ਹੈਰੋਇਨ ਸਣੇ ਗ੍ਰਿਫ਼ਤਾਰ ਸਮੱਗਲਰ ਦਾ ਮੈਡੀਕਲ ਕਰਵਾਉਣ ਆਈ ਪੁਲਸ ਨੂੰ ਪਈਆਂ ਭਾਜੜਾਂ
Wednesday, Nov 02, 2022 - 01:43 PM (IST)

ਸੁਲਤਾਨਪੁਰ ਲੋਧੀ (ਧੀਰ, ਸੋਢੀ)- ਪੁਲਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿਮ ਤਹਿਤ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਸੁਖਵਿੰਦਰ ਸਿੰਘ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਅਤੇ ਐੱਸ. ਆਈ. ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਵੱਲੋਂ 270 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਥੇ ਹੀ ਜਦੋਂ ਮੁਲਜ਼ਮ ਦਾ ਮੈਡੀਕਲ ਕਰਨ ਲਈ ਪੁਲਸ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਈ ਤਾਂ ਉਥੋਂ ਹੱਥ ਛੁਡਾ ਕੇ ਦੌੜ ਗਿਆ ਤਾਂ ਉਸ ਸਮੇਂ ਪੁਲਸ ਨੂੰ ਇਕਦਮ ਭੜਥੂ ਪੈ ਗਿਆ।
ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਮੱਗਲਰ ਨਿਰਮਲ ਸਿੰਘ ਉਰਫ਼ ਬੱਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਦੌਲੇਵਾਲ ਥਾਣਾ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 1000 ਖੁੱਲ੍ਹੀਆਂ ਨਸ਼ੀਲੀਆਂ ਗੋਲ਼ੀਆਂ ਬਰਾਮਦ ਕਰਨ ’ਤੇ ਮੁਕੱਦਮਾ ਥਾਣਾ ਸੁਲਤਾਨਪੁਰ ਲੋਧੀ ਦਰਜ ਕੀਤਾ ਗਿਆ ਸੀ। ਉਸ ਪਾਸੋਂ ਪੁੱਛਗਿੱਛ ਸਮੇਂ ਉਸ ਨੇ ਇੰਕਸਾਫ਼ ਕੀਤਾ ਕਿ ਉਹ ਜਸਵੰਤ ਸਿੰਘ ਉਰਫ਼ ਗੱਗੂ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਸੈਂਚਾ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਕੋਲੋਂ ਨਸ਼ੀਲੀਆਂ ਗੋਲ਼ੀਆਂ ਅਤੇ ਹੈਰੋਇਨ ਖ਼ਰੀਦ ਕਰਦਾ ਹੈ, ਜਿਸ ਤੋਂ ਉਪਰੰਤ ਜਸਵੰਤ ਸਿੰਘ ਨੂੰ ਉਕਤ ਮੁੱਕਦਮਾ ’ਚ ਨਾਮਜ਼ਦ ਕਰਕੇ ਮੁਕੱਦਮਾ ਵਿਚ ਜੁਰਮ ਅਧੀਨ ਧਾਰਾ 30 ਦਾ ਵਾਧਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਪੰਚਾਇਤ ਮਹਿਕਮੇ ’ਚ ਚੋਰ-ਮੋਰੀਆਂ ਕਾਰਨ ਸੈਂਕੜੇ ਭਰਤੀਆਂ ਦੇ ਘਪਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ
ਉਨ੍ਹਾਂ ਕਿਹਾ ਕਿ ਦੌਰਾਨੇ ਤਫ਼ਤੀਸ਼ ਮੁੱਕਦਮਾ ’ਚ ਨਾਮਜ਼ਦ ਮੁਲਜ਼ਮ ਜਸਵੰਤ ਸਿੰਘ ਉਰਫ਼ ਗੱਗੂ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡਾਂ ਸੈਂਚਾ ਥਾਣਾ ਸੁਲਤਾਨਪੁਰ ਲੋਧੀ ਨੂੰ ਗ੍ਰਿਫ਼ਤਾਰ ਕਰਕੇ ਮਿਤੀ 30-10-2012 ਨੂੰ ਮਾਣਯੋਗ ਅਦਾਲਤ ਸੁਲਤਾਨਪੁਰ ਲੋਧੀ ’ਚ ਪੇਸ਼ ਕੀਤਾ, ਜਿੱਥੋਂ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੌਰਾਨੇ ਪੁੱਛਗਿੱਛ ਮੁੱਕਦਮੇ ਉਕਤ ’ਚ ਮੁਲਜ਼ਮ ਜਸਵੰਤ ਸਿੰਘ ਉਰਫ਼ ਗੱਗੂ ਉਕਤ ਵੱਲੋਂ ਮਿਤੀ 31-10-2022 ਨੂੰ ਕੀਤੇ ਗਏ ਫਰਦ ਇੰਕਸਾਫ਼ ਮੁਤਾਬਕ ਉਸ ਦੀ ਨਿਸ਼ਾਨਦੇਹੀ 'ਤੇ 270 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁੱਕਦਮਾ ’ਚ ਜੁਰਮ 21-61-85 ਦਾ ਵਾਧਾ ਕੀਤਾ ਗਿਆ ਹੈ।
ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਪੁਲਸ ਟੀਮ ਨੂੰ ਹਸਪਤਾਲ ’ਚ ਪਿਆ ਭੜਥੂ
270 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤੇ ਮੁਲਜ਼ਮ ਜਸਵੰਤ ਸਿੰਘ ਉਰਫ਼ ਗੱਗੂ ਨੂੰ ਜਦੋਂ ਪੁਲਸ ਪਾਰਟੀ ਰਿਮਾਂਡ ਲੈਣ ਲਈ ਸਿਵਲ ਹਸਪਤਾਲ ’ਚ ਉਸ ਦਾ ਮੈਡੀਕਲ ਕਰਵਾਉਣ ਲਈ ਗਈ ਤਾਂ ਉਹ ਪੁਲਸ ਪਾਰਟੀ ਦੀ ਕਥਿਤ ਲਾਪ੍ਰਵਾਹੀ ਕਾਰਨ ਉਨ੍ਹਾਂ ਤੋਂ ਹੱਥ ਛੁਡਾ ਕੇ ਦੌੜ ਗਿਆ ਤਾਂ ਉਸ ਸਮੇਂ ਪੁਲਸ ਨੂੰ ਇੱਕਦਮ ਭੜਥੂ ਪੈ ਗਿਆ। ਪੁਲਸ ਪਾਰਟੀ ਨੇ ਦੌੜ ਕੇ ਪਿੱਛਾ ਕਰਦੇ ਹੋਏ ਕੁਝ ਹੀ ਦੂਰੀ ’ਤੇ ਬਣੇ ਗੁਰਮੇਲ ਸਿੰਘ ਚੀਮਾ ਪਾਰਕ ਦੇ ਕੋਲ ਉਸ ਨੂੰ ਦਬੋਚ ਲਿਆ।
ਇਸ ਸਾਰੀ ਕਾਰਵਾਈ ਦੀ ਰਿਕਾਰਡਿੰਗ ਸੀ. ਸੀ. ਟੀ. ਵੀ. ਕੈਮਰੇ ’ਚ ਵੀ ਕੈਦ ਹੋ ਗਈ ਅਤੇ ਅਚਾਨਕ ਪਹੁੰਚੀ ਪ੍ਰੈੱਸ ਟੀਮ ਨੇ ਵੀ ਉਸ ਨੂੰ ਆਪਣੇ ਕੈਮਰੇ ’ਚ ਕੈਦ ਕਰ ਲਿਆ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਸ ਹੈੱਡਕੁਆਰਟਰ ਨੂੰ ਪ੍ਰੈੱਸ ਕਾਨਫ਼ਰੰਸ ਜਲਦੀ ’ਚ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਬੁਲਾਉਣੀ ਪਈ। ਸੀ. ਸੀ. ਟੀ. ਵੀ. ਕੈਮਰੇ ਅਤੇ ਪ੍ਰੈੱਸ ਵੱਲੋਂ ਕੀਤੀ ਰਿਕਾਰਡਿੰਗ ਮੁਤਾਬਕ ਪੁਲਸ ਉਕਤ ਹੈਰੋਇਨ ਸਮੱਗਲਰ ਨੂੰ ਬਗੈਰ ਹੱਥਕੜੀ ਦੇ ਮੈਡੀਕਲ ਕਰਵਾਉਣ ਲਈ ਲੈ ਕੇ ਜਾ ਰਹੀ ਸੀ।
ਇਹ ਵੀ ਪੜ੍ਹੋ: ਭੁਲੱਥ ਹਲਕੇ ਲਈ ਮਾਣ ਦੀ ਗੱਲ: ਬੇਗੋਵਾਲ ਦੇ ਗ੍ਰੰਥੀ ਸਿੰਘ ਦਾ ਪੋਤਰਾ ਨਵਜੋਤ ਸਿੰਘ ਬਣਿਆ ਪਾਇਲਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ