ਨਵਾਂਸ਼ਹਿਰ ਜ਼ਿਲ੍ਹੇ ’ਚ ਅਪ੍ਰੈਲ ਮਹੀਨੇ ਦੌਰਾਨ 29 ਨਾਰਕੋਟਿਕ ਮੁਕੱਦਮਿਆਂ ’ਚ 36 ਦੋਸ਼ੀਆਂ ਦੀ ਗ੍ਰਿਫ਼ਤਾਰੀ

Thursday, May 25, 2023 - 05:55 PM (IST)

ਨਵਾਂਸ਼ਹਿਰ ਜ਼ਿਲ੍ਹੇ ’ਚ ਅਪ੍ਰੈਲ ਮਹੀਨੇ ਦੌਰਾਨ 29 ਨਾਰਕੋਟਿਕ ਮੁਕੱਦਮਿਆਂ ’ਚ 36 ਦੋਸ਼ੀਆਂ ਦੀ ਗ੍ਰਿਫ਼ਤਾਰੀ

ਨਵਾਂਸ਼ਹਿਰ (ਤ੍ਰਿਪਾਠੀ)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਵਰਮਾ ਨੇ ਅੱਜ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ ਸਬੰਧੀ ਅੰਤਰ ਵਿਭਾਗੀ ਤਾਲਮੇਲ ਸਬੰਧੀ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪੁਲਸ ਦੇ ਡੀ. ਐੱਸ. ਪੀ. ਗੁਰਮੁਖ ਸਿੰਘ ਨੇ ਮੀਟਿੰਗ ’ਚ ਜਾਣੂੰ ਕਰਵਾਇਆ ਕਿ ਜ਼ਿਲ੍ਹੇ ’ਚ ਅਪ੍ਰੈਲ ਮਹੀਨੇ ਦੌਰਾਨ 29 ਨਾਰਕੋਟਿਕ ਮੁਕੱਦਮੇ ਦਰਜ ਕੀਤੇ ਗਏ, ਜਿਨ੍ਹਾਂ ’ਚ 36 ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ। ਇਸ ਤੋਂ ਇਲਾਵਾ ਅਪਰੈਲ ਮਹੀਨੇ ’ਚ 31 ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਦਕਿ ਸੁਣਵਾਈ ਅਧੀਨ ਚੱਲ ਰਹੇ ਮਾਮਲਿਆਂ ’ਚ 29 ਦੋਸ਼ੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ। ਅਪ੍ਰੈਲ ਮਹੀਨੇ ਦੌਰਾਨ ਹੋਈ ਬਰਾਮਦਗੀ ’ਚ 219.5 ਗ੍ਰਾਮ ਹੈਰੋਇਨ, 22.7 ਕਿਲੋਗ੍ਰਾਮ ਅਫ਼ੀਮ, 70 ਕਿਲੋਗ੍ਰਾਮ ਡੋਡੇ ਚੂਰਾ ਪੋਸਤ, 13 ਨਸ਼ੀਲੀਆਂ ਗੋਲੀਆਂ, 2240 ਨਸ਼ੀਲੇ ਕੈਪਸੂਲ, 30 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ ਮੋਬਾਇਲ ਅਤੇ ਇਕ ਕਾਰ ਸ਼ਾਮਲ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ’ਚ ਤਸਕਰੀ ਖ਼ਿਲਾਫ਼ ਪੁਲਿਸ ਵੱਲੋਂ ਆਰੰਭੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਪਲਾਈ ਚੇਨ ਤੋੜਨ ਦੇ ਨਾਲ-ਨਾਲ ਡਿਮਾਂਡ (ਮੰਗ) ਨੂੰ ਖਤਮ ਕਰਨ ਲਈ ਯਤਨਾਂ ’ਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ, ਨਸ਼ਾ ਛੁਡਾਊ ਕੇਂਦਰਾਂ ਤੇ ਪੁਨਰਵਸੇਬਾ ਕੇਂਦਰਾਂ ’ਚ ਆਉਂਦੇ ਨਸ਼ਾ ਪੀੜਤਾਂ ਨੂੰ ਇਸ ਬੁਰਾਈ ਤੋਂ ਦ੍ਰਿੜਤਾ ਨਾਲ ਛੁਟਕਾਰਾ ਦਿਵਾਉਣ, ਉਨ੍ਹਾਂ ਦੀ ਉਚਿਤ ਕੌਂਸਲਿੰਗ, ਉਨ੍ਹਾਂ ਨੂੰ ਧਾਰਮਿਕ ਸਿਖਿਆ ਨਾਲ ਜੋਡ਼ਨ, ਰੋਜ਼ਗਾਰ ਦੀ ਮੰਗ ’ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਰੋਜ਼ਗਾਰ ਮੁਹੱਈਆ ਕਰਵਾਉਣ ਜਿਹੇ ਤਰੀਕਿਆਂ ’ਤੇ ਵੀ ਜ਼ੋਰ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋ -  ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ

ਜ਼ਿਲ੍ਹੇ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਜੋ ਕਿ ਨਸ਼ਾ ਛੁਡਾਊ ਮੁਹਿੰਮ ਦੇ ਨੋਡਲ ਅਫ਼ਸਰ ਵੀ ਹਨ ਅਤੇ ਮਨੋਰੋਗ ਮਾਹਿਰ ਡਾ. ਨਵਨੀਤ ਨੇ ਇਸ ਮੌਕੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੌਂਸਲਿੰਗ ਦੇ ਨਾਲ-ਨਾਲ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਮੁਹੱਈਆ ਕਰਵਾਏ ਜਾਂਦੇ ਇਲਾਜ ਦੀ ਨਿਗਰਾਨੀ ਵੀ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਪਰੈਲ ਮਹੀਨੇ ਜ਼ਿਲ੍ਹੇ ਦੇ ਓਟ ਸੈਂਟਰਾਂ ’ਚ 17 ਨਵੇਂ ਮਰੀਜ਼ ਦਰਜ ਕੀਤੇ ਗਏ। ਇਸੇ ਤਰ੍ਹਾਂ ਨਸ਼ਾ ਛੁਡਾਊ ਕੇਂਦਰਾਂ ਦੀ ਓ ਪੀ ਡੀ ’ਚ ਇਸ ਮਹੀਨੇ 665 ਮਰੀਜ਼ ਨਵੇਂ ਰਜਿਸਟਰ ਹੋਏ ਜਦਕਿ 47 ਮਰੀਜ਼ਾਂ ਨੇ ਦਾਖਲ ਹੋ ਕੇ ਇਲਾਜ ਕਰਵਾਇਆ। ਇਸ ਤੋਂ ਇਲਾਵਾ ਮੁੜਸਵੇਬਾ ਕੇਂਦਰ ’ਚ 13 ਨਵੇਂ ਮਰੀਜ਼ਾਂ ਨੇ ਦਾਖਲ ਹੋ ਕੇ ਨਸ਼ੇ ਤੋਂ ਤੌਬਾ ਕਰਨ ਦੀ ਦ੍ਰਿੜਤਾ ਵਿਖਾਈ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਸਮੂਹ ਮਹਿਕਮਿਆਂ ਨੂੰ ਆਪਸੀ ਤਾਲਮੇਲ ਵਧਾ ਕੇ ਜ਼ਿਲ੍ਹੇ ਨੂੰ ਨਸ਼ਾ ਮੁਕਤੀ ਵੱਲ ਲਿਜਾਣ ਲਈ ਪੁਰਜ਼ੋਰ ਯਤਨ ਕਰਨ ਲਈ ਕਿਹਾ।

ਇਹ ਵੀ ਪੜ੍ਹੋ -  ਖੇਡ ਜਗਤ 'ਚ ਛਾਈ ਸੋਗ ਦੀ ਲਹਿਰ, ਨੌਜਵਾਨ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Anuradha

Content Editor

Related News