ਕਾਰ ''ਚੋਂ 96 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਗ੍ਰਿਫਤਾਰ
Tuesday, Jul 16, 2019 - 12:05 AM (IST)

ਕਪੂਰਥਲਾ (ਭੂਸ਼ਣ)-ਥਾਣਾ ਸਿਟੀ ਕਪੂਰਥਲਾ ਅਤੇ ਪੀ. ਸੀ. ਆਰ. ਟੀਮ ਨੇ ਸਾਂਝੇ ਤੌਰ 'ਤੇ ਲਾਈ ਨਾਕਾਬੰਦੀ ਦੌਰਾਨ ਇਕ ਆਈ 20 ਕਾਰ 'ਚੋਂ 96 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਸਬ-ਡਵੀਜ਼ਨ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ 'ਚ ਥਾਣਾ ਸਿਟੀ ਦੇ ਐੈੱਸ. ਐੱਚ. ਓ. ਇੰਸਪੈਕਟਰ ਪਰਮਜੀਤ ਸਿੰਘ ਅਤੇ ਪੀ. ਸੀ. ਆਰ. ਟੀਮ ਦੇ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਰੰਧਾਵਾ ਨੇ ਪੁਲਸ ਟੀਮ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਕਾਰਤਿਕ ਵਾਲੀਆ ਪੁੱਤਰ ਗੁਰਦੀਪ ਸਿੰਘ ਵਾਸੀ ਮੁਹੱਲਾ ਪੰਜਾਬੀ ਬਾਗ ਕਪੂਰਥਲਾ ਜੋ ਕਿ ਆਈ 20 ਕਾਰ 'ਚ ਆਪਣੇ ਸਾਥੀ ਚਰਨਜੀਤ ਸਿੰਘ ਉਰਫ ਚੰਨੀ ਵਾਸੀ ਪਿੰਡ ਫਿਆਲੀ ਥਾਣਾ ਸਦਰ ਕਪੂਰਥਲਾ ਨਾਲ ਭਾਰੀ ਮਾਤਰਾ ਵਿਚ ਦੂਜੇ ਸੂਬੇ ਦੀ ਬਣੀ ਸ਼ਰਾਬ ਨਾਲ ਔਜਲਾ ਮਾਰਗ ਤੋਂ ਮੰਸੂਰਵਾਲ ਵੱਲ ਆ ਰਿਹਾ ਹੈ, ਜਿਸ 'ਤੇ ਪੁਲਸ ਟੀਮ ਨੇ ਰੇਲਵੇ ਫਾਟਕ ਮੰਸੂਰਵਾਲ ਖੇਤਰ 'ਚ ਨਾਕਾਬੰਦੀ ਦੌਰਾਨ ਕਾਰ ਵਿਚ ਬੈਠੇ ਮੁਲਜ਼ਮ ਕਾਰਤਿਕ ਵਾਲੀਆ ਵਾਸੀ ਮੁਹੱਲਾ ਪੰਜਾਬੀ ਬਾਗ ਕਪੂਰਥਲਾ ਨੂੰ ਕਾਬੂ ਕਰ ਲਿਆ। ਜਦ ਕਿ ਦੂਜਾ ਮੁਲਜ਼ਮ ਚਰਨਜੀਤ ਸਿੰਘ ਹਨੇਰੇ ਦਾ ਲਾਭ ਲੈ ਕੇ ਫਰਾਰ ਹੋ ਗਿਆ। ਕਾਰਤਿਕ ਵਾਲੀਆ ਦੀ ਨਿਸ਼ਾਨਦੇਹੀ 'ਤੇ ਕਾਰ ਵਿਚੋਂ 96 ਬੋਤਲਾਂ ਨਾਜਾਇਜ਼ ਸ਼ਰਾਬ ਮਾਰਕਾ ਰਾਇਲ ਸਿਕਰੇਟ, ਮੋਬਾਇਲ ਫੋਨ ਅਤੇ 1500 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਗ੍ਰਿਫਤਾਰ ਮੁਲਜ਼ਮ ਲੰਬੇ ਸਮੇਂ ਤੋਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਉਥੇ ਹੀ ਫਰਾਰ ਮੁਲਜ਼ਮ ਚਰਨਜੀਤ ਸਿੰਘ ਦੀ ਤਲਾਸ਼ ਵਿਚ ਛਾਪਾਮਾਰੀ ਦਾ ਦੌਰ ਜਾਰੀ ਹੈ ।