨੇਜਰ ਭੁਪਿੰਦਰ ਸਿੰਘ ਗਿੱਲ ਨੂੰ ਨਾਲ ਲੈ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਮੰਗ-ਪੱਤਰ ਲੈਣ ਲਈ ਗੇਟ ਦੇ ਬਾਹਰ ਆਏ। ਜਿਥੇ ਕਿਸਾਨਾਂ ਨੇ ਉਨ੍ਹਾਂ ਅੱਗੇ ਗੰਨਾ ਬਾਂਡ ਨਾ ਕੀਤੇ ਜਾਣ ਅਤੇ ਪਿਛਲੇ ਸਾਲ ਦੀ ਗੰਨੇ ਦੀ ਬਣਦੀ ਪੇਮੈਂਟ ਕਿਸਾਨਾਂ ਨੂੰ ਜਾਰੀ ਕਰਵਾਉਣ ਦੀ ਮੰਗ ਰੱਖੀ। ਜੀ. ਐੱਮ. ਗਿੱਲ ਨੇ ਕਿਸਾਨਾਂ ਦਾ ਭੋਗਪੁਰ ਇਲਾਕੇ ਵਿਚ ਨਾ ਬਾਂਡ ਕੀਤਾ ਗਿਆ ਗੰਨਾ ਹੋਰਨਾਂ ਮਿੱਲਾਂ ਵਿਚ ਬਾਂਡ ਕਰਵਾਉਣ ਸਬੰਧੀ ਜਲਦ ਕਾਰਵਾਈ ਕਰਨ ਅਤੇ ਗੰਨੇ ਦੀ ਪਿਛਲੀ ਪੇਮੈਂਟ ਕਰਵਾਉਣ ਲਈ ਜਲਦ ਗੱਲਬਾਤ ਕਰਨ ਭਰੋਸਾ ਦਿੱਤਾ। 
ਇਸ ਮੌਕੇ ਗੁਰਪ੍ਰੀਤ ਸਿੰਘ ਅਟਵਾਲ, ਰਜਿੰਦਰਪਾਲ ਸਿੰਘ ਡੱਲਾ, ਬਲਜੀਤ ਸਿੰਘ ਸਰਪੰਚ ਰਾਸਤਗੋ, ਪਰਮਜੀਤ ਸਿੰਘ ਬੁੱਟਰ, ਗੁਰਭੇਜ ਸਿੰਘ ਸੰਘਾ, ਅਮਰਜੀਤ ਸਿੰਘ ਮੋਹਕਮਗਡ਼੍ਹ, ਲਸ਼ਕਰ ਸਿੰਘ ਚਾਹਡ਼ਕੇ, ਸੁਖਦੇਵ ਸਿੰਘ ਬਹਿਰਾਮ, ਮਨਿੰਦਰ ਸਿੰਘ ਗੇਹਲਡ਼ਾਂ, ਗੁਰਵਿੰਦਰ ਸਿੰਘ ਭੰਗੂ, ਬਲਕਾਰ ਸਿੰਘ ਭੰਗੂ, ਉਂਕਾਰ ਸਿੰਘ ਰਾਸਤਗੋ, ਹਰਜੀਤ ਸਿੰਘ ਸਿੰਘਪੁਰ, ਹਰਪਾਲ ਸਿੰਘ ਦਰਾਵਾਂ, ਜਸਪ੍ਰੀਤ ਸਿੰਘ ਜੱਫਲ, ਨਿਰਮਲ ਸਿੰਘ ਨੰਬਰਦਾਰ ਚਾਹਡ਼ਕੇ, ਅਵਤਾਰ ਸਿੰਘ ਡੱਲਾ, ਕੁਲਦੀਪ ਸਿੰਘ ਬਡ਼ਚੂਹੀ, ਸੁਰਿੰਦਰ ਸਿੰਘ ਭੇਲਾ ਚਾਹਡ਼ਕੇ, ਸੁਖਜੋਤ ਸਿੰਘ ਬਡ਼ਚੂਹੀ ਆਦਿ ਕਿਸਾਨ ਹਾਜ਼ਰ ਸਨ।
 


Related News