ਮਾਤਾ-ਪਿਤਾ ਦੀ ਬਰਸੀ ''ਤੇ ਏ.ਐੱਸ.ਆਈ. ਨੇ ਲਾਇਆ ਖ਼ੂਨਦਾਨ ਦਾ ਕੈਂਪ
Saturday, Jun 06, 2020 - 06:10 PM (IST)
ਰੂਪਨਗਰ (ਸੱਜਣ ਸੈਣੀ)— ਰੂਪਨਗਰ ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਸੁਗਰੀਵ ਚੰਦ ਨੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦੇ ਹੋਏ ਆਪਣੇ ਮਾਤਾ-ਪਿਤਾ ਦੀ 8ਵੀਂ ਬਰਸੀ ਖ਼ੂਨਦਾਨ ਕੈਂਪ ਲਗਾ ਕੇ ਮਨਾਈ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਵੱਲੋਂ ਕੀਤਾ ਗਿਆ ।
ਇਸ ਖ਼ੂਨਦਾਨ ਕੈਂਪ ਦੌਰਾਨ ਰੋਟਰੀ ਕਲੱਬ ਚੰਡੀਗੜ੍ਹ ਦੀ ਟੀਮ ਵੱਲੋਂ 55 ਯੂਨਿਟ ਖੂਨਦਾਨ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਵੱਲੋਂ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ।
ਗੁਰਦਰ ਹੈਡ ਦਰਬਾਰ ਕੋਟ ਪੁਰਾਣ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਗਰੀਵ ਚੰਦ ਵੱਲੋਂ ਜੋ ਆਪਣੇ ਮਾਤਾ-ਪਿਤਾ ਦੀ ਬਰਸੀ 'ਤੇ ਖ਼ੂਨਦਾਨ ਕੈਂਪ ਲਗਾ ਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਹੈ, ਉਹ ਵਾਕਿਆ ਹੀ ਕਾਬਲੇ ਤਾਰੀਫ਼ ਹੈ ਅਤੇ ਸਾਨੂੰ ਸਭ ਨੂੰ ਲੋੜ ਹੈ, ਅਜਿਹੇ ਸਮਾਜ ਸੇਵੀ ਵਿਅਕਤੀਆਂ ਤੋਂ ਸੇਧ ਲੈਣ ਦੀ। ਏ. ਐੱਸ. ਆਈ. ਵੱਲੋਂ ਇਸ ਕੀਤੇ ਉਪਰਾਲੇ ਦੀ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਵੱਲੋਂ ਵੀ ਸ਼ਲਾਘਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਅੱਜ ਅਸੀਂ ਲੋਕ ਵਿਖਾਵੇ ਲਈ ਆਪਣੇ ਵੱਡੇ ਵਡੇਰਿਆਂ ਦੀਆਂ ਬਰਸੀਆਂ 'ਤੇ ਲੱਖਾਂ ਰੁਪਏ ਖ਼ਰਚ ਕਰਕੇ ਵੱਡੇ-ਵੱਡੇ ਸਮਾਗਮ ਤਾਂ ਕਰਦੇ ਹਾਂ ਪਰ ਮਨੁੱਖਤਾ ਦੀ ਸੇਵਾ ਨੂੰ ਹਮੇਸ਼ਾ ਭੁੱਲ ਜਾਂਦੇ ਹਾਂ। ਸੋ ਲੋੜ ਹੈ ਸਾਨੂੰ ਵੀ ਇਸ ਪੁਲਸ ਦੇ ਏ. ਐੱਸ. ਆਈ. ਤੋਂ ਸੇਧ ਲੈਣ ਦੀ ਅਤੇ ਮਨੁੱਖਤਾ ਦੀ ਸੇਵਾ ਲਈ ਅਜਿਹੇ ਉਪਰਾਲੇ ਕਰਨ ਦੀ।