ਰੇਲਵੇ ਅਧਿਕਾਰੀਆਂ ਨੂੰ ਪਤਾ ਸੀ ਜੇ ਮਿੱਟੀ ਨਾ ਪੁੱਟੀ ਤਾਂ ਰੇਲਵੇ ਪੁਲ ਰੁੜ੍ਹ ਸਕਦਾ ਹੈ : ਸੰਤ ਸੀਚੇਵਾਲ
Tuesday, Feb 25, 2020 - 05:38 PM (IST)
ਲੋਹੀਆਂ ਖਾਸ/ਗਿੱਦੜਪਿੰਡੀ (ਰਾਜਪੂਤ)— ਸਤਲੁਜ ਦਰਿਆ ਗਿੱਦੜਪਿੰਡੀ 'ਤੇ ਬਣੇ ਰੇਲਵੇ ਪੁਲ ਦੇ ਕੁਲ 21 ਦਰਿਆਂ 'ਚੋਂ ਸਿਰਫ ਤਿੰਨ ਦਰਿਆਂ 'ਚੋਂ ਪਾਣੀ ਲੰਘ ਰਿਹਾ ਹੈ। ਬਾਕੀ 18 ਦਰਿਆਂ 'ਚ 17 ਫੁੱਟ ਤੋਂ ਵੱਧ ਮਿੱਟੀ ਭਰੀ ਹੋਈ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ 'ਚ ਇਲਾਕਾ ਨਿਵਾਸੀਆਂ ਅਤੇ ਹੜ੍ਹ ਰੋਕੂ ਕਮੇਟੀ ਦੇ ਸਹਿਯੋਗ ਨਾਲ ਦੋਵੇਂ ਪਾਸੇ 10-10 ਦਰੇ ਛੱਡ ਕੇ 11ਵੇਂ 'ਚ ਖੋਦਾਈ ਕੀਤੀ ਜਾ ਰਹੀ ਹੈ। ਜਦ ਤੱਕ ਬਾਰਿਸ਼ ਨਹੀਂ ਹੁੰਦੀ, ਸਾਡੇ ਕੋਲ ਖੋਦਾਈ ਕਰਨ ਦਾ ਸਮਾਂ ਹੈ। ਦਰੇ ਖੁੱਲ੍ਹੇ ਹੁੰਦੇ ਤਾਂ ਹੜ੍ਹ ਨਹੀਂ ਆਉਣੇ ਸਨ। ਰੇਲਵੇ ਨੂੰ ਪਤਾ ਲੱਗ ਗਿਆ ਸੀ ਕਿ ਜੇਕਰ ਮਿੱਟੀ ਨਾ ਕੱਢੀ ਤਾਂ ਪੁਲ ਵੀ ਰੁੜ੍ਹ ਸਕਦਾ ਹੈ। ਇਸੇ ਕਾਰਨ ਪਿਛਲੇ ਪਿੰਡਾਂ 'ਚ ਬੰਨ੍ਹ ਟੁੱਟੇ ਹਨ।
ਮਿੱਟੀ ਪੁੱਟਣ ਦਾ ਕੰਮ ਦਿਨ-ਰਾਤ ਹੋ ਰਿਹਾ ਹੈ। ਗਿੱਦੜਪਿੰਡੀ ਸਤਲੁਜ ਦਰਿਆ 'ਚ ਰੇਲਵੇ ਦੀ ਕੁਲ 220 ਏਕੜ ਜ਼ਮੀਨ ਹੈ। 220 ਏਕੜ 'ਚੋਂ ਮਿੱਟੀ ਚੁੱਕ ਕੇ ਪਹਿਲਾਂ ਸਤਲੁਜ ਦਰਿਆ ਦੇ ਬੰਨ੍ਹਾਂ 'ਤੇ ਪਾਈ ਜਾਵੇਗੀ, ਫਿਰ ਇਹ ਮਿੱਟੀ ਸਕੂਲ ਦੀਆਂ ਗਰਾਊਂਡਾਂ ਅਤੇ ਹੜ੍ਹ ਦੌਰਾਨ ਪਏ ਟੋਇਆਂ 'ਚ ਪਾਈ ਜਾਵੇਗੀ। 19 ਅਗਸਤ ਤੋਂ ਇਨ੍ਹਾਂ ਕਾਰਜਾਂ 'ਚ ਲੱਗੇ ਹੋਏ ਹਾਂ। ਸਭ ਤੋਂ ਪਹਿਲਾਂ 3 ਦਿਨ ਕਿਸ਼ਤੀਆਂ ਰਾਹੀਂ ਪਾਣੀ 'ਚ ਸੰਗਤਾਂ ਨੂੰ ਘਰ-ਘਰ ਜਾ ਕੇ ਸੁੱਕਾ ਰਾਸ਼ਨ ਪਹੁੰਚਾਇਆ ਗਿਆ। ਖੇਤਾਂ 'ਚ ਪਏ ਟੋਇਆਂ ਨੂੰ ਮਿੱਟੀ ਪਾ ਕੇ ਪੂਰਿਆ ਗਿਆ। ਇਹ ਸਾਰੇ ਕਾਰਜ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ। ਉਨ੍ਹਾਂ ਕਾਰਜਾਂ 'ਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਹੜ੍ਹ ਦੇ ਖਤਰਿਆਂ ਤੋਂ ਬਚਿਆ ਜਾ ਸਕੇ ਤਾਂ ਕਿ ਦੋਬਾਰਾ ਇਹੋ ਜਿਹੇ ਹਾਲਾਤ ਕਿਤੇ ਵੀ ਨਾ ਆਉਣ।