ਚੋਣ ਲੜਨ ਵਾਲੇ ਉਮੀਦਵਾਰ 9 ਅਪ੍ਰੈਲ ਤੱਕ ਚੋਣ ਖਰਚ ਦਾ ਲੇਖਾ-ਜੋਖਾ ਕਰਵਾਉਣ ਜਮ੍ਹਾ : ਡੀ. ਸੀ.

Tuesday, Mar 29, 2022 - 03:41 PM (IST)

ਚੋਣ ਲੜਨ ਵਾਲੇ ਉਮੀਦਵਾਰ 9 ਅਪ੍ਰੈਲ ਤੱਕ ਚੋਣ ਖਰਚ ਦਾ ਲੇਖਾ-ਜੋਖਾ ਕਰਵਾਉਣ ਜਮ੍ਹਾ : ਡੀ. ਸੀ.

ਜਲੰਧਰ (ਚੋਪੜਾ)–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅੱਜ ਜ਼ਿਲ੍ਹੇ ’ਚ ਿਵਧਾਨ ਸਭਾ ਚੋਣਾਂ 2022 ਲੜਨ ਵਾਲੇ ਜ਼ਿਲ੍ਹੇ ਦੇ ਸਾਰੇ ਉਮੀਦਵਾਰਾਂ ਨੂੰ ਆਪਣੇ ਚੋਣ ਖਰਚ ਦਾ ਮੁਕੰਮਲ ਅਤੇ ਦਰੁੱਸਤ ਲੇਖਾ-ਜੋਖਾ 9 ਅਪ੍ਰੈਲ ਤੱਕ ਜ਼ਿਲ੍ਹਾ ਚੋਣ ਦਫ਼ਤਰ ’ਚ ਜਮ੍ਹਾ ਕਰਵਾਉਣ ਲਈ ਕਿਹਾ। ਘਨਸ਼ਾਮ ਥੋਰੀ ਨੇ ਕਿਹਾ ਕਿ ਅਜਿਹਾ ਨਾ ਕਰਨ ’ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਸਬੰਧਤ ਉਮੀਦਵਾਰ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਦਾਖਲ ਕਰਨ ਸਮੇਂ ਚੋਣ ਖਰਚ ਦਾ ਲੇਖਾ-ਜੋਖਾ ਰੱਖਣ ਲਈ ਨਿਰਧਾਰਿਤ ਰਜਿਸਟਰ ਜਾਰੀ ਕਰਨ ਤੋਂ ਇਲਾਵਾ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਲੋੜੀਂਦੀ ਜਾਣਕਾਰੀ ਤੇ ਸਿਖਲਾਈ ਵੀ ਦਿੱਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨ-ਪ੍ਰਤੀਨਿਧੀ ਐਕਟ 1951 ਦੀ ਧਾਰਾ 78 ਅਧੀਨ ਸਾਰੇ ਉਮੀਦਵਾਰ ਉਕਤ ਖਰਚਾ ਰਜਿਸਟਰ ਵਿਚ ਆਪਣੇ-ਆਪਣੇ ਚੋਣ ਖਰਚ ਦਾ ਪੂਰਾ ਅਤੇ ਸਹੀ ਹਿਸਾਬ-ਕਿਤਾਬ ਸਮੇਤ ਜ਼ਰੂਰੀ ਦਸਤਾਵੇਜ਼ ਚੋਣ ਨਤੀਜਿਆਂ ਦੇ ਐਲਾਨ ਤੋਂ 30 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਜਮ੍ਹਾ ਕਰਵਾਉਣ ਲਈ ਪਾਬੰਦ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਦੀ ਉਲੰਘਣਾ ਆਈ. ਪੀ. ਸੀ. 1860 ਦੀ ਧਾਰਾ 171-1 ਅਧੀਨ ਸਜ਼ਾਯੋਗ ਹੈ। ਚੋਣ ਖਰਚ ਦਾ ਲੇਖਾ-ਜੋਖਾ ਰੱਖਣ ’ਚ ਅਸਫਲ ਹੋਣ ਜਾਂ ਸਹੀ ਲੇਖਾ-ਜੋਖਾ ਪੇਸ਼ ਨਾ ਕਰਨ ਜਾਂ ਸਮੇਂ ’ਤੇ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਜਮ੍ਹਾ ਨਾ ਕਰਵਾਉਣ ’ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਬੰਧਤ ਉਮੀਦਵਾਰ ਨੂੰ ਜਨ-ਪ੍ਰਤੀਨਿਧੀ ਐਕਟ 1951 ਦੀ ਧਾਰਾ 10-ਏ ਅਧੀਨ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਚੋਣ ਕਮਿਸ਼ਨ ਵੱਲੋਂ ਕਰਵਾਏ ਵਰਚੁਅਲ ਸਿਖਲਾਈ ਸੈਸ਼ਨ ’ਚ ਹਿੱਸਾ ਲਿਆ। ਇਸ ਦੌਰਾਨ ਡੀ. ਈ. ਓਜ਼ ਸਕਰੂਟਨੀ ਰਿਪੋਰਟ ਤਿਆਰ ਕਰਨ ਲਈ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ।

ਬਾਵਾ ਹੈਨਰੀ ਨੇ ਸਭ ਤੋਂ ਵੱਧ 25,11,795 ਅਤੇ ਵਿਕਰਮਜੀਤ ਚੌਧਰੀ ਨੇ ਸਭ ਤੋਂ ਘੱਟ 1015849 ਰੁਪਏ ਖਰਚ ਦਾ ਦਿੱਤਾ ਹਿਸਾਬ
ਜਲੰਧਰ ਨਾਰਥ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਾਵਾ ਹੈਨਰੀ ਵੱਲੋਂ ਚੋਣ ’ਤੇ ਸਭ ਤੋਂ ਵੱਧ 25,11,795 ਰੁਪਏ ਖਰਚ ਕੀਤਾ ਗਿਆ। ਇਸੇ ਤਰ੍ਹਾਂ ਜਲੰਧਰ ਸੈਂਟਰਲ ਤੋਂ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਨੇ 19,64,007 ਅਤੇ ਜਲੰਧਰ ਵੈਸਟ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਨੇ 19,26,013 ਰੁਪਏ ਖਰਚ ਕੀਤੇ, ਜਦਕਿ ਹਲਕਾ ਆਦਮਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਵਨ ਟੀਨੂੰ ਨੇ 15,59,449, ਜਲੰਧਰ ਕੈਂਟ ਤੋਂ ਭਾਜਪਾ ਦੇ ਸਰਬਜੀਤ ਮੱਕੜ ਨੇ 15,10,019, ਸ਼ਾਹਕੋਟ ਤੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ 14,80,027, ਕਰਤਾਰਪੁਰ ਤੋਂ ਕਾਂਗਰਸ ਦੇ ਚੌਧਰੀ ਸੁਰਿੰਦਰ ਸਿੰਘ ਨੇ 14,53,638, ਨਕੋਦਰ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ 13,15,454 ਅਤੇ ਫਿਲੌਰ ਤੋਂ ਕਾਂਗਰਸ ਦੇ ਵਿਕਰਮਜੀਤ ਚੌਧਰੀ ਨੇ 10,15,849 ਰੁਪਏ ਖਰਚ ਕਰਨ ਦਾ ਹਿਸਾਬ ਦਿੱਤਾ।


author

Manoj

Content Editor

Related News