ਭੋਗਪੁਰ ਦੇ ਸੁਵਿਧਾ ਕੇਂਦਰ ''ਚ ਲੁੱਟ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ

01/07/2020 6:46:36 PM

ਭੋਗਪੁਰ,(ਸੂਰੀ) : ਭੋਗਪੁਰ ਦੇ ਇਕ ਨਿੱਜੀ ਸੁਵਿਧਾ ਕੇਂਦਰ ਵਿਚ ਬੀਤੇ ਦਿਨੀਂ ਪਿਸਤੌਲ ਦੇ ਦਮ 'ਤੇ ਲੁੱਟ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਭੋਗਪੁਰ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਸਬੰਧੀ ਸੁਰਿੰਦਰਪਾਲ ਸਿੰਘ ਡੀ. ਐਸ. ਪੀ ਕ੍ਰਾਇਮ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣÎਕਾਰੀ ਦਿੰਦਿਆ ਦੱਸਿਆ ਕਿ ਨਵਜੋਤ ਸਿੰਘ ਮਾਹਲ ਐਸ. ਐਸ. ਪੀ. ਜਲੰਧਰ (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਬਜੀਤ ਸਿੰਘ ਬਾਹੀਆ ਪੁਲਸ ਕਪਤਾਨ (ਜਾਂਚ) ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਜਲੰਧਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦੌਰਾਨੇ ਗਸ਼ਤ ਗੰਨ ਪੁਆਇੰਟ 'ਤੇ ਲੁੱਟ ਖੋਹ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਇਕ ਕਾਰ ਵਿਚ ਸਵਾਰ ਤਿੰਨ ਲੁਟੇਰਿਆਂ ਨੇ ਭੋਗਪੁਰ ਸ਼ਹਿਰ ਵਿਚ ਬੁਲੋਵਾਲ ਰੋਡ ਸਥਿਤ ਇਕ ਨਿੱਜੀ ਸੁਵਿਧਾ ਕੇਂਦਰ ਵਿਚ ਪਿਸਤੌਲ ਦੀ ਨੋਕ 'ਤੇ ਲੁੱਟ ਨੂੰ ਅੰਜਾਮ ਦਿੱਤਾ ਸੀ।

ਥਾਣਾ ਮੁਖੀ ਜਰਨੈਲ ਸਿੰਘ ਵੱਲੋਂ ਇਸ ਲੁੱਟ ਦੇ ਮਾਮਲੇ ਦੀ ਡੂੰਘੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਦੀ ਗੱਡੀ ਦਾ ਨੰਬਰ ਮਿਲ ਗਿਆ ਸੀ ਹਾਲਾਂਕਿ ਦੋਸ਼ੀਆ ਨੇ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਲੁੱਟ ਦੀ ਵਾਰਦਾਤ ਵਿਚ ਵਰਤੀ ਗਈ ਕਾਰ ਦੀ ਨੰਬਰ ਪਲੇਟ 'ਤੇ ਮਿੱਟੀ ਲਗਾ ਕੇ ਨੰਬਰ ਨੂੰ ਛਪਾਉਣ ਦਾ ਯਤਨ ਕੀਤਾ ਸੀ। ਸੁਵਿਧਾ ਕੇਂਦਰ ਮਾਲਕ ਤਰਮਿੰਦਰ ਸਿੰਘ ਪੁੱਤਰ ਰਜਿੰਦਰ ਵਾਸੀ ਗੁਰੂ ਲਾਨਕ ਨਗਰ ਭੋਗਪੁਰ ਨੇ ਇਸ ਵਾਰਦਾਤ ਵਿਚ ਲੁਟੇਰਿਆਂ ਵੱਲੋਂ 70 ਹਜ਼ਾਰ ਦੀ ਨਕਦੀ ਲੁੱਟੇ ਜਾਣ ਦਾ ਬਿਆਨ ਦਿੱਤਾ ਸੀ ਪਰ ਅਸਲ ਵਿਚ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸ ਸਮੇਂ ਸੁਵਿਧਾ ਕੇਂਦਰ ਵਿਚ ਸਿਰਫ 2200 ਰੁਪਏ ਦੀ ਨਕਦੀ ਲੁੱਟੀ ਗਈ ਸੀ। ਪੁਲਸ ਨੇ ਇਸ ਵਾਰਦਾਤ ਵਿਚ ਵਰਤੀ ਗਈ ਕਾਰ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਲੁਟੇਰਿਆਂ ਦੀ ਪਛਾਣ ਹਰਜੋਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡਚੱਕ ਝੰਡੂ ਥਾਣਾ ਭੋਗਪੁਰ, ਪਰਮਵੀਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਭੁਲੱਥ ਜ਼ਿਲਾ ਕਪੂਰਥਲਾ ਅਤੇ ਜਤਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਹਰਗੋਵਾਲ ਥਾਣਾ ਗੜਦੀਵਾਲ ਹੁਸ਼ਿਆਰਪੁਰ ਵਜੋ ਕੀਤੀ ਗਈ ਹੈ। ਇਸ ਮਾਮਲੇ ਵਿਚ ਲੁੱਟ ਦਾ ਸ਼ਿਕਾਰ ਬਣੇ ਤਰਮਿੰਦਰ ਸਿੰਘ ਨੇ ਇਸ ਲੁੱਟ ਵਿਚ 70 ਹਜ਼ਾਰ ਦੇ ਕਰੀਬ ਨਕਦੀ ਲੁੱਟੇ ਜਾਣ ਦਾ ਬਿਆਨ ਦਿੱਤਾ ਸੀ, ਜੋ ਕਿ ਗਲਤ ਸਾਬਤ ਹੋਇਆ ਹੈ। ਪੁਲਸ ਵੱਲੋਂ ਦੋਸ਼ੀਆਂ ਪਾਸੋਂ 1500 ਰੁਪਏ ਦੀ ਨਕਦੀ ਤੇ ਵਾਰਦਾਤ ਵਿਚ ਵਰਤਿਆ ਗਿਆ, ਖਿਲੋਣਾ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਪੁਲਸ ਵੱਲੋਂ ਹਾਸਲ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਵੱਲੋਂ ਹੋਰ ਖੁਲਾਸੇ ਕੀਤੇ ਜਾਣ ਦੀ ਆਸ ਹੈ।


Related News