ਫਗਵਾੜਾ ''ਚ ਗਊ ਤਸਕਰੀ ਦਾ ਵੱਡਾ ਭਾਂਡਾਫੋੜ: 3 ਗਾਵਾਂ ਸਣੇ 2 ਭਰਾ ਕਾਬੂ, ਸ਼ੂਗਰ ਮਿੱਲ ਚੌਕ ''ਤੇ ਹੋਇਆ ਭਾਰੀ ਹੰਗਾਮਾ

Friday, Jun 26, 2026 - 09:16 AM (IST)

ਫਗਵਾੜਾ ''ਚ ਗਊ ਤਸਕਰੀ ਦਾ ਵੱਡਾ ਭਾਂਡਾਫੋੜ: 3 ਗਾਵਾਂ ਸਣੇ 2 ਭਰਾ ਕਾਬੂ, ਸ਼ੂਗਰ ਮਿੱਲ ਚੌਕ ''ਤੇ ਹੋਇਆ ਭਾਰੀ ਹੰਗਾਮਾ

ਫਗਵਾੜਾ (ਜਲੋਟਾ) : ਫਗਵਾੜਾ ਵਿੱਚ ਕੌਮੀ ਰਾਜਮਾਰਗ ਨੰਬਰ 1 'ਤੇ ਸ਼ੂਗਰ ਮਿੱਲ ਚੌਕ 'ਤੇ ਉਸ ਸਮੇਂ ਭਾਰੀ ਹੰਗਾਮਾ ਅਤੇ ਤਣਾਅ ਦੀ ਸਥਿਤੀ ਪੈਦਾ ਹੋ ਗਈ, ਜਦੋਂ ਸੰਯੁਕਤ ਗਊ ਰਕਸ਼ਾ ਦਲ ਦੇ ਕਾਰਕੁਨਾਂ ਨੇ ਗੁਪਤ ਸੂਚਨਾ ਦੇ ਆਧਾਰ ''ਤੇ ਨਾਕਾਬੰਦੀ ਕਰਕੇ ਗਾਵਾਂ ਨਾਲ ਲੱਦੀ ਇੱਕ ਗੱਡੀ ਨੂੰ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ ਗਊ ਰਕਸ਼ਾ ਦਲ ਦੇ ਮੈਂਬਰਾਂ ਨੇ ਗੱਡੀ ਵਿੱਚ ਮੌਜੂਦ ਤਿੰਨ ਗਾਵਾਂ ਨੂੰ ਮੁਕਤ ਕਰਵਾਇਆ ਅਤੇ ਵਾਹਨ ਵਿੱਚ ਸਵਾਰ 2 ਸ਼ੱਕੀ ਵਿਅਕਤੀਆਂ ਨੂੰ ਫੜ ਕੇ ਤੁਰੰਤ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸ਼ੂਗਰ ਮਿੱਲ ਚੌਂਕ 'ਤੇ ਕਾਫੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਅਤੇ ਪੁਲਸ ਬਲ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਫਿਲਹਾਲ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਇਹਨਾਂ ਖਿਲਾਫ ਪੁਲਸ ਕੇਸ ਦਰਜ ਕਰ ਅਗਲੇਰੀ ਕਾਨੂੰਨੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸੰਯੁਕਤ ਗਊ ਰਕਸ਼ਾ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਕਰਵਲ ਸਮੇਤ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੂੰ ਪੁਖਤਾ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਇਕ ਡੇਅਰੀ ਖੇਤਰ ਤੋਂ ਇੱਕ ਸ਼ੱਕੀ ਗੱਡੀ ਬਿਨਾਂ ਦੁੱਧ ਦੇਣ ਵਾਲੀਆਂ ਯਾਨੀ ਫੰਡਰ ਗਾਵਾਂ ਨੂੰ ਲੱਦ ਕੇ ਨਿਕਲੀ ਹੈ। ਸੂਚਨਾ ਅਨੁਸਾਰ ਇਹਨਾਂ ਗਾਵਾਂ ਨੂੰ ਕਥਿਤ ਤੌਰ ''ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਸ਼ਮੀਰ ਜਾਂ ਹੋਰ ਖੇਤਰਾਂ ਵੱਲ ਲੈ ਕੇ ਜਾਣ ਦੀ ਯੋਜਨਾ ਸੀ। ਇਨਪੁਟ ਮਿਲਦੇ ਹੀ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਤੁਰੰਤ ਫਗਵਾੜਾ ਦੇ ਸਥਾਨਕ ਗਊ ਰੱਖਿਅਕਾਂ ਅਤੇ ਕਾਰਕੁਨਾਂ, ਜਿਨ੍ਹਾਂ ਵਿੱਚ ਦਵਿੰਦਰ ਅਤੇ ਇੰਦਰਜੀਤ ਕਰਵਲ ਸ਼ਾਮਲ ਹਨ, ਨੂੰ ਸਤਰਕ ਕੀਤਾ ਅਤੇ ਗੱਡੀ ਦੀ ਘੇਰਾਬੰਦੀ ਕਰਨ ਲਈ ਕਿਹਾ।

PunjabKesari

ਇਹ ਵੀ ਪੜ੍ਹੋ : ਲੁਧਿਆਣਾ 'ਚ ਪੁਲਸ ਕਸਟਡੀ 'ਚੋਂ ਮੁਲਜ਼ਮ ਫ਼ਰਾਰ, ਪੁਲਸ ਵਿਭਾਗ 'ਚ ਮਚਿਆ ਹੜਕੰਪ

ਫਗਵਾੜਾ ਵਿੱਚ ਮੌਜੂਦ ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ ਅਤੇ ਗਊ ਰਕਸ਼ਾ ਦਲ ਦੀ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਸ਼ੂਗਰ ਮਿੱਲ ਚੌਂਕ ਦੇ ਨੇੜੇ ਵਿਸ਼ੇਸ਼ ਨਾਕਾ ਲਗਾਇਆ। ਜਿਵੇਂ ਹੀ ਦੱਸੀ ਗਈ ਗੱਡੀ ਉੱਥੇ ਪਹੁੰਚੀ, ਇੰਦਰਜੀਤ ਕਰਵਲ ਅਤੇ ਹੋਰ ਕਾਰਕੁਨਾਂ ਨੇ ਉਸ ਨੂੰ ਚਾਰੋਂ ਪਾਸਿਆਂ ਤੋਂ ਘੇਰ ਕੇ ਰੋਕ ਲਿਆ। ਵਾਹਨ ਦੀ ਚੈਕਿੰਗ ਕਰਨ ''ਤੇ ਉਸ ਦੇ ਅੰਦਰ ਬੇਰਹਿਮੀ ਨਾਲ ਲੱਦੀਆਂ ਹੋਈਆਂ ਤਿੰਨ ਗਾਵਾਂ ਬਰਾਮਦ ਹੋਈਆਂ। ਇਸ ਤੋਂ ਬਾਅਦ ਗਊ ਰੱਖਿਅਕਾਂ ਨੇ ਦੋਵਾਂ ਮੁਲਜ਼ਮਾਂ ਨੂੰ ਦਬੋਚ ਲਿਆ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੁਕਤ ਕਰਵਾਈਆਂ ਗਈਆਂ ਤਿੰਨੋਂ ਗਾਵਾਂ ਨੂੰ ਤੁਰੰਤ ਸੁਰੱਖਿਅਤ ਰੂਪ ਵਿੱਚ ਸਥਾਨਕ ਗਊਸ਼ਾਲਾ ਭੇਜ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦਾ ਉਚਿਤ ਰੱਖ-ਰਖਾਅ ਅਤੇ ਇਲਾਜ ਹੋ ਸਕੇ। ਗਊ ਰਕਸ਼ਾ ਦਲ ਦੇ ਸਮੂਹ ਆਗੂਆਂ ਨੇ ਮੰਗ ਕੀਤੀ ਹੈ ਕਿ ਬੇਸਹਾਰਾ ਅਤੇ ਬੇਜ਼ੁਬਾਨ ਜਾਨਵਰਾਂ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ।

ਦੂਜੇ ਪਾਸੇ, ਗਊ ਰੱਖਿਅਕਾਂ ਵੱਲੋਂ ਫੜੇ ਗਏ ਅਤੇ ਪੁਲਸ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਜਰਮਨਜੀਤ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੇ ਗੱਡੀ ਵਿੱਚ ਗਾਵਾਂ ਲਿਆਉਣ ਦੀ ਗੱਲ ਸਵੀਕਾਰ ਕੀਤੀ। ਹਾਲਾਂਕਿ, ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਗਊ ਤਸਕਰੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਦਾ ਦਾਅਵਾ ਹੈ ਕਿ ਉਹ ਇਹਨਾਂ ਗਾਵਾਂ ਨੂੰ ਤਸਕਰੀ ਲਈ ਨਹੀਂ, ਸਗੋਂ ਆਪਣੇ ਘਰ ਦੇ ਇਸਤੇਮਾਲ ਅਤੇ ਬੱਚਿਆਂ ਲਈ ਦੁੱਧ ਦੇ ਪ੍ਰਬੰਧ ਵਾਸਤੇ ਖਰੀਦ ਕੇ ਲੈ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਦੀ ਡੇਅਰੀ ਤੋਂ ਇਹਨਾਂ ਗਾਵਾਂ ਨੂੰ ਕਰੀਬ ਪੰਦਰਾਂ ਹਜ਼ਾਰ ਰੁਪਏ ਵਿੱਚ ਖਰੀਦ ਕੇ ਆਪਣੇ ਪਿੰਡ ਪੁਰਾਣਾ ਪਿੰਡ, ਬਟਾਲਾ ਲੈ ਕੇ ਜਾ ਰਹੇ ਸਨ। ਹਾਲਾਂਕਿ ਉਹ ਇਹ ਦੱਸਣ ਵਿੱਚ ਅਸਮਰੱਥ ਰਹੇ ਕਿ ਜਦੋਂ ਗਊ ਮਾਤਾ ਦੁੱਧ ਹੀ ਨਹੀਂ ਦੇ ਰਹੀ ਹੈ ਤਾਂ ਫਿਰ ਉਹ ਇਹਨਾਂ ਨੂੰ ਦੁੱਧ ਪ੍ਰਾਪਤ ਕਰਨ ਲਈ ਘਰ ਕਿਵੇਂ ਲੈ ਕੇ ਜਾ ਰਹੇ ਹਨ?

ਜਦੋਂ ਪੁਲਸ ਅਤੇ ਸਥਾਨਕ ਮੀਡੀਆ ਨੇ ਉਨ੍ਹਾਂ ਕੋਲੋਂ ਗਾਵਾਂ ਦੀ ਖਰੀਦ ਨਾਲ ਸਬੰਧਤ ਕਾਨੂੰਨੀ ਦਸਤਾਵੇਜ਼ਾਂ ਜਾਂ ਕਿਸੇ ਜਾਇਜ਼ ਪਰਚੀ (ਸਲਿੱਪ) ਬਾਰੇ ਪੁੱਛਿਆ ਤਾਂ ਮੁਲਜ਼ਮ ਕੋਈ ਵੀ ਪ੍ਰਮਾਣਿਕ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਕਾਹਲੀ ਕਾਰਨ ਉਨ੍ਹਾਂ ਕੋਲ ਕੋਈ ਲਿਖਤੀ ਰਸੀਦ ਮੌਜੂਦ ਨਹੀਂ ਹੈ। ਮੌਕੇ ''ਤੇ ਪਹੁੰਚੀ ਫਗਵਾੜਾ ਪੁਲਿਸ ਨੇ ਮੁਲਜ਼ਮਾਂ ਦੇ ਵਾਹਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਥਾਣੇ ਪਹੁੰਚਾ ਦਿੱਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਨਾਂ ਦਸਤਾਵੇਜ਼ਾਂ ਦੇ ਪਸ਼ੂਆਂ ਨੂੰ ਇਸ ਤਰ੍ਹਾਂ ਲੈ ਕੇ ਜਾਣ ਦੇ ਮਾਮਲੇ ਵਿੱਚ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ : LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ

ਫਗਵਾੜਾ ਪੁਲਸ ਨੇ ਕੀਤੀ ਐੱਫ.ਆਈ.ਆਰ. ਦਰਜ, ਦੋ ਸਗੇ ਭਰਾ ਗ੍ਰਿਫਤਾਰ 

ਮਾਮਲੇ ਸਬੰਧੀ ਫਗਵਾੜਾ ਪੁਲਸ ਨੇ ਗਊ ਰਕਸ਼ਾ ਦਲ ਫਗਵਾੜਾ ਦੇ ਮੈਂਬਰ ਦੀ ਲਿਖਤੀ ਸ਼ਿਕਾਇਤ ''ਤੇ ਭਾਰਤੀ ਨਿਆਏ ਸੰਹਿਤਾ ਅਤੇ ਪਸ਼ੂ ਕਰੂਰਤਾ ਨਿਵਾਰਨ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੁਹੱਲਾ ਰਤਨਪੁਰਾ, ਫਗਵਾੜਾ ਦੇ ਰਹਿਣ ਵਾਲੇ ਮੰਨੂ ਕੁਮਾਰ ਪੁੱਤਰ ਸ੍ਰੀਵਾਸਤਵ ਕੁਮਾਰ ਨੇ ਦੱਸਿਆ ਕਿ ਉਹ ਇੱਕ ਸੈਲੂਨ ਚਲਾਉਂਦਾ ਹੈ ਅਤੇ ਗਊ ਰਕਸ਼ਾ ਦਲ ਫਗਵਾੜਾ ਦਾ ਮੈਂਬਰ ਹੈ। 24 ਜੂਨ 2026 ਦੀ ਰਾਤ ਨੂੰ ਉਨ੍ਹਾਂ ਨੂੰ ਪੁਖਤਾ ਗੁਪਤ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਤਾਜਪੁਰ ਰੋਡ ਤੋਂ ਇੱਕ ਚਿੱਟੇ ਰੰਗ ਦੀ ਮਹਿੰਦਰਾ ਐੱਸ ਗੱਡੀ ਵਿੱਚ ਤਿੰਨ ਗਾਵਾਂ ਨੂੰ ਲੱਦ ਕੇ ਫਗਵਾੜਾ ਵੱਲ ਲਿਆਂਦਾ ਜਾ ਰਿਹਾ ਹੈ। ਸੂਚਨਾ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਗਾਵਾਂ ਨੂੰ ਪਿੰਡ ਦਾਊਵਾਲ ਦੇ ਨੇੜੇ ਛੱਡਿਆ ਜਾਣਾ ਸੀ, ਜਿੱਥੇ ਵੱਡੀ ਗਿਣਤੀ ਵਿੱਚ ਪਸ਼ੂਆਂ ਨੂੰ ਇਕੱਠਾ ਕਰਕੇ ਅੱਗੇ ਜੰਮੂ-ਕਸ਼ਮੀਰ ਵਿੱਚ ਤਸਕਰੀ ਲਈ ਭੇਜਿਆ ਜਾਂਦਾ ਹੈ, ਤਾਂ ਜੋ ਉੱਥੇ ਉਨ੍ਹਾਂ ਨੂੰ ਕੱਟ ਕੇ ਮਾਸ ਵੇਚਿਆ ਜਾ ਸਕੇ। ਮੁਲਜ਼ਮਾਂ ਦੀ ਪਛਾਣ ਡਰਾਈਵਰ ਜਰਮਨਜੀਤ ਸਿੰਘ ਅਤੇ ਉਸ ਦੇ ਭਰਾ ਸਤਵਿੰਦਰ ਸਿੰਘ ਦੋਵੇਂ ਪੁੱਤਰ ਕਰਮਜੀਤ ਸਿੰਘ, ਵਾਸੀ ਪੁਰਾਣਾ ਪਿੰਡ, ਥਾਣਾ ਭੈਸੋ (ਸੇਖੋ), ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। 

ਪੁੱਛਗਿੱਛ ਦੌਰਾਨ ਮੁਲਜ਼ਮ ਡਰਾਈਵਰ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਗਾਵਾਂ ਲੁਧਿਆਣਾ ਦੀ ਇੱਕ ਡੇਅਰੀ ਤੋਂ ਹਰਜਿੰਦਰ ਸਿੰਘ ਨਾਮਕ ਵਿਅਕਤੀ ਰਾਹੀਂ ਲੋਡ ਕੀਤੀਆਂ ਸਨ, ਜਿਨ੍ਹਾਂ ਨੂੰ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਖੇਤਰ ਦੇ ਰਹਿਣ ਵਾਲੇ ਮੰਗਾ ਮਸੀਹ ਨਾਮਕ ਵਿਅਕਤੀ ਕੋਲ ਦਾਊਵਾਲ ਪਹੁੰਚਾਉਣਾ ਸੀ। ਸ਼ਿਕਾਇਤਕਰਤਾ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਅਨੁਸਾਰ ਇਸ ਪੂਰੇ ਰੈਕੇਟ ਦੇ ਪਿੱਛੇ ਕਈ ਲੋਕਾਂ ਦੀ ਵੱਡੀ ਸਾਜ਼ਿਸ਼ ਹੈ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇੱਕ-ਇੱਕ, ਦੋ-ਦੋ ਗਾਵਾਂ ਇਕੱਠੀਆਂ ਕਰਕੇ ਵੱਡੇ ਪੱਧਰ ''ਤੇ ਸਰਹੱਦੀ ਰਾਜਾਂ ਵਿੱਚ ਤਸਕਰੀ ਕਰਦੇ ਹਨ, ਜਿਸ ਨਾਲ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਮੰਨੂ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਫਗਵਾੜਾ ਵਿੱਚ ਐੱਫ.ਆਈ.ਆਰ. ਨੰਬਰ 0182 ਦਰਜ ਕੀਤੀ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ, 2023 ਦੀਆਂ ਧਾਰਾਵਾਂ 299, 325, 324(4), 62 ਅਤੇ ਪਸ਼ੂ ਕਰੂਰਤਾ ਨਿਵਾਰਨ ਐਕਟ, 1960 ਦੀ ਧਾਰਾ 11 ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੇ ਤਸਕਰੀ ਵਿੱਚ ਵਰਤੀ ਗਈ ਮਹਿੰਦਰਾ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ ਇਸ ਅੰਤਰ-ਜ਼ਿਲ੍ਹਾ ਗਊ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਤਰ ਵਿੱਚ ਕਿਸੇ ਵੀ ਕੀਮਤ ''ਤੇ ਗਊ ਤਸਕਰੀ ਜਾਂ ਬੇਜ਼ੁਬਾਨ ਜਾਨਵਰਾਂ ਪ੍ਰਤੀ ਕਰੂਰਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਸ ਜਾਂਚ ਦਾ ਦੌਰ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News