ਜਾਅਲੀ ਮਾਈਨਿੰਗ ਪਰਚੀਆਂ ਛਾਪ ਕੇ ਸਰਕਾਰ ਨੂੰ ਚੂਨਾ ਲਾਉਣ ਵਾਲਿਆਂ ਦਾ ਨਾਂ ਜਨਤਕ ਕਿਉਂ ਨਹੀਂ ਕਰ ਰਹੀ ਪੁਲਸ
Friday, Aug 25, 2023 - 02:20 PM (IST)

ਰੂਪਨਗਰ/ਰੋਪੜ- ਭਾਜਪਾ ਦੀ ਹਲਕਾ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਰੋਪੜ ਪ੍ਰੈੱਸ ਕਲੰਬ ਵਿਖੇ ਪੱਤਰਕਾਰ ਸੰਮੇਲਨ ਕਰਕੇ ਜਾਅਲੀ ਮਾਈਨਿੰਗ ਪਰਚੀਆਂ ਦੇ ਘਪਲੇ ਬਾਰੇ ਪੁਲਸ ਅਤੇ ਮਾਈਨਿੰਗ ਵਿਭਾਗ ਦੇ ਸਰਕਾਰੀ ਖਜ਼ਾਨੇ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲਿਆਂ ਨੂੰ ਬਚਾਉਣ ਦੇ ਇਲਜ਼ਾਮ ਲਾਏ ਹਨ। ਮਸਲੇ 'ਤੇ ਚਾਣਨ ਪਾਉਂਦੇ ਨਿਮਿਸ਼ਾ ਨੇ ਦੱਸਿਆ ਕਿ ਗੜ੍ਹਸ਼ੰਕਰ ਮਾਈਨਿੰਗ ਪੋਸਟ ਦੀਆਂ ਜਾਅਲੀ ਰਾਇਲਿਟੀ ਪਰਚੀਆਂ ਬਣਾ ਕੇ ਨੰਗਲ ਦੇ ਕੁਝ ਸਟੋਨ ਕਰੈਸ਼ਰ ਨੂੰ ਵੇਚੀਆਂ ਗਈਆਂ, ਜੋ ਸ਼ੱਕ ਪੈਣ 'ਤੇ ਜਦੋਂ ਮਾਈਨਿੰਗ ਵਿਭਾਗ ਵੱਲੋਂ ਚੈੱਕ ਕਰਵਾਈਆਂ ਗਈਆਂ ਤਾਂ ਸਾਹਮਣੇ ਆਇਆ ਕਿ ਪਰਚੀਆਂ ਜਾਅਲੀ ਹਨ।
ਭਾਜਪਾ ਆਗੂ ਨੇ ਥਾਣਾ ਨੰਗਲ ਵਿਖੇ 20 ਜੁਲਾਈ 2023 ਅਤੇ 11 ਅਗਸਤ 2023 ਨੂੰ ਦਰਜ ਹੋਈਆਂ ਐੱਫ਼. ਆਈ. ਆਰ. ਵਿਖਾਉਂਦੇ ਕਿਹਾ ਕਿ ਪਰਚਾ ਦਰਜ ਹੋਏ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਪੁਲਸ ਅਤੇ ਮਾਈਨਿੰਗ ਵਿਭਾਗ ਜਾਅਲੀ ਪਰਚੀਆਂ ਛਾਪ ਕੇ ਸਰਕਾਰ ਦੀ ਕਰੋੜਾਂ ਰੁਪਏ ਰਾਇਲਿਟੀ ਦੇ ਨਾਂ 'ਤੇ ਹੋਣ ਵਾਲੀ ਆਮਦਨ ਹੜੱਪ ਕਰਨ ਵਾਲੇ ਬੰਦਿਆਂ ਨੂੰ ਅਜੇ ਤੱਕ ਨਹੀਂ ਫੜ ਸਕੀ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹੁਣ ਤੱਕ ਪਹਿਲੀ ਐੱਫ਼. ਆਈ. ਆਰ. ਵਿਚ ਸਿਰਫ਼ ਇਕ ਬੰਦੇ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 11 ਅਗਸਤ 23 ਨੂੰ ਹੋਈ ਐੱਫ਼. ਆਈ. ਆਰ. ਬੇਨਾਮੀ ਹੀ ਕੀਤੀ ਗਈ ਹੈ। ਭਾਜਪਾ ਆਗੂ ਨੇ ਸਵਾਲ ਕਰਦੇ ਹੋਏ ਕਿਹਾ ਕਿ ਪੁਲਸ ਵਿਭਾਗ ਸਪਸ਼ਟ ਕਰੇ ਕਿ ਸਟੋਨ ਕਰੈਸ਼ਰਾਂ ਨੂੰ ਇਨ੍ਹਾਂ ਨਕਲੀ ਪਰਚੀਆਂ ਦੀ ਵਰਖਾ ਕਿ ਅਸਮਾਨ ਵਿਚੋਂ ਹੋਈ ਸੀ, ਜੋ ਪੁਲਸ ਬੰਦੇ ਨਾਮਜ਼ਦ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ ਪਰ ਪੁਲਸ ਵਿਭਾਗ ਨੇ ਸਿਰਫ਼ ਦੋ ਸਟੋਨ ਕਰੈਸ਼ਰਾਂ 'ਤੇ ਫੋਕਾ ਜਿਹਾ ਪਰਚਾ ਦੇ ਕੇ ਪੱਲਾ ਝਾੜਨ ਦੀ ਹੁਸ਼ਿਆਰੀ ਕੀਤੀ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੋਪੜ ਪੁਲਸ ਆਪ ਇਸ ਘਪਲੇ ਵਿਚ ਹਿੱਸੇਦਾਰ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਕੰਮ ਤੋਂ ਘਰ ਜਾ ਰਹੀ ਔਰਤ ਨਾਲ ਦੇਰ ਰਾਤ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਵੀ ਨਹੀਂ ਸੀ
ਨਿਮਿਸ਼ਾ ਮਹਿਤਾ ਨੇ ਇਹ ਦੱਸਿਆ ਕਿ ਸਟੋਨ ਕਰੈਸ਼ਰ ਵੱਲੋਂ ਹਰ ਮਹੀਨੇ ਰਿਟਰਨ ਫਾਈਲ ਹੋਣੀ ਹੁੰਦੀ ਹੈ ਅਤੇ ਹਰ ਮਹੀਨੇ ਹੀ ਵਿਭਾਗ ਵੱਲੋਂ ਪਰਚੀਆਂ ਚੈੱਕ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਅਤੇ ਜਾਅਲੀ ਪਰਚੀਆਂ ਦਾ ਇਹ ਘਪਲਾ ਫਰਵਰੀ 2023 ਤੋਂ ਚੱਲ ਰਿਹਾ ਹੈ ਪਰ ਆਪਣੀ ਨਾਲਾਇਕੀ ਨੂੰ ਲੁਕਾਉਣ ਲਈ ਜ਼ਿਲ੍ਹਾ ਰੋਪੜ ਦੇ ਮਾਈਨਿੰਗ ਵਿਭਾਗ ਦੇ ਅਫ਼ਸਰ ਇਸ ਘਪਲੇ 'ਤੇ ਚੁੱਪੀ ਧਾਰ ਕੇ ਬੈਠੇ ਹਨ ਅਤੇ ਪੁਲਸ ਵਿਭਾਗ ਵੀ ਇਸ ਮਸਲੇ ਨੂੰ ਦਬਾਉਣ ਦੀ ਹੀ ਕੋਸ਼ਿਸ਼ ਕਰ ਰਿਹਾ ਹੈ। ਭਾਜਪਾ ਆਗੂ ਨੇ ਕਿਹਾ ਕਿ ਰੋਪੜ ਪੁਲਸ ਸਪਸ਼ਟ ਕਰੇ ਕਿ ਇਹ ਪਰਚੀਆਂ ਜੋ ਮਾਈਨਿੰਗ ਦੀ ਚੈੱਕ ਪੋਸਟ ਗੜ੍ਹਸ਼ੰਕਰ ਤੋਂ ਵਿਕੀਆਂ, ਮਾਈਨਿੰਗ ਵਿਭਾਗ ਦੇ ਅਫ਼ਸਰਾਂ ਵੱਲੋਂ ਹੀ ਛਾਪੀਆਂ ਗਈਆਂ ਸਨ ਜਾਂ ਕਿਸੇ ਹੋਰ ਵੱਲੋਂ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਂਝ ਤਾਂ ਗੜ੍ਹਸ਼ੰਕਰ ਦਾ ਬੱਚਾ-ਬੱਚਾ ਜਾਣਦਾ ਹੈ ਕਿ ਜਾਅਲੀ ਪਰਚੀਆਂ ਦਾ ਇਹ ਕੰਮ ਗੜ੍ਹਸ਼ੰਕਰ ਦੇ ਸੱਤਾਧਾਰੀ ਧਿਰ ਦੇ ਕਿਹੜੇ ਨੇਤਾ ਦੇ ਇਸ਼ਾਰੇ 'ਤੇ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਹੀ ਕਰਵਾਇਆ ਗਿਆ ਹੈ। ਇਹੀ ਕਾਰਨ ਹੈ ਕਿ ਉਸ ਦੇ ਦਬਾਅ ਹੇਠ ਕਰੈਸ਼ਰ ਮਾਲਕਾਂ ਨੂੰ ਨਹੀਂ ਫੜਿਆ ਜਾ ਰਿਹਾ ਅਤੇ ਪੁੱਛਗਿੱਛ ਨਹੀਂ ਕੀਤੀ ਜਾ ਰਹੀ ਕਿਉਂਕਿ ਜੇਕਰ ਪੁੱਛਗਿੱਛ ਸ਼ੁਰੂ ਹੋ ਗਈ ਤਾਂ ਆਮ ਆਦਮੀ ਪਾਰਟੀ ਦੇ ਠੱਗ ਨੇਤਾਵਾਂ ਦੀ ਪੋਲ ਖੁੱਲ੍ਹ ਜਾਵੇਗੀ। ਉਨ੍ਹਾਂ ਕਿਹਾ ਕਿ ਰੋਪੜ ਪੁਲਸ ਭੁੱਲ ਜਾਵੇ ਕਿ ਉਹ ਇਹ ਮਾਮਲਾ ਦਬਾ ਲਵੇਗੀ।
ਇਸ ਘਪਲੇ ਰਾਹੀਂ ਸਰਕਾਰ ਦੇ ਖਜ਼ਾਨੇ ਨਾਲ ਕਰੋੜਾਂ ਰੁਪਏ ਦੀ ਠੱਗੀ ਹੋਈ ਹੈ। ਜੇਕਰ ਇਕ ਹਫ਼ਤੇ ਅੰਦਰ ਰੋਪੜ ਪੁਲਸ ਨੇ ਜਾਅਲੀ ਮਾਈਨਿੰਗ ਪਰਚੀਆਂ ਵੇਚਣ ਵਾਲੇ ਫੜ ਕੇ ਅੰਦਰ ਨਾ ਦਿੱਤੇ ਤਾਂ ਮਾਈਨਿੰਗ ਅਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਖਜ਼ਾਨੇ ਨਾਲ ਠੱਗੀ ਕਰਵਾਉਣ ਦੇ ਨਤੀਜੇ ਭੁਗਤਣੇ ਪੈਣਗੇ ਫਿਰ ਭਾਵੇਂ ਇਸ ਲਈ ਉਨ੍ਹਾਂ ਨੂੰ ਕੇਂਦਰ ਦੀ ਵਾਤਾਵਰਣ ਅਤੇ ਸੀ .ਬੀ. ਆਈ. ਵਿਭਾਗ ਤੱਕ ਪਹੁੰਚ ਕਿਉਂ ਨਾ ਕਰਨੀ ਪਵੇ।
ਇਹ ਵੀ ਪੜ੍ਹੋ- ਮਾਂ-ਪੁੱਤ ਦਾ ਕਾਰਾ ਕਰੇਗਾ ਹੈਰਾਨ, ਇੰਝ ਚਲਾਉਂਦੇ ਰਹੇ ਜਲੰਧਰ ਵਿਚ ਕਾਲਾ ਕਾਰੋਬਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ