ਰਿਸ਼ਵਤ ਲੈਣ ਦੇ ਦੋਸ਼ ’ਚ ਮੰਡੀ ਸੁਪਰਵਾਈਜ਼ਰ ਨੂੰ ਮਿਲੀ ਕੈਦ ਦੀ ਸਜ਼ਾ

10/19/2018 1:28:39 AM

ਹੁਸ਼ਿਆਰਪੁਰ,  (ਅਮਰਿੰਦਰ)-  ਫ਼ਰਵਰੀ 2015 ਨੂੰ 40 ਹਜ਼ਾਰ ਰਿਸ਼ਵਤ ਲੈਣ  ਦੌਰਾਨ ਵਿਜੀਲੈਂਸ ਟੀਮ ਜਲੰਧਰ ਦੇ ਹੱਥ ਰੰਗੇ ਹੱਥੀਂ ਕਾਬੂ ਦੋਸ਼ੀ ਮੰਡੀ ਸੁਪਰਵਾੲੀਜ਼ਰ ਜਗਰੂਪ 
ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪੁਰਹੀਰਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅੱਜ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਆਰ.ਕੇ.ਜੈਨ ਦੀ ਅਦਾਲਤ ਨੇ 3 ਸਾਲ ਦੀ ਕੈਦ ਦੇ ਨਾਲ-ਨਾਲ 25 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਨਕਦ ਜੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀ ਨੂੰ 5 ਮਹੀਨੇ ਹੋਰ ਕੈਦ ਦੀ ਸਜ਼ਾ ਕੱਟਣੀ ਹੋਵੇਗੀ।
ਕਿਸ ਤਰ੍ਹਾਂ ਚੜ੍ਹਿਆ ਸੀ ਵਿਜੀਲੈਂਸ ਦੇ ਹੱਥ ਮੰਡੀ ਸੁਪਰਵਾੲੀਜ਼ਰ
ਵਰਣਨਯੋਗ ਹੈ ਕਿ ਪੰਡੋਰੀ ਬੀਬੀ ਪਿੰਡ ਦੇ ਰਹਿਣ ਵਾਲੇ ਮੱਖਣ ਸਿੰਘ ਪੁੱਤਰ ਪਿਆਰਾ ਸਿੰਘ ਨੇ ਵਿਜੀਲੈਂਸ ਵਿਭਾਗ ਜਲੰਧਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ’ਚ ਮੱਖਣ ਸਿੰਘ ਨੇ ਕਿਹਾ ਕਿ ਉਹ ਮੰਡੀ ’ਚ ਰੇਹਡ਼ੀਆਂ ਦਾ ਠੇਕਾ ਲੈਂਦਾ ਹੈ। ਰੇਹਡ਼ੀ ਵਾਲਿਆਂ ਨੇ ਮੰਡੀ ਅਧਿਕਾਰੀ ਨੂੰ ਸ਼ਿਕਾਇਤ ਕਰ ਦਿੱਤੀ ਕਿ ਉਹ ਰੇਹਡ਼ੀ ਵਾਲਿਆਂ ਤੋਂ ਜ਼ਿਆਦਾ ਪੈਸੇ ਵਸੂਲ ਕਰਦਾ ਹੈ। ਮੰਡੀ ਅਧਿਕਾਰੀ ਨੇ ਮੰਡੀ ਸੁਪਰਵਾੲੀਜ਼ਰ ਜਗਰੂਪ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪੁਰਹੀਰਾਂ ਨੂੰ ਮਾਮਲੇ ਦੀ ਜਾਂਚ ਸੌਂਪੀ। ਇਸੇ ਦੌਰਾਨ ਜਗਰੂਪ ਸਿੰਘ ਨੇ ਮੇਰੇ ਦਫ਼ਤਰ ’ਚ ਪਹੁੰਚ ਕੇ ਕਿਹਾ ਕਿ ਉਹ 70 ਹਜ਼ਾਰ ਰੁਪਏ ਦੇਵੇ ਨਹੀਂ ਤਾਂ ਠੇਕਾ ਕੈਂਸਲ ਕਰਵਾ ਦੇਵੇਗਾ। ਬਾਅਦ ’ਚ ਸੌਦਾ 40 ਹਜ਼ਾਰ ਰੁਪਏ ’ਚ ਹੋਣ ’ਤੇ ਉਸ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰ ਦਿੱਤੀ।

12 ਫ਼ਰਵਰੀ ਨੂੰ 500-500 ਦੇ 80 ਨੋਟਾਂ ਸਮੇਤ ਹੋਇਆ ਸੀ ਰੰਗੇ ਹੱਥੀਂ ਕਾਬੂ
ਵਿਜੀਲੈਂਸ ਵਿਭਾਗ ਦੀ ਟੀਮ ਨੇ ਮੱਖਣ ਸਿੰਘ ਨੂੰ 500-500 ਦੇ 80 ਨੋਟ ਸੌਂਪੇ  ਤੇ ਇਹ ਰਕਮ ਮੰਡੀ ਸੁਪਰਵਾੲੀਜ਼ਰ ਦੇ ਹੱਥ ’ਚ ਦੇਣ ਦੇ ਨਿਰਦੇਸ਼ ਦਿੱਤੇ। 12 ਫ਼ਰਵਰੀ 2015 ਨੂੰ ਮੱਖਣ ਸਿੰਘ ਨੇ ਜਿਉਂ ਹੀ ਦੋਸ਼ੀ ਮੰਡੀ ਸੁਪਰਵਾੲੀਜ਼ਰ ਨੂੰ 40 ਹਜ਼ਾਰ ਰੁਪਏ ਰਿਸ਼ਵਤ ਦਿੱਤੀ ਤਾਂ ਪਹਿਲਾਂ ਤੋਂ ਹੀ ਘਾਤ ਲਾੲੀ ਬੈਠੇ ਵਿਜੀਲੈਂਸ ਟੀਮ ਨੇ ਜਗਰੂਪ ਸਿੰਘ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕੀਤਾ ਸੀ।


Related News