ਮੂਹਖੋਰ ਦੀ ਬੀਮਾਰੀ ਨਾਲ ਮਰ ਰਹੇ ਹਨ ਪਸ਼ੂ, ਮਹਿਕਮੇ ਕੋਲ 1 ਸਾਲ ਤੋਂ ਨਹੀਂ ਹੈ ਵੈਕਸੀਨ
Friday, Aug 20, 2021 - 06:32 PM (IST)
ਟਾਂਡਾ ਉੜਮੁੜ (ਪੰਡਿਤ)- ਟਾਂਡਾ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਿੱਥੇ ਅਨੇਕਾਂ ਪਸ਼ੂਆਂ ਦੀ ਮੂਹਖੋਰ ਦੀ ਬੀਮਾਰੀ ਨਾਲ ਮੌਤ ਅਤੇ ਬੀਮਾਰ ਹੋਣ ਦੀਆਂ ਸੂਚਨਾਵਾਂ ਸਾਹਮਣੇ ਆਈਆਂ ਹਨ । ਉੱਥੇ ਪਸ਼ੂ ਪਾਲਣ ਮਹਿਕਮੇ ਕੋਲ ਇਸ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਪਿਛਲੇ ਵਰ੍ਹੇ ਤੋਂ ਹੀ ਵੈਕਸੀਨ ਉਪਲੱਬਧ ਨਹੀਂ ਹੈ। ਟਾਂਡਾ ਦੇ ਪਿੰਡ ਖੱਖ, ਘੁੱਲਾ, ਬਿਜਲੀ ਘਰ ਕਲੋਨੀ ਟਾਂਡਾ ਅਤੇ ਹੋਰਨਾਂ ਪਿੰਡਾਂ ਵਿੱਚ ਮੂਹਖੋਰ ਵਰਗੀ ਬਿਮਾਰੀ ਨਾਲ ਅਨੇਕਾਂ ਪਸ਼ੂਆਂ ਦੀ ਮੌਤ ਹੋਈ ਹੈ ਅਤੇ ਕਈ ਪਸ਼ੂ ਬਿਮਾਰ ਹਨ। ਹਾਲਾਂਕਿ ਮਹਿਕਮਾ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ। ਮਹਿਕਮੇ ਦੇ ਅਧਿਕਾਰੀਆਂ ਨੇ ਮੁਤਾਬਕ ਫਿਲਹਾਲ ਉਨ੍ਹਾਂ ਦੇ ਨੋਟਿਸ ਵਿੱਚ ਕਿਸੇ ਵੀ ਪਸ਼ੂਪਾਲਕ ਨੇ ਮੂਹਖੋਰ ਬੀਮਾਰੀ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ। ਜੋ ਵੀ ਕੇਸ ਉਨ੍ਹਾਂ ਦੇ ਨੋਟਿਸ ਵਿੱਚ ਆਏ ਹਨ ਉਹ 3 ਡੇ ਸਿਕਨੈੱਸ ਬਿਮਾਰੀ ਦੇ ਹਨ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਅਨਿਲ ਜੋਸ਼ੀ ਤੇ ਰਾਜ ਕੁਮਾਰ ਗੁਪਤਾ ਵਿਧਾਨ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ
ਉਧਰ ਪਸ਼ੂ ਪਾਲਕਾਂ ਨੇ ਆਖਿਆ ਕਿ ਮੂਹਖੋਰ ਦੀ ਬਿਮਾਰੀ ਨਾਲ ਮਰੇ ਉਨ੍ਹਾਂ ਦੇ ਪਸ਼ੂਆਂ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੀ ਸਕੀਮ ਤਹਿਤ ਪਿਛਲੇ ਵਰ੍ਹੇ ਜੋ ਵੈਕਸੀਨ ਆਈ ਸੀ, ਉਸ ਦੇ ਸੈਂਪਲ ਫੇਲ ਹੋ ਕਾਰਨ ਹਸਪਤਾਲ ਵਿੱਚ ਭੇਜਿਆ ਵੈਕਸੀਨ ਦਾ ਸਟਾਕ ਸੰਬੰਧਤ ਕੰਪਨੀ ਨੇ ਵਾਪਸ ਮੰਗਵਾ ਲਿਆ ਸੀ। ਹੁਣ ਲਾਪਰਵਾਹੀ ਦਾ ਆਲਮ ਇਹ ਹੈ ਕਿ ਪਿਛਲੇ ਵਰ੍ਹੇ ਅਕਤੂਬਰ ਨਵੰਬਰ ਤੋਂ ਬਾਅਦ ਅੱਜ ਤੱਕ ਮੂਹਖੋਰ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਵੈਕਸੀਨ ਨਹੀਂ ਮਿਲੀ ਜਦਕਿ ਇਸ ਬੀਮਾਰੀ ਤੋਂ ਬਚਾਉਣ ਲਈ ਮਹਿਕਮਾ ਸਾਲ ਵਿੱਚ ਦੋ ਵਾਰ ਟੀਕਾਕਰਨ ਮੁਹਿੰਮ ਚਲਾਉਂਦਾ ਹੈ। ਪਹਿਲਾਂ ਹੀ ਸਟਾਫ ਦੀ ਭਾਰੀ ਕਮੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਮਹਿਕਮਾ ਵੈਕਸੀਨ ਦੀ ਕਮੀ ਦੀ ਵੱਡੀ ਸਮੱਸਿਆ ਕਾਰਨ ਇਸ ਬਿਮਾਰੀ ਅੱਗੇ ਬੇਬੱਸ ਹੋਇਆ ਜਾਪਦਾ ਹੈ, ਜਿਸ ਕਾਰਨ ਟਾਂਡਾ ਇਲਾਕੇ ਵਿੱਚ ਹੀ ਲਗਭਗ 2500 ਦੁਧਾਰੂ ਪਸ਼ੂਆਂ ਦੇ ਪਸ਼ੂ ਪਾਲਕਾਂ ਦਾ ਵੱਡਾ ਨੁਕਸਾਨ ਹੋਣ ਦਾ ਡਰ ਹੈ।
ਇਹ ਵੀ ਪੜ੍ਹੋ: ਜਲੰਧਰ: ਟਿਫਨ ਬੰਬ ਮਿਲਣ ਦੇ ਮਾਮਲੇ 'ਚ ਐੱਨ.ਆਈ.ਏ. ਦੀ ਵੱਡੀ ਕਾਰਵਾਈ, ਜਸਬੀਰ ਰੋਡੇ ਦਾ ਪੁੱਤਰ ਗ੍ਰਿਫ਼ਤਾਰ
ਇਸ ਬਾਰੇ ਵੈਟਨਰੀ ਅਸਫ਼ਰ ਟਾਂਡਾ ਡਾ. ਦੀਪਕ ਕੁਮਾਰ ਨੇ ਦੱਸਿਆ ਕਿ ਫਿਲਹਾਲ ਟਾਂਡਾ ਇਲਾਕੇ ਵਿੱਚ ਕਿਸੇ ਪਸ਼ੂ ਪਾਲਕ ਨੇ ਉਨ੍ਹਾਂ ਦੇ ਨੋਟਿਸ ਵਿੱਚ ਇਸ ਬਿਮਾਰੀ ਬਾਰੇ ਜਾਣਕਾਰੀ ਨਹੀਂ ਲਿਆਂਦੀ, ਜੋ ਕੇਸ ਆਏ ਹਨ ਉਹ 3 ਡੇ ਸਿਕਨੈੱਸ ਬੀਮਾਰੀ ਦੇ ਹਨ, ਜਿਸ ਦੇ ਇਲਾਜ ਦੇ ਨਾਲ-ਨਾਲ ਗਲਘੋਟੂ ਦੀ ਵੈਕਸੀਨ ਵੀ ਲਗਾਈ ਜਾ ਰਹੀ ਹੈ। ਡਿਪਟੀ ਡਾਇਰੈਕਟਰ ਡਾ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਬੀਮਾਰੀ ਸੰਬੰਧੀ ਪਸ਼ੂਆਂ ਦੀ ਮੌਤ ਸੰਬੰਧੀ ਮਹਿਕਮੇ ਕੋਲ ਕੋਈ ਜਾਣਕਾਰੀ ਨਹੀਂ ਮਿਲੀ। ਇੰਨਾ ਜ਼ਰੂਰ ਹੈ ਕਿ ਬੀਮਾਰ ਪਸ਼ੂਆਂ ਵਿੱਚ ਇਸ ਦੇ ਕੁਝ ਸਥਾਨਾਂ 'ਤੇ ਲੱਛਣ ਜਰੂਰ ਪਾਏ ਗਏ। ਵੈਕਸੀਨ ਦੀ ਕਮੀ ਨੂੰ ਮੰਨਦੇ ਉਨ੍ਹਾਂ ਆਖਿਆ ਕਿ ਜਲਦ ਹੀ ਆਉਣ ਦੀ ਸੰਭਾਵਨਾ ਹੈ। ਇਹ ਸਮੱਸਿਆ ਉੱਚ ਅਧਿਕਾਰੀਆਂ ਦੇ ਨੋਟਿਸ ਵਿੱਚ ਹੈ।
ਇਹ ਵੀ ਪੜ੍ਹੋ: ਜਲੰਧਰ: ਹੁਣ ਜੇਲ੍ਹ ’ਚੋਂ ਨਵੇਂ ਨਾਂ ਨਾਲ ਚਲਾਇਆ ਜਾ ਰਿਹੈ ਸਪਾ ਸੈਂਟਰ, ਖੇਡੀ ਜਾ ਰਹੀ ਫਿਰ ਪੁਰਾਣੀ ਗੰਦੀ ਖੇਡ!