ਬਸਪਾ ਨੇ ਭੰਨਿਆ ਕੇਂਦਰ, ਸੂਬਾ ਅਤੇ ਦਿੱਲੀ ਸਰਕਾਰ ਦੇ ਪਾਪਾਂ ਦਾ ਘੜਾ

9/13/2019 11:15:54 AM

ਫਗਵਾੜਾ (ਹਰਜੋਤ, ਜਲੋਟਾ)—ਬਹੁਜਨ ਸਮਾਜ ਪਾਰਟੀ ਵਲੋਂ ਅੱਜ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 12 ਮੁੱਦਿਆਂ ਨੂੰ ਲੈ ਕੇ ਫਗਵਾੜਾ ਵਿਖੇ ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਦੀ ਅਗਵਾਈ ਹੇਠ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ, ਕੇਂਦਰ ਦੀ ਮੋਦੀ ਸਰਕਾਰ ਅਤੇ ਅਕਾਲੀ-ਭਾਜਪਾ ਗਠਜੋੜ ਦਾ ਘੜਾ ਭੰਨ ਕੇ ਰੋਸ ਮੁਜ਼ਾਹਰਾ ਕੀਤਾ ਗਿਆ।

ਬਸਪਾ ਆਗੂਆਂ ਰਚਨਾ ਦੇਵੀ, ਰਮੇਸ਼ ਕੌਲ, ਐਡਵੋਕੇਟ ਕੁਲਦੀਪ ਭੱਟੀ, ਸੁਰਿੰਦਰ ਢੰਡਾ, ਹਰਭਜਨ ਸੁਮਨ, ਲੇਖਰਾਜ ਜਮਾਲਪੁਰ ਤੇ ਚਿਰੰਜੀ ਲਾਲ ਕਾਲਾ ਨੇ ਰੈਸਟ ਹਾਊਸ ਦੇ ਸਾਹਮਣੇ ਘੜਾ ਭੰਨ ਪ੍ਰਦਰਸ਼ਨ ਤੋਂ ਬਾਅਦ ਦੱਸਿਆ ਕਿ ਸੂਬਾ ਪ੍ਰਧਾਨ ਦੇ ਨਿਰਦੇਸ਼ 'ਤੇ ਅੱਜ ਦਿੱਲੀ ਦੇ ਤੁਗਲਕਾਬਾਦ ਮੰਦਰ ਨੂੰ ਤੋੜਨ, ਲੁਧਿਆਣਾ ਦੇ ਜਮਾਲਪੁਰ ਸਥਿਤ ਮੰਦਰ ਦੇ ਮਸਲੇ, ਇਕ ਟੀ. ਵੀ. ਸੀਰੀਅਲ 'ਚ ਭਗਵਾਨ ਵਾਲਮੀਕਿ ਜੀ ਦੀ ਹੋਈ ਬੇਅਦਬੀ, ਦਿੱਲੀ 'ਚ ਪ੍ਰਦਰਸ਼ਨ ਦੌਰਾਨ 96 ਦਲਿਤਾਂ ਦੀ ਗ੍ਰਿਫ਼ਤਾਰੀ, ਪੰਜਾਬ 'ਚ ਦੇਸ਼ ਧ੍ਰੋਹ ਵਰਗੇ ਦਰਜ ਕੇਸਾਂ ਦਾ ਮਾਮਲਾ, ਬਟਾਲਾ ਫੈਕਟਰੀ ਬਲਾਸਟ ਦੇ ਪੀੜਤਾਂ ਨਾਲ ਬੇਰੁਖੀ ਦਾ ਮਾਮਲਾ, ਗੁਰਦਾਸਪੁਰ ਦੇ ਡੀ. ਸੀ. ਦੀ ਸ਼ਿਕਾਇਤ 'ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਇਸ਼ਾਰੇ 'ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਕੇਸ ਦਰਜ ਕਰਨ ਦਾ ਮਾਮਲਾ, ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦਾ ਮਸਲਾ, ਪੰਜਾਬ ਦੀਆਂ ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂਆਂ ਦੇ ਮਸਲੇ ਤੋਂ ਇਲਾਵਾ ਮਹਿੰਗੀ ਬਿਜਲੀ, ਬੇਰੋਜ਼ਗਾਰੀ, ਗਰੀਬਾਂ ਦੇ ਕਰਜ਼ੇ ਮੁਆਫ ਨਾ ਕਰਨ ਆਦਿ ਮੁੱਦਿਆਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾਵਾਂ ਵਿਖੇ ਇਹ ਪ੍ਰਦਰਸ਼ਨ ਕੀਤਾ ਗਿਆ ਹੈ।

ਉਕਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਜਨਤਾ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ, ਕੇਂਦਰ ਅਤੇ ਦਿੱਲੀ ਦੀਆਂ ਸਰਕਾਰਾਂ ਨੂੰ ਸਬਕ ਸਿਖਾਇਆ ਜਾਵੇਗਾ। ਅੱਜ ਇਨ੍ਹਾਂ ਸਰਕਾਰਾਂ ਦੇ ਪਾਪਾਂ ਦਾ ਘੜਾ ਭੰਨ ਕੇ ਅਗਲੀਆਂ ਚੋਣਾਂ 'ਚ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੰਕਲਪ ਲਿਆ ਗਿਆ ਹੈ। ਉਨ੍ਹਾਂ ਭਾਰਤ ਦੇ ਰਾਸ਼ਟਰਪਤੀ ਤੋਂ ਵੀ ਪੁਰਜ਼ੋਰ ਮੰਗ ਕੀਤੀ ਕਿ ਤੁਗਲਕਾਬਾਦ ਦੇ ਮੰਦਰ ਦੀ ਮੁੜ ਉਸਾਰੀ ਕਰਵਾਈ ਜਾਵੇ ਅਤੇ ਦਿੱਲੀ ਵਿਖੇ ਦਰਜ ਮੁਕੱਦਮੇ ਰੱਦ ਕੀਤੇ ਜਾਣ।ਇਸ ਮੌਕੇ ਪਰਮਜੀਤ ਖਲਵਾੜਾ, ਕਾਲਾ ਪ੍ਰਭਾਕਰ, ਸਤਨਾਮ ਬਿਰਹਾ, ਸੁਰਜੀਤ ਭੁੱਲਾਰਾਈ, ਤੇਜਪਾਲ ਬਸਰਾ, ਪਰਮਜੀਤ ਬੰਗੜ, ਅਮਰੀਕ ਪੰਡਵਾ ਆਦਿ ਹੋਰ ਵੀ ਸ਼ਾਮਲ ਸਨ।


Shyna

Edited By Shyna