ਭਾਜਪਾ ਆਗੂ ਨੇ ਸਾਊਦੀ ਅਰਬ ''ਚ ਫਸੇ 40 ਪੰਜਾਬੀਆਂ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ
Sunday, Sep 15, 2019 - 11:39 AM (IST)

ਜਲੰਧਰ (ਸੁਨੀਲ)— ਸਾਊਦੀ ਅਰਬ 'ਚ ਰੋਜ਼ਗਾਰ ਲਈ ਗਏ ਭਾਰਤੀ ਨੌਜਵਾਨਾਂ ਨਾਲ ਸਾਊਦੀ ਅਰਬ ਦੀਆਂ ਕੰਪਨੀਆਂ ਧੋਖਾ ਕਰ ਰਹੀਆਂ ਹਨ ਅਤੇ ਵਿਦੇਸ਼ ਗਏ ਨੌਜਵਾਨਾਂ ਨੂੰ ਨਰਕ ਵਾਲਾ ਜੀਵਨ ਜਿਊਣ 'ਤੇ ਮਜਬੂਰ ਕਰ ਰਹੀਆਂ ਹਨ। ਮੌਜੂਦਾ ਸਮੇਂ 'ਚ 40 ਪੰਜਾਬੀ ਨੌਜਵਾਨ ਕੰਪਨੀਆਂ ਅਤੇ ਫਰਜ਼ੀ ਏਜੰਟਾਂ ਦੇ ਚੱਕਰ 'ਚ ਫਸ ਚੁੱਕੇ ਹਨ ਅਤੇ ਹੁਣ ਸੋਸ਼ਲ ਮੀਡੀਆ ਰਾਹੀਂ ਆਪਣੀ ਜੀਵਨ ਰੱਖਿਆ ਦੀ ਗੁਹਾਰ ਲਗਾ ਰਹੇ ਹਨ। ਉਥੇ ਹੀ ਇਕ ਸਮਾਜਿਕ ਸੰਸਥਾ ਵੱਲੋਂ ਇਹ ਮਾਮਲਾ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਸੂਬਾ ਸਕੱਤਰ ਐਡਵੋਕੇਟ ਹਨੀ ਕੰਬੋਜ ਦੇ ਧਿਆਨ 'ਚ ਲਿਆਂਦਾ ਗਿਆ, ਜਿਸ 'ਤੇ ਉਨ੍ਹਾਂ ਨੇ ਪੀੜਤ ਲੋਕਾਂ ਦੀ ਸਹਾਇਤਾ ਲਈ ਮਾਮਲਾ ਕੇਂਦਰ ਸਰਕਾਰ ਸਾਹਮਣੇ ਉਠਾਇਆ ਹੈ। ਇਸ ਤੋਂ ਬਾਅਦ ਵਿਦੇਸ਼ ਮੰਤਰਾਲਾ ਨੇ ਐਕਸ਼ਨ ਲਿਆ ਅਤੇ ਸਾਊਦੀ ਅਰਬ 'ਚ ਭਾਰਤੀ ਦੂਤਾਵਾਸ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।
ਉਥੇ ਹੀ ਇਸ ਤੋਂ ਬਾਅਦ ਸਾਊਦੀ ਅਰਬ ਸਥਿਤ ਭਾਰਤੀ ਦੂਤਾਵਾਸ ਵੱਲੋਂ ਟਵੀਟ ਕਰਕੇ ਭਾਜਪਾ ਆਗੂ ਹਨੀ ਕੰਬੋਜ ਨਾਲ ਸੰਪਰਕ ਕੀਤਾ ਗਿਆ ਅਤੇ ਫਸੇ ਹੋਏ ਨੌਜਵਾਨਾਂ ਦੇ ਬਾਰੇ ਜਾਣਕਾਰੀ ਮੰਗੀ ਗਈ ਹੈ, ਤਾਂ ਜੋ ਜਲਦੀ ਤੋਂ ਜਲਦੀ ਉਕਤ ਨੌਜਵਾਨਾਂ ਦੀ ਸਹਾਇਤਾ ਕੀਤੀ ਜਾ ਸਕੇ ।
ਇਸ ਸਬੰਧ 'ਚ ਹਨੀ ਨੇ ਕਿਹਾ ਕਿ ਫਸੇ ਹੋਏ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰ ਉਨ੍ਹਾਂ ਦੀ ਮਦਦ ਲਈ ਅਗਲੀ ਕਾਰਵਾਈ ਜਲਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨਾਲ ਸਾਊਦੀ ਅਰਬ ਦੀਆਂ ਕੰਪਨੀਆਂ ਦੀ ਮਨਮਾਨੀ ਨੂੰ ਰੋਕਣ ਲਈ ਕਦਮ ਉਠਾਉਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਪੰਜਾਬੀ ਨੌਜਵਾਨਾਂ ਨਾਲ ਧੱਕਾ ਨਾ ਹੋ ਸਕੇ।