ਸ਼ਬਦ ਕੀਰਤਨ ਦੇ ਟੀ. ਵੀ. ਪ੍ਰਸਾਰਣ ਨੂੰ ਲੈ ਕੇ CM ਮਾਨ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲੈਣ ਧਾਮੀ: ਰਾਮੂਵਾਲੀਆ
Monday, Apr 11, 2022 - 01:06 PM (IST)

ਜਲੰਧਰ (ਜ. ਬ.)- ਲੋਕ ਭਲਾਈ ਪਾਰਟੀ ਦੇ ਪ੍ਰਧਾਨ, ਉੱਤਰ ਪ੍ਰਦੇਸ਼ ਦੇ ਐੱਮ. ਐੱਲ. ਸੀ. ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੇਨਤੀ ਕੀਤੀ ਹੈ ਕਿ ਸ਼ਬਦ ਕੀਰਤਨ ਅਤੇ ਗੁਰਬਾਣੀ ਦੇ ਟੀ. ਵੀ. ਪ੍ਰਸਾਰਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਪੇਸ਼ਕਸ਼ ਨੂੰ ਜ਼ਰੂਰ ਪ੍ਰਵਾਨ ਕਰ ਲੈਣਾ ਚਾਹੀਦਾ ਹੈ।
ਇਕ ਜਾਰੀ ਬਿਆਨ ’ਚ ਰਾਮੂਵਾਲੀਆ ਨੇ ਕਿਹਾ ਕਿ ਪੀ. ਟੀ. ਸੀ. ਚੈਨਲ ’ਤੇ ਗੁਰਬਾਣੀ ਪ੍ਰਤੀ ਅਪਮਾਨਿਤ ਘਟਨਾਵਾਂ ਅਤੇ ਕਲਾਕਾਰਾਂ ਨਾਲ ਚਰਿੱਤਰਹੀਨ ਵਰਤਾਰੇ ਬਾਰੇ ਕਿੱਸੇ ਚੱਲ ਰਹੇ ਹਨ। ਮੌਜੂਦਾ ਮੁੱਖ ਮੰਤਰੀ ਦਾ ਨਾ ਤਾਂ ਆਪਣਾ ਕੋਈ ਟੀ. ਵੀ. ਚੈਨਲ ਹੈ ਅਤੇ ਨਾ ਹੀ ਉਹ ਕਿਸੇ ਚੈਨਲ ’ਚ ਭਾਈਵਾਲ ਹਨ। ਭਗਵੰਤ ਮਾਨ ਨੇ ਤਾਂ ਇਕ ਨਿਰੋਲ ਸ਼ਰਧਾਲੂ ਵਜੋਂ ਪੇਸ਼ਕਸ਼ ਕੀਤੀ ਹੈ। ਮਾਨ ’ਤੇ ਗੁਰੂ ਘਰ ਦੀਆਂ ਜਾਇਦਾਦਾਂ ਅਤੇ ਉਨ੍ਹਾਂ ਦੀ ਸਿਆਸਤ ਲਈ ਵਰਤੋਂ ਕਰਨ ਦਾ ਕੋਈ ਵੀ ਦੋਸ਼ ਨਹੀਂ ਹੈ।
ਇਹ ਵੀ ਪੜ੍ਹੋ: ਕਪੂਰਥਲਾ: ਕਲਯੁੱਗੀ ਚਾਚੇ ਦਾ ਸ਼ਰਮਨਾਕ ਕਾਰਾ, ਧੀਆਂ ਵਰਗੀ ਦਿਵਿਆਂਗ ਭਤੀਜੀ ਦੀ ਰੋਲੀ ਪੱਤ
ਰਾਮੂਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਪੇਸ਼ਕਸ਼ ਨੂੰ ਮੰਨਣ ਨਾਲ ਕੋਈ ਹੋਰ ਵੱਡੇ ਲਾਭ ਵੀ ਹੋ ਸਕਦੇ ਹਨ। ਗੁਰਦੁਆਰਾ ਪਟਨਾ ਸਾਹਿਬ ਤੋਂ ਸ਼ਬਦ ਕੀਰਤਨ ਦੇ ਪ੍ਰਸਾਰਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਕਰਨਾਟਕ ਦੇ ਗੁਰਦੁਆਰਾ ਨਾਨਕ ਝੀਰਾ ਬਿਦਰ ਤੋਂ ਸ਼ਬਦ ਕੀਰਤਨ ਦੇ ਪ੍ਰਸਾਰਨ ਲਈ ਮੁੱਖ ਮੰਤਰੀ ਬੋਮਈ ਨੂੰ ਬੇਨਤੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹਿਮਾਚਲ ਦੇ ਗੁਰਦੁਆਰਾ ਪਾਊਂਟਾ ਸਾਹਿਬ ਲਈ ਮੁੱਖ ਮੰਤਰੀ ਜੈਰਾਮ ਠਾਕੁਰ, ਓਡਿਸ਼ਾ ਦੇ ਗੁਰਦੁਆਰਾ ਪੁਰੀ ਲਈ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਸ੍ਰੀ ਹਜ਼ੂਰ ਸਾਹਿਬ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿਖੇ ਸਥਿਤ ਇਤਿਹਾਸਕ ਗੁਰਦੁਆਰਿਆਂ ਤੋਂ ਸ਼ਬਦ ਕੀਰਤਨ ਦੇ ਪ੍ਰਸਾਰਨ ਸਮੇਂ ਸਬੰਧਤ ਸੂਬਿਆਂ ਦੀਆਂ ਸਥਾਨਕ ਭਾਸ਼ਾਵਾਂ ’ਚ ਗੁਰਬਾਣੀ ਦੇ ਅਰਥ ਵੀ ਸਮਝਾਏ ਜਾ ਸਕਣਗੇ। ਇਸ ਮੰਤਵ ਲਈ ਐੱਸ.ਜੀ.ਪੀ.ਸੀ. ਪੰਜਾਬ ਦੇ ਮੁੱਖ ਮੰਤਰੀ ਦੀ ਪੇਸ਼ਕਸ਼ ਨੂੰ ਉਦਾਹਰਣ ਵਜੋਂ ਵਰਤ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੋਇਆ ਹੈਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ