ਫਗਵਾੜਾ: 5ਵੀਂ ਦੇ ਵਿਦਿਆਰਥੀ ਦੀ ਹੁਸ਼ਿਆਰੀ ਨਾਲ ਕਿਡਨੈਪਰ ਪਹੁੰਚੇ ਜੇਲ
Wednesday, Jul 31, 2019 - 11:52 AM (IST)

ਜਲੰਧਰ/ਫਗਵਾੜਾ (ਸੋਨੂੰ)— ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰੋਜ਼ਾਨਾ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ। ਅਜੇ ਪਟਿਆਲਾ 'ਚ ਅਗਵਾ ਕੀਤੇ ਗਏ ਦੋ ਬੱਚਿਆਂ ਦੇ ਬਾਰੇ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਹੈ, ਉਥੇ ਹੀ ਹੁਣ ਇਕ ਹੋਰ ਮਾਮਲਾ ਫਗਵਾੜਾ 'ਚੋਂ ਸਾਹਮਣੇ ਆ ਗਿਆ ਹੈ। ਫਗਵਾੜਾ 'ਚ 5ਵੀਂ ਜਮਾਤ ਦੇ ਬੱਚੇ ਨੂੰ ਕਾਰ ਸਵਾਰ ਨੌਜਵਾਨਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਦੇ ਨਾਲ ਲੱਗਦੇ ਅਕਾਲਗੜ 'ਚ ਬੀਤੀ ਦਿਨ 5ਵੀਂ ਕਲਾਸ ਦਾ ਲੜਕਾ ਸਕੂਲ ਤੋਂ ਛੁੱਟੀ ਕਰਕੇ ਘਰ ਵਾਪਸ ਆ ਰਿਹਾ ਸੀ ਕਿ ਕਾਰ ਸਵਾਰ ਨੌਜਵਾਨਾਂ ਨੇ ਟੋਫੀਆਂ ਦਾ ਲਾਲਚ ਦੇ ਕੇ ਕਾਰ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਲੜਕਾ ਭੱਜਣ ਲੱਗਾ ਅਤੇ ਲੜਕੇ ਨੂੰ ਭੱਜਦੇ ਦੇਖ ਇਕ ਮਹਿਲਾ ਨੇ ਦੇਖ ਲਿਆ ਅਤੇ ਰੌਲਾ ਪਾ ਦਿੱਤਾ। ਬੱਚੇ ਦਾ ਰੌਲਾ ਸੁਣ ਕੇ ਨੇੜੇ ਦੇ ਲੋਕਾਂ ਨੇ ਕਾਰ ਸਵਾਰ ਚਾਰੋਂ ਨੌਜਵਾਨਾਂ ਨੂੰ ਘੇਰਿਆ ਅਤੇ ਥਾਣਾ ਸਦਰ ਦੀ ਪੁਲਸ ਨੂੰ ਮੌਕੇ 'ਤੇ ਬੁਲਾ ਕੇ ਚਾਰੋਂ ਦੋਸ਼ੀਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਪ੍ਰਮਾਰ ਨੇ ਦੱਸਿਆ ਕਿ ਉਹ ਸਾਈਕਲ 'ਤੇ ਸਕੂਲ ਤੋਂ ਘਰ ਆ ਰਿਹਾ ਸੀ ਕਿ ਗੱਡੀ 'ਚੋਂ ਇਕ ਵਿਅਕਤੀ ਨਿਕਲਿਆ ਅਤੇ ਉਸ ਨੂੰ ਟੋਫੀ ਦੇਣ ਲੱਗਾ, ਜਿਸ ਨੂੰ ਲੈਣ ਤੋਂ ਉਸ ਨੇ ਮਨ੍ਹਾ ਕਰ ਦਿੱਤਾ। ਫਿਰ ਜਦੋਂ ਉਹ ਉਥੋਂ ਭੱਜਣ ਲੱਗਾ ਤਾਂ ਉਕਤ ਵਿਅਕਤੀ ਨੇ ਚਿੱਟਾ ਕਪੜਾ ਲੈ ਕੇ ਉਸ ਦਾ ਪਿੱਛਾ ਕੀਤਾ। ਬੱਚੇ ਮੁਤਾਬਕ ਉਸ ਨੇ ਮੋਟਰ 'ਤੇ ਲੁੱਕ ਕੇ ਆਪਣੀ ਜਾਨ ਬਚਾਈ ਅਤੇ ਰੌਲਾ ਪਾ ਕੇ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ। ਬੱਚੇ ਦੀ ਹੁਸ਼ਿਆਰੀ ਨਾਲ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਚਾਰੇ ਦੋਸ਼ੀਆਂ ਨੂੰ ਪੁਲਸ ਹਵਾਲੇ ਕਰ ਦਿੱਤਾ ਹੈ। ਫੜੇ ਗਏ ਨੌਜਵਾਨਾਂ ਦੀ ਪਛਾਣ ਦਿਲਸ਼ਾਹ ਖਾਨ, ਖਲੀਫ, ਆਲਿਫ ਅਤੇ ਰਜਬਾਨ ਦੇ ਰੂਪ 'ਚ ਹੋਈ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬਾਹਰ ਤੋਂ ਆ ਕੇ ਲੋਕ ਪੰਜਾਬ 'ਚ ਸਾਮਾਨ ਵੇਚਣ ਦੀ ਆੜ 'ਚ ਅਜਿਹੇ ਘਿਨਾਉਣੇ ਕੰਮ ਕਰਦੇ ਹਨ ਪਰ ਪੁਲਸ ਦੇ ਕੋਲ ਨਾ ਇਨ੍ਹਾਂ ਲੋਕਾਂ ਦਾ ਕੋਈ ਡਾਟਾ ਹੈ ਅਤੇ ਨਾ ਹੀ ਕਿਰਾਏਦਾਰ ਦੀ ਲਿਸਟ। ਇਸੇ ਕਰਕੇ ਇਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਹਿਰ ਬਦਲ ਕੇ ਅਗਲੇ ਸ਼ਹਿਰ ਚਲੇ ਜਾਂਦੇ ਹਨ। ਫਿਰ ਪੁਲਸ ਜਾਂਚ 'ਚ ਜੁਟੀ ਰਹਿੰਦੀ ਹੈ। ਫਗਵਾੜਾ ਸ਼ਹਿਰ 'ਚ ਕਈ ਅਜਿਹੇ ਮਾਮਲੇ ਹਨ ਜੋ ਅਜੇ ਤੱਕ ਅਣਸੁਲਝੇ ਹਨ। ਪੁਲਸ ਨੂੰ ਚਾਹੀਦਾ ਹੈ ਕਿ ਜਿਹੜੇ ਕਿਰਾਏਦਾਰਾਂ ਨੇ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਹੈ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।